ਫ਼ਤਹਿਗੜ੍ਹ ਸਾਹਿਬ – “ਹਰਿਆਣਾ ਸਰਵਿਸ ਸਿਲੈਕਸ਼ਨ ਬੋਰਡ ਦੇ ਅਧਿਕਾਰੀਆਂ ਅਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਜੋ ਸਿੱਖ ਵਿਦਿਆਰਥੀਆਂ ਦੇ ਇਮਤਿਹਾਨ ਸਮੇਂ ਸਿੱਖੀ ਕਕਾਰਾਂ ਕੜਾ ਅਤੇ ਕਿਰਪਾਨ ਦੀ ਸਕੈਨਿੰਗ ਕਰਨ ਲਈ ਦੋ ਘੰਟੇ ਪਹਿਲੇ ਹਾਜ਼ਰ ਹੋਣ ਦੇ ਤੁਗਲਕੀ ਮੂਰਖਤਾ ਵਾਲਾ ਹੁਕਮ ਜਾਰੀ ਕੀਤੇ ਹਨ, ਇਹ ਅਮਲ ਜਮਹੂਰੀਅਤ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਅਤੇ ਸਾਨੂੰ ਇੰਡੀਆਂ ਦੇ ਵਿਧਾਨ ਰਾਹੀ ਕਿਰਪਾਨ ਪਹਿਨਣ ਦੀ ਮਿਲੀ ਧਾਰਮਿਕ ਆਜ਼ਾਦੀ ਉਤੇ ਮੰਦਭਾਵਨਾ ਦੀ ਸੋਚ ਅਧੀਨ ਹਮਲਾ ਕਰਨ ਵਾਲੀ ਅਸਹਿ ਕਾਰਵਾਈ ਹੈ ਜਿਸਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਇਸ ਲਈ ਅਜਿਹੇ ਕੀਤੇ ਗਏ ਹੁਕਮਾਂ ਨੂੰ ਤੁਰੰਤ ਵਾਪਸ ਲੈਕੇ ਵਿਧਾਨ ਦੀ ਧਾਰਾ 14 ਰਾਹੀ ਸਭਨਾਂ ਨਾਗਰਿਕਾਂ ਨੂੰ ਮਿਲੇ ਬਰਾਬਰਤਾ ਦੇ ਅਧਿਕਾਰ ਅਤੇ ਆਪਣੇ ਧਾਰਮਿਕ ਰੀਤੀ-ਰਿਵਾਜਾ ਦਾ ਬਿਨ੍ਹਾਂ ਕਿਸੇ ਡਰ-ਭੈ ਤੋਂ ਪਾਲਣ ਕਰਨ ਦੀ ਪਹਿਲੇ ਦੇ ਆਧਾਰ ਤੇ ਸੰਜ਼ੀਦਗੀ ਨਾਲ ਹੁਕਮਰਾਨ ਰੱਖਿਆ ਕਰਨ, ਨਾ ਕਿ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾ ਨੂੰ ਕੁੱਚਲਕੇ ਠੇਸ ਪਹੁੰਚਾਉਣ ਦੀ ਕਾਰਵਾਈ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖ਼ਬਾਰਾਂ ਅਤੇ ਮੀਡੀਏ ਵਿਚ ਹਰਿਆਣਾ ਦੀ ਖੱਟਰ ਮੁਤੱਸਵੀ ਸਰਕਾਰ ਵੱਲੋਂ ਹਰਿਆਣੇ ਵਿਚ ਹੋਣ ਵਾਲੇ ਵਿਦਿਆਰਥੀਆਂ ਦੇ ਇਮਤਿਹਾਨਾਂ ਵਿਚ ਬੈਠਣ ਤੋਂ ਪਹਿਲੇ ਉਨ੍ਹਾਂ ਦੇ ਧਾਰਮਿਕ ਕਕਾਰਾਂ ਕੜਾ ਅਤੇ ਕਿਰਪਾਨ ਦੀ ਸਕੈਨਿੰਗ ਕਰਨ ਅਤੇ ਉਨ੍ਹਾਂ ਨੂੰ ਦੋ ਘੰਟੇ ਪਹਿਲੇ ਆਉਣ ਦੇ ਕੀਤੇ ਗਏ ਸਾਡੀ ਧਾਰਮਿਕ ਆਜ਼ਾਦੀ ਨੂੰ ਕੁੱਚਲਣ ਵਾਲੇ ਅਮਲਾਂ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਨ੍ਹਾਂ ਤਾਨਾਸ਼ਾਹੀ ਹੁਕਮਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਤੁਰੰਤ ਵਾਪਸ ਲੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਮੁਤੱਸਵੀ ਲੋਕ ਅਜਿਹੇ ਸਿੱਖ ਕੌਮ ਵਿਰੋਧੀ ਕਾਰਵਾਈਆ ਕਰਨ ਤੋਂ ਪਹਿਲੇ ਇਹ ਵੀ ਭੁੱਲ ਜਾਂਦੇ ਹਨ ਕਿ ਬੀਤੇ ਸਮੇਂ ਵਿਚ ਜਦੋਂ ਹਿੰਦੂਆਂ ਉਤੇ ਜਾਬਰ ਹੁਕਮਰਾਨ ਅਣਮਨੁੱਖੀ ਜ਼ਬਰ ਕਰਕੇ, ਉਨ੍ਹਾਂ ਦੇ ਮੰਦਰਾਂ, ਘਰਾਂ ਨੂੰ ਲੁੱਟਕੇ ਲੈ ਜਾਂਦੇ ਸਨ, ਇਥੋਂ ਤੱਕ ਕਿ ਹਿੰਦੂ ਧੀਆਂ-ਭੈਣਾਂ ਨੂੰ ਵੀ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ, ਤਾਂ ਉਪਰੋਕਤ ਪੰਜੇ ਕਕਾਰਾਂ ਦੇ ਧਾਰਨੀ ‘ਨਿਹੰਗ ਸਿੰਘ’ ਅਤੇ ਅਮਲੀ ਜੀਵਨ ਜੀਊਣ ਵਾਲੇ ਸਿੱਖ ਹੀ ਸਨ ਜੋ ਇਨ੍ਹਾਂ ਹਿੰਦੂ ਧੀਆਂ-ਭੈਣਾਂ ਨੂੰ ਜਾਬਰਾਂ ਦੇ ਚੁੰਗਲ ਵਿਚੋਂ ਛੁਡਾਕੇ ਬਾਇੱਜ਼ਤ ਉਨ੍ਹਾਂ ਦੇ ਘਰੋਂ-ਘਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਦੇ ਰਹੇ ਹਨ । ਇਨ੍ਹਾਂ ਨੂੰ ਬੀਤੇ ਇਤਿਹਾਸ ਦੀ ਯਾਦ ਹੋਣੀ ਚਾਹੀਦੀ ਹੈ ਕਿ ਉਸ ਜ਼ਬਰ ਸਮੇਂ ਹਿੰਦੂ ਮਾਤਾਵਾਂ ਹਮਲਾ ਹੋਣ ਸਮੇਂ ਪੁਕਾਰਦੀਆ ਹੁੰਦੀਆ ਸਨ ਕਿ ‘ਬਚਾਈ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ’ ਅਤੇ ‘ਆ ਗਏ ਨਿਹੰਗ, ਬੂਹੇ ਖੋਲ੍ਹਦੋ ਨਿਸੰਗ’। ਇਸ ਉਪਰੰਤ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਦੇ ਸੰਘਰਸ਼ ਵਿਚ ਅਤੇ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਸਰਹੱਦਾਂ ਉਤੇ ਸਿੱਖ ਜਰਨੈਲਾਂ ਤੇ ਸਿੱਖ ਫੌਜਾਂ ਵੱਲੋਂ ਇਸ ਮੁਲਕ ਦੀ ਰਾਖੀ ਕਰਨ ਦੇ ਦੌਰਾਨ ਕੀਤੀਆ ਗਈਆ ਮਹਾਨ ਕੁਰਬਾਨੀਆਂ ਨੂੰ ਕੀ ਅਜਿਹੇ ਫਿਰਕੂ ਹੁਕਮਰਾਨ ਭੁੱਲ ਗਏ ਹਨ ?
ਉਨ੍ਹਾਂ ਕਿਹਾ ਕਿ ਜੇਕਰ ਖੁਦਾ ਨਾ ਕਰੇ ਕਿ ਆਉਣ ਵਾਲੇ ਸਮੇਂ ਵਿਚ ਤਾਲਿਬਾਨ ਇਥੇ ਆ ਕੇ ਇਨ੍ਹਾਂ ਦੇ ਧਾਰਮਿਕ ਭਾਵਨਾਵਾ ਨਾਲ ਸੰਬੰਧਤ ਜਨੇਊ, ਤਿਲਕ, ਹਵਨ ਅਤੇ ਬੋਦੀ ਆਦਿ ਉਤੇ ਪਾਬੰਦੀ ਲਗਾਉਣ ਦੇ ਜ਼ਬਰੀ ਹੁਕਮ ਕਰ ਦੇਣ, ਕੀ ਅਜਿਹੇ ਜਾਬਰ, ਮਨੁੱਖਤਾ ਤੇ ਧਰਮ ਵਿਰੋਧੀ ਹੁਕਮਾਂ ਨੂੰ ਉਹ ਪ੍ਰਵਾਨ ਕਰ ਲੈਣਗੇ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਅਜਿਹੀ ਕੋਈ ਰਤੀਭਰ ਵੀ ਮੰਦਭਾਵਨਾ ਨਹੀਂ ਰੱਖਦਾ, ਪਰ ਉਦਾਹਰਣ ਦੇ ਤੌਰ ਤੇ ਉਪਰੋਕਤ ਕਿਆਸ ਦਾ ਵਰਣਨ ਇਸ ਲਈ ਕੀਤਾ ਗਿਆ ਹੈ ਕਿ ਮੌਜੂਦਾ ਇੰਡੀਆਂ ਦੇ ਮੁਤੱਸਵੀ ਹੁਕਮਰਾਨ ਅਤੇ ਹਰਿਆਣਾ ਦੀ ਖੱਟਰ ਹਕੂਮਤ ਸਿੱਖ ਵਿਦਿਆਰਥੀਆਂ ਲਈ ਜਾਂ ਸਿੱਖਾਂ ਲਈ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਨਿਸ਼ਾਨਾਂ ਬਣਾਉਦੀ ਹੋਈ ਕੋਈ ਦੁੱਖਦਾਇਕ ਅਮਲ ਕਰੇ, ਉਸਨੂੰ ਸਿੱਖ ਕਤਈ ਵੀ ਨਾ ਤਾਂ ਬੀਤੇ ਸਮੇਂ ਵਿਚ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਅਜਿਹੇ ਹੁਕਮਾਂ ਨੂੰ ਪ੍ਰਵਾਨ ਕਰਾਂਗੇ। ਕਿਉਂਕਿ ਵਿਧਾਨ ਦੀ ਧਾਰਾ 25 ਰਾਹੀ ਸਿੱਖ ਕੌਮ ਨੂੰ ਇਹ ਅਧਿਕਾਰ ਹਾਸਿਲ ਹੈ ਕਿ ਉਹ ਆਪਣੇ ਇਸ ਧਾਰਮਿਕ ਚਿੰਨ੍ਹ ਨੂੰ ਪਹਿਨ ਵੀ ਸਕਦੇ ਹਨ ਅਤੇ ਆਪਣੇ ਨਾਲ ਲਿਜਾਕੇ ਕਿਸੇ ਵੀ ਸਥਾਂਨ ਤੇ ਵਿਚਰ ਵੀ ਸਕਦੇ ਹਨ । ਇਸ ਲਈ ਇੰਡੀਆਂ ਦੇ ਹੁਕਮਰਾਨ ਜਾਂ ਕੋਈ ਹੋਰ ਤਾਕਤ ਸਿੱਖ ਕੌਮ ਨੂੰ ਜਾਂ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਚਿੰਨ੍ਹ ਕਿਰਪਾਨ, ਕੜਾ ਪਹਿਨਣ ਉਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾ ਸਕਦੇ। ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਇਸ ਦਿਸ਼ਾ ਵੱਲ ਕੀਤਾ ਗਿਆ ਹੁਕਮ ਇੰਡੀਅਨ ਵਿਧਾਨ ਦੀ ਵੀ ਤੋਹੀਨ ਕਰਦਾ ਹੈ ਅਤੇ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ਨੂੰ ਵੀ ਸੱਟ ਮਾਰਦਾ ਹੈ ਜਿਸ ਤਾਨਾਸ਼ਾਹੀ ਹੁਕਮਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਸਿੱਖ ਮਨਾਂ ਤੇ ਆਤਮਾਵਾ ਨੂੰ ਪਹੁੰਚੀ ਠੇਸ ਲਈ ਹਰਿਆਣਾ ਦੀ ਖੱਟਰ ਸਰਕਾਰ ਅਤੇ ਸੰਬੰਧਤ ਹਰਿਆਣਾ ਸਰਵਿਸ ਸਿਲੈਕਸਨ ਬੋਰਡ ਦੇ ਅਧਿਕਾਰੀ ਜਨਤਕ ਤੌਰ ਤੇ ਮੁਆਫ਼ੀ ਮੰਗਣ ਤਾਂ ਕਿ ਸਿੱਖ ਕੌਮ ਵਿਚ ਉੱਠਿਆ ਰੋਹ ਸ਼ਾਂਤ ਹੋ ਸਕੇ।
