ਚੰਡੀਗੜ੍ਹ – ਭਾਰਤ ਦੇ ਮਰਹੂਮ ਇੰਜੀਨੀਅਰ ਸ੍ਰੀ ਐਮ. ਵਿਸ਼ਵੇਸ਼ਵਾਰਿਆ ਦੇ ਜਨਮ ਦਿਨ ਨੂੰ ਸਮਰਪਿਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਇੰਜੀਨੀਅਰ ਦਿਵਸ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਆਨਲਾਈਨ ਸਮਾਗਮ ਦੌਰਾਨ ’ਵਰਸਿਟੀ ਪ੍ਰਸ਼ਾਸਨ ਵੱਲੋਂ ਮਾਰਕਟਿੰਗ ਦੇ ਖੇਤਰ ’ਚ ਵੱਡਾ ਤਜ਼ਰਬਾ ਰੱਖਣ ਵਾਲੇ ਰਿਲਾਇੰਸ ਬੀਪੀ ਮੋਬਿਲਿਟੀ ਲਿਮਟਿਡ ਦੇ ਸੀ.ਈ.ਓ ਸ਼੍ਰੀ ਹਰੀਸ਼ ਮਹਿਤਾ ਨੂੰ ‘ਲਾਈਫ਼ ਟਾਈਮ ਅਚੀਵਮੈਂਟ’ ਐਵਾਰਡ ਨਾਲ ਨਿਵਾਜਿਆ ਗਿਆ। ਸ਼੍ਰੀ ਹਰੀਸ਼ ਮਹਿਤਾ ਇੰਡਸਟਰੀ ਵਿੱਚ ਉਪਭੋਗਤਾਵਾਂ ਦੀਆਂ ਲੋੜਾਂ ਨੂੰ ਇਨੋਵੇਟਿਵ ਮਾਰਕਟਿੰਗ ਅਤੇ ਡਿਜੀਟਲ ਤਕਨਾਲੋਜੀ ਦੇ ਨਾਲ ਹੱਲ ਕਰਨ ’ਚ ਮੁਹਾਰਤ ਰੱਖਦੇ ਹਨ ਅਤੇ ਪੈਟਰੋਲੀਅਮ ਖੇਤਰ ਦੇ ਵਿਕਾਸ ’ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਪ੍ਰੋਗਰਾਮ ‘ਕੋਵਿਡ ਵਿਰੁੱਧ ਜੰਗ ਵਿੱਚ ਹੁਨਰ ਵਿਕਾਸ ਅਤੇ ਰੁਜ਼ਗਾਰ ਲਈ ਇੰਜੀਨੀਅਰ’ ਵਿਸ਼ੇ ਬਾਬਤ ਅਹਿਮ ਵਿਚਾਰ ਚਰਚਾਵਾਂ ਹੋਈਆਂ। ਇਸ ਦੌਰਾਨ ਡਿਵੀਜ਼ਨ ਆਫ਼ ਬਿ੍ਰਟਿਸ਼ ਕਾਊਂਸਲ ਦੇ ਪ੍ਰੈਜੀਡੈਂਟ ਅਤੇ ਸਟਾਰਅੱਪਸ ਮਿਸ਼ਨ ਅਤੇ ਸਟਾਰਟਅੱਪ ਐਂਡ ਇਨੋਵੇਸ਼ਨ ਦੇ ਚੇਅਰਮੈਨ ਭਾਰਤ ਐਸ ਪਟੇਲ, ਆਈ.ਆਈ.ਟੀ ਹੈਦਰਾਬਾਦ ਦੇ ਸਾਬਕਾ ਡਾਇਰੈਕਟਰ ਡਾ. ਉਦੈ ਦੇਸਾਈ, ਸੀ.ਐਸ.ਆਈ.ਆਰ ਦੇ ਸੀਨੀਅਰ ਪਿ੍ਰੰਸੀਪਲ ਸਾਇੰਸਟਿਸਟ ਡਾ. ਵਿਪਨ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਵਾਈਸ ਚਾਂਸਲਰ ਡਾ. ਐਚ.ਬੀ ਰਾਘਵੇਂਦਰ ਉਚੇਚੇ ਤੌਰ ’ਤੇ ਹਾਜ਼ਰ ਰਹੇ।
