ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੀ ਨੁਮਾਇੰਦਗੀ ਕਰਨ ਵਾਲੀ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵੱਲੋਂ ਪਹਿਲੇ ਪੜਾਅ ਤਹਿਤ 11 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਇਆ ‘ਫੈਪ ਸਟੇਟ ਐਵਾਰਡ-2021’ ਅਮਿੱਟ ਯਾਦਾਂ ਛੱਡਦਾ ਸਫ਼ਲਤਾਪੂਰਕ ਨੇਪਰੇ ਚੜਿਆ। ਇਹ ਐਵਾਰਡ ਸਮਾਗਮ ਭਾਰਤ ਦਾ ਪਹਿਲਾ ਮੰਚ ਸਿੱਧ ਹੋਇਆ ਜਿੱਥੇ ਬਿਨਾਂ ਕਿਸੇ ਰਜਿਸਟ੍ਰੇਸ਼ਨ ਫ਼ੀਸ ਤੋਂ ਸਕੂਲਾਂ ਦੀਆਂ 9 ਸ਼੍ਰੇਣੀਆਂ ਅਤੇ ਡਾਇਨਾਮਿਕ ਪਿ੍ਰੰਸੀਪਲਾਂ ਲਈ ਐਵਾਰਡ ਦਿੱਤੇ ਗਏ। ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੀ ਸੂਬੇ ’ਚ ਗੁਣਵੱਤਾਪੂਰਨ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਰਹੀ ਹੈ, ਜਿਸ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਵੱਲੋਂ ਸਰਾਹਿਆ ਗਿਆ ਹੈ। ਫੈਡਰੇਸ਼ਨ ਨੇ ਲਾਕਡਾਊਨ ਦੌਰਾਨ ਵੀ ਲੰਮਾ ਸੰਘਰਸ਼ ਲੜ ਕੇ ਸਕੂਲ ਸੰਸਥਾਵਾਂ, ਅਧਿਆਪਕਾਂ ਅਤੇ ਮਾਪਿਆਂ ਦੇ ਹੱਕਾਂ ਦੀ ਰਾਖੀ ਕੀਤੀ ਅਤੇ ਸਕੂਲਾਂ ਨੂੰ ਮੁੜ ਖੁਲਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਐਵਾਰਡਾਂ ਦੇ ਦੂਜੇ ਪੜਾਅ ਤਹਿਤ ਹੁਣ 2 ਅਕਤੂਬਰ 2021 ਨੂੰ ‘ਫੈਪ ਨੈਸ਼ਨਲ ਐਵਾਰਡ’ ਤਹਿਤ ਬੈਸਟ ਟੀਚਰ ਐਵਾਰਡ ਲਈ ਫੈਡਰੇਸ਼ਨ ਵੱਲੋਂ ਨੈਸ਼ਨਲ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਦੇਸ਼ ਦੀ ਨੌਜਵਾਨੀ ਨੇ ਦੇਸ਼-ਵਿਦੇਸ਼ ’ਚ ਹਰ ਖੇਤਰ ’ਚ ਨਾਮਣਾ ਖੱਟਦਿਆਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਮੂਲ ਰੂਪ ਵਿੱਚ ਕਾਰਨ ਸਕੂਲੀ ਸਿੱਖਿਆ ਦੌਰਾਨ ਕਾਬਲ ਅਧਿਆਪਕਾਂ ਦੁਆਰਾ ਰੱਖੀ ਗਈ ਮਜ਼ਬੂਤ ਬੁਨਿਆਦ ਹੁੰਦਾ ਹੈ। ਅਜਿਹੇ ’ਚ ਫੈਡਰੇਸ਼ਨ ਵੱਲੋਂ ਅਧਿਆਪਨ ਦੇ ਖੇਤਰ ’ਚ ਯੋਗ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਲਈ ‘ਸਰਬੋਤਮ ਅਧਿਆਪਕ’ ਐਵਾਰਡ ਤਕਸੀਮ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਪ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਟੀਚਰ ਐਵਾਰਡ ਲਈ 21 ਸਤੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ, ਜਿਸ ਤਹਿਤ ਫੈਡਰੇਸ਼ਨ ਦਾ ਹਰ ਇੱਕ ਮੈਂਬਰ ਸਕੂਲ ਆਪਣਾ ਇੱਕ ਸਰਬੋਤਮ ਅਧਿਆਪਕ ਨਾਮਜ਼ਦ ਕਰ ਸਕਦਾ ਹੈ ਜਦਕਿ ਪੰਜਾਬ ਦੇ ਹੋਰ ਸਕੂਲ ਜਾਂ ਕਿਸੇ ਵੀ ਐਸੋਸੀਏਸ਼ਨ ਨਾਲ ਸਬੰਧਿਤ ਸਕੂਲ ਵੀ ਸਿੱਧੇ ਤੌਰ ’ਤੇ ਇਸ ਵਿੱਚ ਭਾਗ ਲੈ ਸਕਦੇ ਹਨ। ਇਸ ਐਵਾਰਡ ਲਈ ਪੰਜਾਬ ਤੋਂ ਇਲਾਵਾ ਦੇਸ਼ ਭਰ ਦੇ ਸਕੂਲਾਂ ਲਈ ਰਜਿਸਟ੍ਰੇਸ਼ਨ ਖੋਲ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਵਾਰਡਾਂ ਦੀ ਚੋਣ ਸਬੰਧੀ ਕਾਰਜਾਂ ਦੀ ਜ਼ੁੰਮੇਵਾਰੀ ਪਹਿਲਾਂ ਦੀ ਤਰ੍ਹਾਂ ਵਿਸ਼ੇਸ਼ ਏਜੰਸੀ ਨੂੰ ਸੌਂਪੀ ਗਈ ਹੈ। ਉਕਤ ਏਜੰਸੀ ਸਾਰੀਆਂ ਅਰਜ਼ੀਆਂ ਦਾ ਨਿਰਪੱਖ ਮੁਲਾਂਕਣ ਕਰੇਗੀ ਅਤੇ ਪੁਰਸਕਾਰਾਂ ਦੇ ਜੇਤੂ ਉਮੀਦਵਾਰਾਂ ਦੀ ਪਛਾਣ ਕਰਕੇ ਫੈਡਰੇਸ਼ਨ ਨੂੰ ਐਵਾਰਡਾਂ ਲਈ ਢੁੱਕਵੀਂ ਸਿਫ਼ਾਰਿਸ਼ ਕਰੇਗੀ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਵੱਖ-ਵੱਖ ਸ਼੍ਰੇਣੀਆਂ ਅਧੀਨ ਬੈਸਟ ਸਕੂਲ, ਬੈਸਟ ਪਿ੍ਰੰਸੀਪਲ ਐਵਾਰਡ ਤਹਿਤ ਕੁੱਲ 701 ਐਵਾਰਡ ਤਕਸੀਮ ਕੀਤੇ ਗਏੇ, ਜਿਸ ’ਚ 569 ਸਕੂਲ ਐਵਾਰਡ ਅਤੇ 132 ਪਿ੍ਰੰਸੀਪਲ ਐਵਾਰਡ ਸ਼ਾਮਲ ਸਨ। ਇਸ ਦੌਰਾਨ ਬੈਸਟ ਸਕੂਲ (ਇਕੋ ਫ਼ਰੈਂਡਲੀ) ਤਹਿਤ 76, ਬੈਸਟ ਸਕੂਲ (ਕਲੀਨ ਐਂਡ ਹਾਈਜੈਨਿਕ ਵਾਤਾਵਰਣ) ਤਹਿਤ 42, ਬੈਸਟ ਸਕੂਲ (ਖੇਡ ਸਹੂਲਤਾਂ) ਅਧੀਨ 34, ਬੈਸਟ ਸਕੂਲ ਡਿਜੀਟਲ ਅਧੀਨ 10, ਬੈਸਟ ਸਕੂਲ (ਇਨਫ੍ਰਾਸਟਰੱਕਚਰ) ਅਧੀਨ 196, ਪਿ੍ਰੰਸੀਪਲ ਐਵਾਰਡ ਤਹਿਤ 132, ਬੈਸਟ ਸਕੂਲ (ਅਕੈਡਮਿਕ ਪ੍ਰਫੌਰਮੈਸ) ਤਹਿਤ 58, ਬੈਸਟ ਸਕੂਲ (ਇਨੋਵੇਟਿਵ ਟੀਚਿੰਗ) ਤਹਿਤ 42, ਬੈਸਟ ਸਕੂਲ (ਬਜ਼ਟ ਫ਼੍ਰੈਂਡਲੀ) ਤਹਿਤ 109 ਅਤੇ ਬੈਸਟ ਸਕੂਲ (ਸਪੈਸ਼ਲ ਨੀਡਸ) ਤਹਿਤ 2 ਪੁਰਸਕਾਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਐਵਾਰਡ ਦੀਆਂ ਨਾਮਜ਼ਦਗੀਆਂ, ਯੋਗਤਾ ਅਤੇ ਮਾਪਦੰਡਾਂ ਸਬੰਧੀ ਉਮੀਦਵਾਰ ਵਿਸਥਾਰਿਤ ਬਿਊਰਾ ਵੈਬਸਾਈਟ www.fapawards.in ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸੂਬੇ ’ਚ ਵਿਦਿਆ ਦੇ ਮਿਆਰ ਉਪਰ ਚੁੱਕਣ ਲਈ ਫੈਡਰੇਸ਼ਨ ਭਵਿੱਖ ’ਚ ਸਮਰਪਿਤ ਹੋ ਕੇ ਕਾਰਜ ਉਲੀਕੇਗੀ।
ਇਸ ਮੌਕੇ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸੰਜੇ ਗੁਪਤਾ, ਮੀਤ ਪ੍ਰਧਾਨ ਅਤੇ ਕਾਨੂੰਨੀ ਸਲਾਹਕਾਰ ਸੰਜੀਵ ਸੈਣੀ, ਫਾਈਨਾਂਸ ਸਕੱਤਰ ਭੁਪਿੰਦਰ ਸਿੰਘ, ਮੀਤ ਪ੍ਰਧਾਨ ਸੁਖਜਿੰਦਰ ਸਿੰਘ, ਮੀਤ ਪ੍ਰਧਾਨ ਮਨਮੋਹਨ ਸਿੰਘ ਅਤੇ ਜ਼ਿਲ੍ਹਾ ਸੰਗਰੂਰ ਤੋਂ ਅਨਿਲ ਮਿੱਤਲ ਉਚੇਚੇ ਤੌਰ ’ਤੇ ਮੌਜੂਦ ਸਨ।