ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਐਤਵਾਰ ਨੂੰ ਮੋਟਰਵੇਅ 8 (ਐੱਮ 8) ‘ਤੇ ਵਾਪਰੇ ਕਾਰ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋਣ ਦੇ ਨਾਲ 5 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਸਕਾਟਲੈਂਡ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰੇਨਫਰਿਊਸ਼ਾਇਰ ਵਿੱਚ ਜੰਕਸ਼ਨ 31 ਦੇ ਨੇੜੇ ਐਤਵਾਰ ਸਵੇਰੇ ਕਰੀਬ 5.05 ਵਜੇ ਵਾਪਰਿਆ। ਇਸ ਹਾਦਸੇ ਵਿੱਚ ਇੱਕ ਨੀਲੀ ਆਡੀ ਕਿਊ 7 ਦੁਰਘਟਨਾ ਗ੍ਰਸਤ ਹੋਈ। ਹਾਦਸੇ ਉਪਰੰਤ ਐਮਰਜੈਂਸੀ ਸੇਵਾਵਾਂ ਨੇ ਕਾਰਵਾਈ ਕਰਦਿਆਂ 27 ਸਾਲ ਦੀ ਉਮਰ ਦੇ ਦੋ ਅਤੇ 31 ਸਾਲ ਦੇ ਇੱਕ ਵਿਅਕਤੀ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨ ਦਿੱਤਾ। ਇਹਨਾਂ ਮ੍ਰਿਤਕਾਂ ਦੀ ਪਛਾਣ ਮਨਵੀਰ ਸਿੰਘ ਬਿਨਿੰਗ, ਡੇਵਿਡ ਪੇਟਨ ਤੇ ਮਾਰਕ ਡਾਊਨੀ ਵਜੋਂ ਨਸ਼ਰ ਕੀਤੀ ਗਈ ਹੈ। ਇਸਦੇ ਇਲਾਵਾ ਪੰਜ ਹੋਰ ਆਦਮੀਆਂ ਨੂੰ ਗੰਭੀਰ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਇੱਕ 35 ਸਾਲਾਂ ਵਿਅਕਤੀ ਨੂੰ ਸੜਕੀ ਆਵਾਜਾਈ ਉਲੰਘਣਾ ਦੇ ਅਪਰਾਧਾਂ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸਕਾਟਲੈਂਡ ਪੁਲਿਸ ਨੇ ਇਸ ਟੱਕਰ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਲੋਕਾਂ ਕੋਲੋਂ ਜਿਆਦਾ ਜਾਣਕਾਰੀ ਲਈ ਅਪੀਲ ਕੀਤੀ ਹੈ। ਸਕਾਟਲੈਂਡ ਪੁਲਿਸ ਦੀ ਰੋਡ ਪੁਲਿਸਿੰਗ ਯੂਨਿਟ ਦੇ ਅਧਿਕਾਰੀਆਂ ਨੇ ਇਸ ਹਾਦਸੇ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਇਸ ਸਬੰਧੀ ਕੀਤੀ ਜਾ ਰਹੀ ਪੁੱਛਗਿੱਛ ਬਾਰੇ ਦੱਸਿਆ।
ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਜਾਨ ਗੁਆ ਬੈਠਿਆ ਮਨਵੀਰ ਬਿਨਿੰਗ (ਸਪੁੱਤਰ ਸਵ: ਵਰਿੰਦਰ ਸਿੰਘ ਬਿਨਿੰਗ) ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਸੈਕਟਰੀ ਸ੍ਰ: ਨਿਰੰਜਨ ਸਿੰਘ ਬਿਨਿੰਗ ਦਾ ਪੋਤਰਾ ਸੀ। ਇਸ ਦੁੱਖ ਦੀ ਘੜੀ ਵਿੱਚ ਬਿਨਿੰਗ ਪਰਿਵਾਰ ਤੇ ਦੂਜੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ, ਮੀਤ ਪ੍ਰਧਾਨ ਮੇਲਾ ਸਿੰਘ ਧਾਮੀ, ਹਰਬੰਸ ਸਿੰਘ ਖਹਿਰਾ, ਸਕੱਤਰ ਜਸਪਾਲ ਸਿੰਘ ਖਹਿਰਾ, ਬਖਸ਼ੀਸ਼ ਸਿੰਘ ਦੀਹਰੇ, ਡਾ: ਇੰਦਰਜੀਤ ਸਿੰਘ, ਗੁਰਨਾਮ ਸਿੰਘ ਧਾਮੀ, ਕਸ਼ਮੀਰ ਸਿੰਘ ਉੱਪਲ, ਇੰਦਰਜੀਤ ਸਿੰਘ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।