ਇਸ ਮੌਕੇ ਪਲੇਸਮੈਂਟ ਅਤੇ ਸਵੈ-ਰੋਜ਼ਗਾਰ ਦੇ ਖੇਤਰ ’ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਇੰਜੀਨੀਅਰਿੰਗ ਖੇਤਰ ਦੇ ਵਿਦਿਆਰਥੀਆਂ ਨੂੰ ‘ਬਡਿੰਗ ਇੰਜੀਨੀਅਰ’ ਐਵਾਰਡ ਤਕਸੀਮ ਕੀਤੇ ਗਏ। ਇਸ ਐਵਾਰਡ ਅਧੀਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ 2016-20 ਬੈਚ ਦੇ ਵਿਦਿਆਰਥੀ ਦੀਪਕ ਯਾਦਵ ਨੂੰ ‘ਬਡਿੰਗ ਇੰਜੀਨੀਅਰਿੰਗ’ ਐਵਾਰਡ ਨਾਲ ਨਿਵਾਜਿਆ ਗਿਆ, ਜੋ ਵਿਸ਼ਵ ਦੀ ਨਾਮੀ ਕੰਪਨੀ ਐਮਾਜ਼ੌਨ ਵੱਲੋਂ 31.25 ਲੱਖ ਦੇ ਸਾਲਾਨਾ ਪੈਕੇਜ਼ ’ਤੇ ਨੌਕਰੀ ਲਈ ਚੁਣਿਆ ਗਿਆ ਹੈ।ਇਸੇ ਤਰ੍ਹਾਂ ਰੋਹਤਕ ਹਰਿਆਣਾ ਤੋਂ ’ਵਰਸਿਟੀ ਵਿਖੇ ਮੈਕਾਟ੍ਰਾਨਿਕਸ ਇੰਜੀਨੀਅਰਿੰਗ 2017-21 ਬੈਚ ਦੇ ਵਿਦਿਆਰਥੀ ਸ਼ਿਵਮ ਪੁਨਿਆਨੀ ਨੂੰ ਬਡਿੰਗ ਇੰਜੀਨੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਨਾਮੀ ਕੰਪਨੀ ਟ੍ਰਾਈਡੈਂਟ ’ਚ 10 ਲੱਖ ਸਾਲਾਨਾ ਤਨਖ਼ਾਹ ’ਤੇ ਪਲੇਸਮੈਂਟ ਹਾਸਲ ਕੀਤੀ ਹੈ। ਉਸਾਰੀ ਅਤੇ ਨਿਰਮਾਣ ਸਬੰਧੀ ਕੰਪਨੀ ਦੀ ਸ਼ੁਰੂਆਤ ਕਰਕੇ ਸਵੈਰੋਜ਼ਗਾਰ ਦੇ ਖੇਤਰ ’ਚ ਵਿਦਿਆਰਥੀਆਂ ਲਈ ਪ੍ਰੇਰਨਾਸਰੋਤ ਬਣੇ ਸਿਵਲ ਇੰਜੀਨੀਅਰਿੰਗ (ਬੈਚ 2017-21) ਦੇ ਵਿਦਿਆਰਥੀ ਮਾਨਿਕ ਗਰਗ ਨੂੰ ’ਬਡਿੰਗ ਇੰਜੀਨੀਅਰ ਇੰਟਰਪ੍ਰਨਿਊਰ’ ਐਵਾਰਡ ਨਾਲ ਨਿਵਾਜਿਆ ਗਿਆ।
ਸੁਚੱਜੇ ਵਿਦਿਆਰਥੀ ਨਿਰਮਾਣ ਨੂੰ ਮਹੱਤਵਪੂਰਣ ਦੱਸਦਿਆਂ ਸ਼੍ਰੀ ਹਰੀਸ਼ ਮਹਿਤਾ ਨੇ ਕਿਹਾ ਕਿ ਜੋ ਵੀ ਤੁਸੀਂ ਕਾਲਜ ਵਿੱਚ ਸਿੱਖਦੇ ਹੋ, ਇਹ ਤੁਹਾਨੂੰ ਇੱਕ ਚੰਗੀ ਬੁਨਿਆਦ ਪ੍ਰਦਾਨ ਕਰਦਾ ਹੈ ਅਤੇ ਰਸਮੀ ਸਿੱਖਿਆ ਅਤੇ ਨੌਕਰੀ ਦੇ ਤਜ਼ਰਬੇ ਦੀ ਬਜਾਏ, 80 ਫ਼ੀਸਦੀ ਤਜ਼ਰਬਾ ਗੈਰ ਰਸਮੀ ਸਿੱਖਿਆ ਦੁਆਰਾ ਹਾਸਲ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਮਾਂ ਸੀਮਤ ਹੈ, ਇਸ ਲਈ ਆਪਣੀ ਸਮਰਥਾ ਨੂੰ ਵਿਕਸਤ ਕਰਨ ਲਈ ਇਸ ਦੀ ਚੰਗੀ ਵਰਤੋਂ ਕਰੋ।