ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਾਰੀ ਦੁਨੀਆਂ ਵਿੱਚ ਕੁੱਤਿਆਂ ਨੂੰ ਪਾਲਤੂ ਜਾਨਵਰਾਂ ਵਜੋਂ ਰੱਖਣ ਦੇ ਨਾਲ ਨਾਲ ਪੁਲਿਸ ਵਿਭਾਗ ਵੱਲੋਂ ਵੀ ਜਿਆਦਾਤਰ ਕੇਸਾਂ ਨੂੰ ਹੱਲ ਕਰਨ ਲਈ ਸਹਾਇਤਾ ਲਈ ਜਾਂਦੀ ਹੈ। ਯੂਕੇ ਪੁਲਿਸ ਵਿਭਾਗ ਵਿੱਚ ਵੀ ਖਾਸ ਸਿਖਲਾਈ ਪ੍ਰਾਪਤ ਕੁੱਤਿਆਂ ਨੂੰ ਅਪਰਾਧੀਆਂ ਨੂੰ ਕਾਬੂ ਕਰਨ ਅਤੇ ਹੋਰ ਕੇਸਾਂ ਦੀ ਜਾਂਚ ਲਈ ਵਰਤਿਆ ਜਾਂਦਾ ਹੈ। ਯੂਕੇ ਪੁਲਿਸ ਦੇ ਅਜਿਹੇ ਹੀ ਕੁੱਝ ਕੁੱਤਿਆਂ ਨੂੰ ਲੋਕਾਂ ਦੀ ਜਾਨ ਬਚਾਉਣ ਅਤੇ ਅਪਰਾਧੀਆਂ ਦਾ ਮੁਕਾਬਲਾ ਕਰਨ ਲਈ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਮੰਗਲਵਾਰ ਨੂੰ ਹੋਏ ਥਿਨ ਬਲੂ ਪਾਅ ਅਵਾਰਡਜ਼ ਦੇ ਸਮਾਗਮ ਵਿੱਚ ਪੰਜ ਸਰਵਿਸ ਕੁੱਤਿਆਂ ਨੂੰ ‘ਗੁੱਡ ਬੁਆਏ’ ਅਤੇ ‘ਗੁੱਡ ਗਰਲ’ ਦੇ ਬਹਾਦਰੀ ਇਨਾਮ ਤਹਿਤ ਮੈਡਲਾਂ ਨਾਲ ਸਨਮਾਨਿਤ ਕੀਤਾ ਹੈ। ਹਰਟਫੋਰਡਸ਼ਾਇਰ ਦੇ ਇੱਕ ਸ਼ਾਨਦਾਰ ਟਿਊਡਰ ਘਰ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਪੰਜ ਕੁੱਤਿਆਂ ਅਤੇ ਛੇ ਹੈਂਡਲਰਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਗਏ ਇਹਨਾਂ ਸਰਵਿਸ ਕੁੱਤਿਆਂ ਨੇ ਲੋਕਾਂ ਦੀ ਜਾਨ ਬਚਾਉਣ ਦੇ ਨਾਲ ਨਾਲ ਪੁਲਿਸ ਦੀ ਹੋਰ ਗੁੰਝਲਦਾਰ ਕੇਸਾਂ ਵਿੱਚ ਸਹਾਇਤਾ ਕੀਤੀ ਹੈ। ਇਸ ਸਮਾਗਮ ਦੌਰਾਨ ਥਿਨ ਬਲੂ ਪਾਅ ਫਾਊਂਡੇਸ਼ਨ ਦੇ ਸਹਿ-ਸੰਸਥਾਪਕ, ਕੀਰਨ ਸਟੈਨਬ੍ਰਿਜ ਨੇ ਦੱਸਿਆ ਕਿ ਪੂਰੇ ਯੂਕੇ ਵਿੱਚ ਲਗਭਗ 1500 ਸੇਵਾ ਵਾਲੇ ਪੁਲਿਸ ਕੁੱਤੇ ਕੰਮ ਕਰਦੇ ਹਨ ਅਤੇ ਹਰ ਰੋਜ਼ ਉਹ ਅਪਰਾਧ ਨਾਲ ਲੜਨ, ਜਾਨਾਂ ਬਚਾਉਣ ਅਤੇ ਹੋਰ ਸਹਾਇਤਾ ਲਈ ਆਪਣੇ ਪ੍ਰਬੰਧਕਾਂ ਦੇ ਨਾਲ ਕੰਮ ਕਰਦੇ ਹਨ।
ਯੂਕੇ : ਪੁਲਿਸ ਵਿਭਾਗ ਲਈ ਜਾਨਾਂ ਬਚਾਉਣ ਵਾਲੇ ਕੁੱਤਿਆਂ ਨੂੰ ਕੀਤਾ ਮੈਡਲਾਂ ਨਾਲ ਸਨਮਾਨਿਤ
This entry was posted in ਅੰਤਰਰਾਸ਼ਟਰੀ.