ਜੇ ਤੂੰ ਨ੍ਹੀ ਜੰਮਦੀ ਖੌਰ੍ਹੇ ਕਿੱਥੇ, ਕਿਹੜੀ ਜੂਨੇ ਜਨਮ ਲੈਂਦਾ,
ਜੋ ਰੱਬ ਨੇ ਵੱਡੀ ਦਾਤ ਹੈ ਬਖਸ਼ੀ, ਉਹ ਮਾਂ ਸ਼ਬਦ ਕਿਸ ਨੂੰ ਕਹਿੰਦਾ,,
ਸੀ ਸੁਪਨੇ ਵੱਡੇ ਤੇਰੇ, ਰੱਬ ਨੇ ਖਬਰੇ ਕਿਉਂ ਸਭ ਰੋਲ ਦਿੱਤਾ,,
ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!
ਵਿਹੜੇ ਵਿਚਲੀ ਨਿੰਮ ਨਾਲ ਖਹਿੰਦਾ ਰਹਿੰਦਾ ਬੂਟਾ ਅਨਾਰਾਂ ਦਾ,
ਓਵੇਂ ਹੀ ਤੈਂ ਕਦੇ-ਕਦੇ ਲੜਨਾ, ਬਾਪੂ ਦਿਆਂ ਵਿਚਾਰਾਂ ਨਾਲ,
ਹੁਣ ਉਹ ਵੀ ਝਗੜੇ ਮੁੱਕ ਗਏ, ਦੱਸ ਕਿਹੜੇ ਜਾ ਨਜਿੱਠਾਂ?
ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!
ਤੈਨੂੰ ਸੋਹਣੀ ਨੂੰਹ ਲਿਆ ਕੇ ਤੇ ਤੇਰੀ ਟਹਿਲ ਟਕੋਰ ਕਰਾਉਂਦਾ ਮੈਂ,
ਦੁੱਖਾਂ ਦੀ ਗਾਗਰ ਡੋਲ੍ਹ ਕੇ ਤੇ ਖੁਸ਼ੀਆਂ ਦੀ ਭਰ-ਭਰ ਲਿਆਉਂਦਾ ਮੈਂ,
ਹੁਣ ਮੱਥਾ ਡਾਹੁਣਾ ਪੈਂਦਾ ਏ, ਆਸਾਨ ਨ੍ਹੀ ਮਿਲਦੀਆਂ ਜਿੱਤਾਂ,,
ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!
ਚੱਲ ਰੂਹ ਖੁਸ਼ ਰੱਖੀਂ ਜਿੱਥੇ ਵੀ ਐਂ, ਮੈਂ ਵੀ ਦਿਨ ਜੇ ਕੱਢ ਲੈਣੇ,
ਜਦ ਲੋੜ ਪਊ ਕੋਈ ਮੈਨੂੰ ਤੇ ਉਸ ਅੱਗੇ ਹੱਥ ਜੇ ਅੱਡ ਲੈਣੇ,
ਬੱਸ ਗਠੜੀ ਬੰਨ੍ਹ ਕੇ ਭੇਜਦੀ ਰਹੀਂ, ਦੁਆਵਾਂ ਅਤੇ ਪ੍ਰੀਤਾਂ,
ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!