ਗਲਾਸਗੋ/ ਕਾਰਡਿਫ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚ ਤਾਲਿਬਾਨ ਦੁਆਰਾ ਸੱਤਾ ‘ਤੇ ਕਾਬਜ਼ ਹੋਣ ਦੇ ਬਾਅਦ ਯੂਕੇ ਸਰਕਾਰ ਦੁਆਰਾ ਹਜਾਰਾਂ ਅਫਗਾਨੀ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਹੈ। ਇਸੇ ਹੀ ਸਹਾਇਤਾ ਦੇ ਤਹਿਤ ਪਹਿਲੇ ਅਫਗਾਨ ਸ਼ਰਨਾਰਥੀ ਵੇਲਜ਼ ਪਹੁੰਚੇ ਹਨ। ਇਸ ਸਬੰਧੀ ਵੇਲਜ਼ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦੇਸ਼ ਭਰ ਵਿੱਚ 50 ਅਫਗਾਨੀ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਸਹਾਇਤਾ ਕੀਤੀ ਜਾ ਰਹੀ ਹੈ। ਇਸ ਕਾਰਵਾਈ ਵਿੱਚ ਉਰਡ ਯੁਵਾ ਸੰਗਠਨ ਵੱਲੋਂ ਕੁੱਲ 230 ਅਫਗਾਨੀ ਸ਼ਰਨਾਰਥੀਆਂ ਨੂੰ ਮੁੜ ਜਿੰਦਗੀ ਦੀ ਸ਼ੁਰੂਆਤ ਕਰਨ ਲਈ ਸ਼ੁਰੂਆਤੀ ਰਿਹਾਇਸ਼ ਲਈ ਸਹਾਇਤਾ ਕੀਤੀ ਜਾ ਰਹੀ ਹੈ। ਤਾਲਿਬਾਨ ਵੱਲੋਂ ਅਫਗਾਨਿਸਤਾਨ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣ ਤੋਂ ਬਾਅਦ ਯੂਕੇ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ ਤਕਰੀਬਨ 20,000 ਅਫਗਾਨਾਂ ਨੂੰ ਮੁੜ ਵਸੇਬੇ ਦਾ ਵਾਅਦਾ ਕੀਤਾ ਹੈ। ਇਸ ਮੌਕੇ ਵੇਲਜ਼ ਦੇ ਸਮਾਜਿਕ ਨਿਆਂ ਮੰਤਰੀ ਜੇਨ ਹੱਟ ਨੇ ਕਿਹਾ ਕਿ ਵੇਲਜ਼ ਵਿੱਚ ਉਨ੍ਹਾਂ ਪਰਿਵਾਰਾਂ ਅਤੇ ਵਿਅਕਤੀਆਂ ਦਾ ਸਵਾਗਤ ਹੈ ਜਿਨ੍ਹਾਂ ਨੇ ਅਫਗਾਨਿਸਤਾਨ ਵਿੱਚ ਦੇਸ਼ ਦੀ ਸੇਵਾ ਕੀਤੀ ਹੈ।