ਲੋਕ ਅਤੇ ਤਜ਼ਰਬਾ ਦੋਵੇਂ ਹੀ ਸਿੱਖਣ ਦੇ ਮੁੱਖ ਸਾਧਨ ਹਨ, ਇਸ ਲਈ ਆਪਣੇ ਆਪ ’ਚ ਵਿਸ਼ਵਾਸ ਰੱਖਦੇ ਹੋਏ ਵੱਡੇ ਸੁਪਨੇ ਲੈ ਕੇ ਉਨ੍ਹਾਂ ਦੀ ਪੂਰਤੀ ਲਈ ਕੋਸ਼ਿਸ਼ ਅਤੇ ਦਿ੍ਰੜਤਾ ਕਾਇਮ ਰੱਖੋ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮਲਟੀਟਾਸਕਰ ਬਣਨਾ ਚਾਹੀਦਾ ਹੈ ਤਾਂ ਜੋ ਵਿਅਕਤੀਗਤ, ਪੇਸ਼ੇਵਰ ਅਤੇ ਪਰਿਵਾਰਕ ਟੀਚਿਆਂ ਦਾ ਤਾਲਮੇਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਲੀਡਰ ਹੋ ਤਾਂ ਤੁਹਾਨੂੰ ਸਪੱਸ਼ਟ ਵਿਚਾਰਾਂ ਦੀ ਲੋੜ ਹੈ ਤਾਂ ਜੋ ਤੁਸੀਂ ਹਾਲਾਤਾਂ ਅਨੁਸਾਰ ਤੇਜ਼ੀ ਅਤੇ ਤਰਕਸ਼ੀਲਤਾ ਨਾਲ ਫ਼ੈਸਲਾ ਲੈ ਸਕੋ। ਉਨ੍ਹਾਂ ਕਿਹਾ ਕਿ ਕਾਰਪੋਰੇਟ ਖੇਤਰ ’ਚ ਕੰਮ ਕਰਨ ਲਈ ਅਨੁਸ਼ਾਸਨ, ਸਸ਼ਕਤੀਕਰਨ, ਵਿਸ਼ਵਾਸ ਅਤੇ ਜ਼ੋਖ਼ਮ ਚੁੱਕਣ ਦੀ ਯੋਗਤਾ ਦਾ ਹੋਣਾ ਅਤਿਅੰਤ ਜ਼ਰੂਰੀ ਹੈ।
ਇਨੋਵੇਸ਼ਨ ਅਤੇ ਇਨਵੈਂਸ਼ਨ ਵਿਸ਼ੇ ’ਤੇ ਗੱਲਬਾਤ ਕਰਦਿਆਂ ਸ਼੍ਰੀ ਭਾਰਤ ਐਸ ਪਟੇਲ ਨੇ ਕਿਹਾ ਕਿ ਵਿਦਿਆਰਥੀਆਂ ਦਾ ਹੁਨਰ ਵਿਕਾਸ ਉਦਯੋਗਿਕ ਜਗਤ ਦੀ ਮੌਜੂਦਾ ਮੰਗ ਅਤੇ ਜ਼ਰੂਰਤ ਅਨੁਸਾਰ ਹੀ ਹੋਣਾ ਚਾਹੀਦਾ ਹੈ।ਅਜਿਹੀ ਸਥਿਤੀ ਵਿੱਚ ਸਾਨੂੰ ਇਹ ਸਮਝਣਾ ਪਵੇਗਾ ਕਿ ਵਿਦਿਆਰਥੀਆਂ ਲਈ ਕਿਸ ਖੇਤਰ ’ਚ ਹੁਨਰ ਵਿਕਾਸ ਜ਼ਰੂਰੀ ਹੈ, ਜੋ ਰੋਜ਼ਗਾਰ ਯੋਗਤਾ ਅਤੇ ਵਿਕਾਸ ਵਿੱਚ ਸਹਾਇਤਾ ਪ੍ਰਦਾਨ ਕਰੇਗਾ।