ਹਾਲਾਤ ਕੋਈ ਵੀ ਹੋਣ ਭਾਰਤੀ ਮੀਡੀਆ ਦਾ ਇਕ ਹਿੱਸਾ ਹਮੇਸ਼ਾ ਮਨੁੱਖਤਾ ਪ੍ਰਤੀ, ਸਮਾਜ ਪ੍ਰਤੀ, ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦਾ ਰਿਹਾ ਹੈ। ਅੰਗਰੇਜ਼ ਹਕੂਮਤ ਸਮੇਂ ਲੋਕਾਂ ਅੰਦਰ ਕੌਮੀ ਚੇਤੰਨਤਾ ਅਤੇ ਦੇਸ਼ ਪਿਆਰ ਦਾ ਜਜ਼ਬਾ ਪੈਦਾ ਕਰਨ ਵਿਚ ਅਖ਼ਬਾਰਾਂ ਦੀ ਅਹਿਮ ਭੂਮਿਕਾ ਰਹੀ। ਆਜ਼ਾਦੀ ਦੀ ਲਹਿਰ ਨੂੰ ਮੁਕਾਮ ਤੱਕ ਪਹੁੰਚਾਉਣ ਵਿਚ ਭਾਰਤੀ ਅਖ਼ਬਾਰਾਂ ਨੇ ਇਤਿਹਾਸਕ ਤੇ ਯਾਦਗਾਰੀ ਯੋਗਦਾਨ ਪਾਇਆ।
1947 ਦੀ ਭੂਗੋਲਿਕ ਤੇ ਮਾਨਸਿਕ ਵੰਡ ਉਪਰੰਤ ਮੱਚੀ ਉੱਥਲ ਪੁਥਲ ਦੌਰਾਨ ਮੁੜ-ਵਸੇਬੇ ਲਈ ਮੀਡੀਆ ਨੇ ਅਗਵਾਈ ਕਰਨ ਦੀ ਸਰਾਹੁਣਯੋਗ ਕੋਸ਼ਿਸ਼ ਕੀਤੀ।
ਮੀਡੀਆ ਦੇ ਵੱਧਦੇ ਪ੍ਰਭਾਵ ਕਾਰਨ ਇਸਨੂੰ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਵੇਖਿਆ ਜਾਣ ਲੱਗਾ। ਸਮੇਂ ਨਾਲ ਭਾਰਤੀ ਮੀਡੀਆ ਲੋਕ-ਰਾਏ ਨੂੰ ਪ੍ਰਭਾਵਤ ਕਰਨ, ਬਦਲਣ ਤੱਕ ਪਹੁੰਚ ਗਿਆ। ਸਰਕਾਰਾਂ ਬਨਾਉਣ, ਡੇਗਣ ਦੀ ਚਾਹਤ ਕਰਨ ਲੱਗਾ। ਇਸ ʼਚੋਂ ਵੱਡੀ ਕਮਾਈ ਕਰਨ ਖ਼ਾਤਰ ਇਸਨੂੰ ਕਾਰੋਬਾਰ ਦਾ ਰੂਪ ਦੇਣ ਲੱਗਾ। ਇਥੋਂ ਭਾਰਤੀ ਮੀਡੀਆ ਦੇ ਇਕ ਹਿੱਸੇ ਦਾ ਨਿਘਾਰ ਆਰੰਭ ਹੋਇਆ ਅਤੇ ਦੂਸਰਾ ਹਿੱਸਾ ਸੰਤੁਲਿਤ ਪਹੁੰਚ ਅਪਣਾ ਕੇ ਚੱਲਦਿਆਂ ਸਮਾਜ ਪ੍ਰਤੀ, ਲੋਕਾਂ ਪ੍ਰਤੀ ਪ੍ਰਤੀਬੱਧ ਰਹਿੰਦਿਆਂ ਸਰਕਾਰਾਂ ਨੂੰ, ਸਿਆਸੀ ਨੇਤਾਵਾਂ ਨੂੰ ਸਵਾਲ ਕਰਨ ਤੋਂ ਪਿੱਛੇ ਨਾ ਹਟਿਆ।
ਹੁਣ ਜਦੋਂ ਭਾਰਤ ਅਨੇਕਾ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਸਮਾਜਕ, ਆਰਥਿਕ, ਧਾਰਮਿਕ, ਰਾਜਨੀਤਕ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ ਤਾਂ ਇਸ ਹਿੱਸੇ ਦੇ ਸਵਾਲ ਹੋਰ ਸੰਜੀਦਾ, ਹੋਰ ਤਿੱਖੇ ਹੋ ਗਏ ਹਨ। ਉਹ ਸੱਚ ਸਾਹਮਣੇ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ, ਸੱਚਾਈ ਨੂੰ ਖ਼ਬਰਾਂ ਦੇ ਕੇਂਦਰ ਵਿਚ ਰੱਖਦਾ ਹੈ।
