ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਇੱਕ ਅਜਾਇਬ ਘਰ ਨੂੰ ਸਾਲ ਦੇ ਸਰਵੋਤਮ ਅਜਾਇਬ ਘਰ ਵਜੋਂ ਸਨਮਾਨਿਤ ਕੀਤਾ ਗਿਆ ਹੈ।ਇਸ ਅਜਾਇਬ ਘਰ ਦਾ ਨਾਮ ‘ਫਸਟਸਾਈਡ ਆਰਟ ਗੈਲਰੀ’ ਹੈ, ਜੋ ਕਿ ਏਸੇਕਸ ਦੇ ਕੋਲਚੇਸਟਰ ਵਿੱਚ ਸਥਿਤ ਹੈ। 2011 ਵਿੱਚ ਖੋਲ੍ਹੀ ਗਈ ਫਸਟਸਾਈਟ ਆਰਟ ਗੈਲਰੀ ਨੇ 10 ਸਾਲ ਬਾਅਦ, ਸਾਲ ਦੇ ਸਭ ਤੋਂ ਪ੍ਰਸਿੱਧ ਆਰਟ ਫੰਡ ਅਜਾਇਬ ਘਰ ਦਾ ਪੁਰਸਕਾਰ ਜਿੱਤਿਆ ਹੈ। ਇਸ ਲਈ ਮੰਗਲਵਾਰ ਨੂੰ ਲੰਡਨ ਦੇ ਸਾਇੰਸ ਮਿਊਜ਼ੀਅਮ ਵਿੱਚ ਇੱਕ ਸਮਾਰੋਹ ਦੌਰਾਨ ਏਸੇਕਸ ਸੰਸਥਾ ਦੀ ਡਾਇਰੈਕਟਰ ਸੈਲੀ ਸ਼ਾਅ ਨੂੰ 100,000 ਪੌਂਡ ਦਾ ਇਨਾਮ ਵੀ ਦਿੱਤਾ ਗਿਆ। ਇਸ ਆਰਟ ਗੈਲਰੀ ਦੀ ਇਸਦੇ ਸਮਾਜਿਕ ਕੰਮਾਂ ਲਈ ਸ਼ਲਾਘਾ ਕੀਤੀ ਗਈ ਹੈ, ਜਿਸ ‘ਚ ਛੁੱਟੀਆਂ ਵਿੱਚ ਬੱਚਿਆਂ ਨੂੰ ਮੁਫਤ ਸਕੂਲੀ ਭੋਜਨ ਦੇਣਾ ਅਤੇ ਆਰਟ ਪੈਕ ਭੇਜਣਾ ਸ਼ਾਮਲ ਹੈ।
ਆਰਟ ਫੰਡ ਦੇ ਨਿਰਦੇਸ਼ਕ ਜੈਨੀ ਵਾਲਡਮੈਨ ਅਨੁਸਾਰ ਇਸ ਅਜਾਇਬ ਘਰ ਨੇ ਉਮੀਦ ਤੋਂ ਵੱਧ ਕੰਮ ਕੀਤਾ ਹੈ। ਫਸਟਸਾਈਡ ਨੇ ਇਹ ਸਨਮਾਨ ਚਾਰ ਹੋਰ ਸੰਸਥਾਵਾਂ, ਐਕਸਪੀਰੀਐਂਸ ਬਾਰਨਸਲੇ, ਲੀਡਜ਼ ਵਿੱਚ ਦ ਥੈਕਰੇ ਮਿਊਜ਼ੀਅਮ ਆਫ਼ ਮੈਡੀਸਨ, ਸਕਾਟਿਸ਼ ਹਾਈਲੈਂਡਜ਼ ਦੇ ਹੈਲਮਸਡੇਲ ਵਿੱਚ ਟਾਈਮਸਪੈਨ ਅਤੇ ਆਰਟ ਡੇਰੀ -ਲੰਡਨਡੇਰੀ ਨੂੰ ਪਛਾੜ ਕੇ ਜਿੱਤਿਆ ਹੈ। ਫਸਟਸਾਈਟ ਨੇ ਦਿ ਗ੍ਰੇਟ ਬਿਗ ਆਰਟ ਪ੍ਰਦਰਸ਼ਨੀ ਦਾ ਪ੍ਰਦਰਸ਼ਨ ਵੀ ਕੀਤਾ, ਜਿਸਨੇ ਲੋਕਾਂ ਨੂੰ ਲਾਕਡਾਊਨ ਦੌਰਾਨ ਆਪਣੀ ਕਲਾਵਾਂ ਨੂੰ ਆਪਣੀਆਂ ਖਿੜਕੀਆਂ ਵਿੱਚ ਰੱਖਣ ਲਈ ਉਤਸ਼ਾਹਿਤ ਕੀਤਾ। ਜਿਕਰਯੋਗ ਹੈ ਕਿ ਆਰਟ ਫੰਡ ਸੰਸਥਾ, ਕਲਾ ਲਈ ਰਾਸ਼ਟਰੀ ਫੰਡਰੇਜ਼ਿੰਗ ਚੈਰਿਟੀ ਹੈ, ਜੋ ਕਿ ਯੂਕੇ ਭਰ ਵਿੱਚ ਕਲਾ ਦੇ ਕੰਮਾਂ ਨੂੰ ਉਤਸ਼ਾਹਿਤ ਅਤੇ ਅਜਾਇਬ ਘਰਾਂ ਦੀ ਸਹਾਇਤਾ ਲਈ ਹਰ ਸਾਲ ਲੱਖਾਂ ਪੌਂਡ ਪ੍ਰਦਾਨ ਕਰਦੀ ਹੈ।