ਉਨ੍ਹਾਂ ਕਿਹਾ ਕਿ ਕਿਸੇ ਵੀ ਟੀਚੇ ਦੀ ਪ੍ਰਾਪਤੀ ਲਈ ਕੰਮ ਪ੍ਰਤੀ ਜਨੂੰਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਸੰਕਟ ਨੂੰ ਜੀਵਨ ਦਾ ਮਾੜਾ ਪੜਾਅ ਨਹੀਂ ਸਮਝਿਆ ਜਾਣਾ ਚਾਹੀਦਾ, ਸਗੋਂ ਇਸ ਨੂੰ ਮੌਕਿਆਂ ਦੇ ਰੂਪ ’ਚ ਤਬਦੀਲ ਕਰਨਾ ਚਾਹੀਦਾ ਹੈ, ਜੋ ਹੁਨਰ ਵਿਕਾਸ ਲਈ ਮੌਕਾ ਅਤੇ ਢੁੱਕਵਾਂ ਖੇਤਰ ਪ੍ਰਦਾਨ ਕਰਦਾ ਹੈ।ਕੋਰੋਨਾ ਮਹਾਂਮਾਰੀ ਦੇ ਸੰਕਟ ਨੇ ਸਮਾਜਿਕ ਪੱਧਰ ’ਤੇ ਵੱਡੀ ਤਬਦੀਲੀ ਲਿਆਂਦੀ ਹੈ, ਇਸ ਮਹਾਂਮਾਰੀ ਦੇ ਸਮੇਂ ਵਿੱਚ ਟੈਲੀਮੈਡੀਸਨ ਵਰਗੇ ਵੱਖ-ਵੱਖ ਆਨਲਾਈਨ ਮਾਧਿਅਮਾਂ ਨੇ ਡਾਕਟਰਾਂ ਤੱਕ ਪਹੁੰਚ ਨੂੰ ਸੌਖਾਲਾ ਬਣਾਇਆ ਹੈ।ਉਨ੍ਹਾਂ ਡਿਜੀਟਲ ਟੈਲੇਂਟ ਮਾਰਕਿਟ ਨੂੰ ਇੱਕ ਮਹੱਤਵਪੂਰਨ ਕੜੀ ਦੱਸਿਆ, ਜਿਸ ਨੇ ਉਦਯੋਗ ਅਤੇ ਲੋਕਾਂ ਨੂੰ ਆਪਸ ’ਚ ਜੋੜਨ ਲਈ ਪੁਲ ਵਜੋਂ ਕੰਮ ਕੀਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਉਦੈ ਦੇਸਾਈ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਨੋਵੇਸ਼ਨ ਵੱਲ ਉਤਸ਼ਾਹਿਤ ਕਰਨ ਲਈ ਦੇਸ਼ ਦੀਆਂ ਸਰਕਾਰਾਂ ਨੂੰ ਤਕਨਾਲੋਜੀ ਅਤੇ ਇਨੋਵੇਸ਼ਨ ਦੇ ਖੇਤਰ ’ਚ ਖੋਜ ਅਤੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਦੀ ਲੋੜ ਹੈ। ਅੰਕੜਿਆਂ ਦੇ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 612 ਬਿਲੀਅਨ ਯੂ.ਐਸ ਡਾਲਰ ਦੇ ਨਿਵੇਸ਼ ਨਾਲ ਅਮਰੀਕਾ ਖੋਜ ਅਤੇ ਵਿਕਾਸ ’ਚ ਨਿਵੇਸ਼ ਕਰਨ ਸਬੰਧੀ ਸਮੁੱਚੇ ਦੇਸ਼ਾਂ ਵਿਚੋਂ ਅੱਗੇ ਹੈ ਜਦਕਿ ਚੀਨ 514 ਬਿਲੀਅਨ, ਜਪਾਨ 172 ਬਿਲੀਅਨ, ਜਰਮਨੀ 131 ਬਿਲੀਅਨ ਅਤੇ ਦੱਖਣੀ ਕੋਰੀਆ 100 ਬਿਲੀਅਨ ਯੂ.