ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਮਾਂ ਸ਼ਾਰਲੋਟ ਜੌਹਨਸਨ ਵਾਹਲ ਦਾ ਸੋਮਵਾਰ ਨੂੰ ਇੱਕ ਹਸਪਤਾਲ ਵਿੱਚ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸ਼ਾਰਲੋਟ ਦੀ ਸੋਮਵਾਰ ਨੂੰ ਪੈਡਿੰਗਟਨ ਦੇ ਸੇਂਟ ਮੈਰੀ ਹਸਪਤਾਲ ਵਿੱਚ ਅਚਾਨਕ ਅਤੇ ਸ਼ਾਂਤੀਪੂਰਵਕ ਮੌਤ ਹੋਈ। ਪ੍ਰਧਾਨ ਮੰਤਰੀ ਜੌਹਨਸਨ ਨੇ ਆਪਣੀ ਮਾਂ ਨੂੰ ਪਰਿਵਾਰ ਦੀ ਇੱਕ ਜਿੰਮੇਵਾਰ ਮੁਖੀ ਦੱਸਿਆ। ਇਸ ਦੁੱਖ ਦੀ ਘੜੀ ਵਿੱਚ ਜੌਹਨਸਨ ਨਾਲ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ, ਲੇਬਰ ਨੇਤਾ ਕੀਰ ਸਟਾਰਮਰ ਸਮੇਤ ਕਈ ਹੋਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ਾਰਲੋਟ, ਬੈਰਿਸਟਰ ਸਰ ਜੇਮਜ਼ ਫੌਸੇਟ ਦੀ ਧੀ ਸੀ, ਜੋ ਕਿ 1970 ਦੇ ਦਹਾਕੇ ਵਿੱਚ ਮਨੁੱਖੀ ਅਧਿਕਾਰਾਂ ਲਈ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਸਨ। ਉਸਨੇ ਅੰਡਰਗ੍ਰੈਜੁਏਟ ਵਜੋਂ ਡਿਗਰੀ ਪੂਰੀ ਕਰਨ ਤੋਂ ਪਹਿਲਾਂ, ਸਟੈਨਲੇ ਜੌਹਨਸਨ ਨਾਲ 1963 ਵਿੱਚ ਵਿਆਹ ਕੀਤਾ। 1979 ਵਿੱਚ ਤਲਾਕ ਲੈਣ ਤੋਂ ਪਹਿਲਾਂ ਇਸ ਜੋੜੇ ਦੇ ਚਾਰ ਬੱਚੇ – ਬੋਰਿਸ, ਪੱਤਰਕਾਰ ਰਾਚੇਲ, ਸਾਬਕਾ ਮੰਤਰੀ ਜੋਅ ਅਤੇ ਵਾਤਾਵਰਣ ਮਾਹਰ ਲਿਓ ਸਨ। ਆਪਣੇ ਤਲਾਕ ਤੋਂ ਬਾਅਦ ਦੇ ਸਾਲਾਂ ਵਿੱਚ, ਉਸਨੇ ਆਪਣੇ ਸਾਬਕਾ ਪਤੀ ਤੋਂ ਕੋਈ ਵੀ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪੇਂਟਿੰਗਸ ਵੇਚ ਕੇ ਗੁਜ਼ਾਰਾ ਚਲਾਇਆ। 1988 ਵਿੱਚ, ਉਸਨੇ ਅਮਰੀਕਨ ਪ੍ਰੋਫੈਸਰ ਨਿਕੋਲਸ ਵਾਹਲ ਨਾਲ ਵਿਆਹ ਕੀਤਾ ਅਤੇ ਨਿਊਯਾਰਕ ਚਲੀ ਗਈ ਪਰ 1996 ਵਿੱਚ ਉਸਦੀ ਮੌਤ ਤੋਂ ਬਾਅਦ ਲੰਡਨ ਵਾਪਸ ਆ ਗਈ।
ਯੂਕੇ : ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਮਾਂ ਦਾ 79 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
This entry was posted in ਅੰਤਰਰਾਸ਼ਟਰੀ.