ਸ. ਮਾਨ ਨੇ ਹਰਿਆਣਾ ਦੀ ਖੱਟਰ ਸਰਕਾਰ ਦੇ ਉਨ੍ਹਾਂ ਅਮਲਾਂ ਦੀ ਵੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਜਿਸ ਅਧੀਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰਿਆਣਾ ਸਟੇਟ ਦੇ ਕੈਂਥਲ ਜ਼ਿਲ੍ਹੇ ਦੇ ਪ੍ਰਧਾਨ ਸ. ਖਜਾਨ ਸਿੰਘ ਜੋ ਅਕਸਰ ਹੀ ਬਿਨ੍ਹਾਂ ਕਿਸੇ ਭੇਦਭਾਵ ਤੋਂ ਸਭ ਪੀੜ੍ਹਤ ਅਤੇ ਜ਼ਬਰ ਜੁਲਮ ਦਾ ਸਾਹਮਣਾ ਕਰਨ ਵਾਲੇ ਨਿਵਾਸੀਆ ਦਾ ਸਾਥ ਦੇ ਕੇ ਅਤੇ ਲੋੜਵੰਦਾਂ ਦੀ ਮਦਦ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਸੋਨੀਪਤ ਦੀ ਸਪੈਸਲ ਟਾਸਕ ਫੋਰਸ ਦੇ ਹੌਲਦਾਰ ਰਾਜਵੀਰ ਜਿਨ੍ਹਾਂ ਦਾ ਫੋਨ ਨੰਬਰ 8168404337 ਹੈ ਅਤੇ ਜੋ ਬੀਤੇ ਕੱਲ੍ਹ 08 ਸਤੰਬਰ ਨੂੰ ਗੱਡੀ ਨੰਬਰ ਐਚ.ਆਰ 03 ਐਕਸ 6756 ਵਿਚ ਭਾਰੀ ਫੋਰਸ ਲੈਕੇ ਸਾਡੇ ਪ੍ਰਧਾਨ ਖਜਾਨ ਸਿੰਘ ਦੇ ਗ੍ਰਹਿ ਵਿਖੇ ਦਹਿਸਤੀ ਮਾਹੌਲ ਵਿਚ ਛਾਪਾ ਮਾਰਿਆ । ਜਦੋਂਕਿ ਸ. ਖਜਾਨ ਸਿੰਘ ਨੇ ਕੋਈ ਵੀ ਗੈਰ ਕਾਨੂੰਨੀ ਅਮਲ ਨਹੀਂ ਕੀਤਾ ਹੈ । ਸਾਡੇ ਦਫ਼ਤਰ ਦੇ ਹੈੱਡਕੁਆਰਟਰ ਦੇ ਇੰਨਚਾਰਜ ਸ. ਇਕਬਾਲ ਸਿੰਘ ਟਿਵਾਣਾ ਵੱਲੋਂ ਜਦੋਂ ਸੰਬੰਧਤ ਸ੍ਰੀ ਰਾਜਵੀਰ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਉਪਰੋ ਇੰਨਕੁਆਰੀ ਆਉਣ ਦੀ ਗੱਲ ਕੀਤੀ ਜਦੋਂ ਉਨ੍ਹਾਂ ਕੋਲੋ ਇਸ ਸੰਬੰਧੀ ਕਿਸ ਕੇਸ, ਕਿਸ ਜੁਰਮ ਵਿਚ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਪੁੱਛਿਆ ਤਾਂ ਉਨ੍ਹਾਂ ਕੋਲ ਕੋਈ ਵੀ ਨਾ ਤਾਂ ਜੁਆਬ ਸੀ ਅਤੇ ਨਾ ਹੀ ਕੋਈ ਦਸਤਾਵੇਜ਼ ਦਾ ਹਵਾਲਾ । ਇਸਦਾ ਮਤਲਬ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਅਤੇ ਇਸ ਮੁਲਕ ਦੇ ਮੁਤੱਸਵੀ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿੰਮੇਵਾਰ ਅਹੁਦੇਦਾਰ ਸਾਹਿਬਾਨ ਅਤੇ ਸਿੱਖਾਂ ਨੂੰ ਬਿਨ੍ਹਾਂ ਵਜਹ ਪ੍ਰੇਸ਼ਾਨ ਕਰਨ ਦੀ ਨੀਤੀ ਉਤੇ ਅਮਲ ਕਰ ਰਹੇ ਹਨ ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਸਹਿਣ ਨਹੀਂ ਕਰੇਗਾ ।