ਐਸ ਡਾਲਰ ਦਾ ਨਿਵੇਸ਼ ਕਰਕੇ 5 ਪ੍ਰਮੁੱਖ ਦੇਸ਼ਾਂ ’ਚ ਸ਼ੁਮਾਰ ਹਨ। ਉਨ੍ਹਾਂ ਕਿਹਾ ਕਿ ਖੋਜ ਅਤੇ ਵਿਕਾਸ ਦੇ ਖੇਤਰ ’ਚ ਭਾਰਤ ਕੇਵਲ 58 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ, ਜਿਸ ਨੂੰ ਭਵਿੱਖ ’ਚ ਹੋਰ ਪ੍ਰਫੁਲਿਤ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੀ ਨੌਜਵਾਨੀ ਖੋਜ ਅਤੇ ਇਨੋਵੇਸ਼ਨ ਦੇ ਖੇਤਰ ’ਚ ਅੱਗੇ ਆ ਕੇ ਚੰਗੇ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾ ਸਕੇ। ਉਨ੍ਹਾਂ ‘ਮੇਕਰ ਲੈਬਾਂ’ ਦੇ ਨਾਲ-ਨਾਲ ‘ਬ੍ਰੇਕਰ ਲੈਬਾਂ’ ਪ੍ਰਤੀ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੰਸਥਾਵਾਂ ਵਿਦਿਆਰਥੀਆਂ ਨੂੰ ਇਲੈਕਟ੍ਰੀਕਲ ਵਹੀਕਲ, ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਏ.ਆਰ ਅਤੇ ਵੀ.ਆਰ ਅਤੇ ਕਲਾਊਡ ਕੰਪਿਊਟਿੰਗ ਵਰਗੇ ਉਭਰਦੇ ਖੇਤਰਾਂ ’ਚ ਵੀ ਇਨੋਵੇਸ਼ਨ ਲਈ ਪ੍ਰੇਰਿਤ ਕਰਨ।
ਇਸ ਮੌਕੇ ਬੋਲਦਿਆਂ ਸ਼੍ਰੀ ਵਿਪਨ ਕੁਮਾਰ ਨੇ ਕਿਹਾ ਕਿ ਇੰਜੀਨੀਅਰਾਂ ਨੂੰ ਵਿਸ਼ਵ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਚੁਣੌਤੀਆਂ ਅਨੁਸਾਰ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਏ.ਆਈ, ਡਾਟਾ ਸਾਇੰਸ, ਆਈ.ਓ.ਟੀ, ਬਲਾਕਚੇਨ, ਰੋਬੋਟਿਕਸ, ਵੀ.ਆਰ, ਸਾਈਬਰ ਸੁਰੱਖਿਆ ਵਰਗੇ ਉਭਰ ਰਹੇ ਖੇਤਰ ਹਨ। ਉਨ੍ਹਾਂ ਟੈਕਨਾਲੋਜੀ ਦੇ ਖੇਤਰ ’ਚ ਪੜਾਅ ਦਰ ਪੜਾਅ ਆਈ ਕ੍ਰਾਂਤੀ ਅਤੇ ਤਬਦੀਲੀਆਂ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਬ੍ਰੇਨ ਡਰੇਨ ਨੂੰ ਮੁੱਖ ਚਣੌਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਪ੍ਰਵਾਸ ਕਰਨ ਦੇ ਬਜਾਏ ਇੰਜੀਨੀਅਰ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਉਣ ਲਈ ਅੱਗੇ ਆਉਣ।