ਸੱਚ ਬੋਲਣ ਵਾਲੇ ਬਹੁਤ ਸਾਰੇ ਪੱਤਰਕਾਰਾਂ ਖਿਲਾਫ਼ ਐਫ.ਆਈ.ਆਰ. ਦਰਜ ਹੋਈ ਹੈ ਅਤੇ ਬਹੁਤ ਸਾਰਿਆਂ ਨੂੰ ਆਪਣੇ ਚੈਨਲ ਛੱਡਣੇ ਪਏ ਹਨ। ਹਿੰਦੀ ਸਮੇਤ ਬਹੁਤ ਸਾਰੀਆਂ ਖੇਤਰੀ ਭਾਸ਼ਾਵਾਂ ਵਿਚ ਵੀ ਬਹੁਤ ਸਾਰੇ ਪੱਤਰਕਾਰ ਸੱਚ ਬੋਲਣ, ਸੱਚ ਲਿਖਣ, ਸੱਚ ਵਿਖਾਉਣ ਦਾ ਹੌਂਸਲਾ ਰੱਖਦੇ ਹਨ। ਜਿਸਤੋਂ ਪਤਾ ਚੱਲਦਾ ਹੈ ਕਿ ਅਜੇ ਸੱਚ ਕਹਿਣ, ਸੱਚ ਸੁਣਨ ਵਾਲੇ ਮੁੱਕੇ ਨਹੀਂ ਹਨ।
ਸਿਆਣੇ ਕਹਿੰਦੇ ਹਨ ਕਿ ਸਾਰੀਆਂ ਲੜਾਈਆਂ ਜਿੱਤਣ ਵਾਸਤੇ ਨਹੀਂ ਲੜੀਆਂ ਜਾਂਦੀਆਂ। ਕੁਝ ਦੁਨੀਆਂ ਨੂੰ ਇਹ ਦੱਸਣ ਲਈ ਲੜੀਆਂ ਜਾਂਦੀਆਂ ਹਨ ਕਿ ਕੋਈ ਅਜੇ ਵੀ ਲੜਾਈ ਦੇ ਮੈਦਾਨ ਵਿਚ ਹੈ।
ਭਾਰਤੀ ਨਿਊਜ਼ ਮੀਡੀਆ ʼਤੇ ਛਾਏ ਘਨਘੋਰ ਬੱਦਲਾਂ ਨੂੰ ਚੀਰ ਕੇ ਅਜੇ ਵੀ ਕੋਈ ਸੂਰਜੀ-ਕਿਰਨ ਆਪਣਾ ਜਲਵਾ ਵਿਖਾਉਣ ਵਿਚ ਸਫ਼ਲ ਹੋ ਹੀ ਜਾਂਦੀ ਹੈ। ਅਖ਼ਬਾਰਾਂ ਦੇ ਕੁਝ ਸੰਪਾਦਕ ਆਪਣੀਆਂ ਸੰਪਾਦਕੀਆਂ, ਕੁਝ ਕਾਲਮਨਵੀਸ ਆਪਣੇ ਕਾਲਮਾਂ, ਕੁਝ ਲੇਖਕ ਆਪਣੇ ਲੇਖਾਂ ਅਤੇ ਕੁਝ ਪੱਤਰਕਾਰ ਆਪਣੀ ਰਿਪੋਰਟਿੰਗ ਰਾਹੀਂ ਅਜਿਹੀਆਂ ਕਿਰਨਾਂ ਬਿਖੇਰ ਹੀ ਜਾਂਦੇ ਹਨ।
ਐਂਕਰ ਕੋਲ ਆਪਣੀ ਗੱਲ ਕਹਿਣ ਦੇ ਵਾਹਵਾ ਮੌਕੇ ਹੁੰਦੇ ਹਨ। ਪਰ ਉਂਗਲਾਂ ʼਤੇ ਗਿਣਨ ਜੋਗੇ ਐਂਕਰ ਹਨ ਜਿਹੜੇ ਸੱਚ ਸਾਹਮਣੇ ਲਿਆਉਂਦੇ ਹਨ। ਸਵਾਲ ਉਠਾਉਂਦੇ ਹਨ। ਸਹੀ ਨਾਲ ਖੜੋਂਦੇ ਹਨ। ਕੁਝ ਐਂਕਰ ਹਨ ਜਿਨ੍ਹਾਂ ਦਾ ਪ੍ਰੋਗਰਾਮ ਰੋਜ਼ਾਨਾ ਵੇਖਣ ਸੁਣਨ ਨੂੰ ਮਨ ਕਰਦਾ ਹੈ।
ਇਹੀ ਉਹ ਹਿੱਸਾ ਹੈ ਜਿਸਨੇ ਭਾਰਤੀ ਪੱਤਰਕਾਰੀ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਸੰਭਾਲਿਆ ਹੋਇਆ ਹੈ। ਇਮਾਨਦਾਰੀ ਅਤੇ ਸੱਚ ਨੂੰ ਜਿਊਂਦਾ ਰੱਖਿਆ ਹੈ। ਬਿਨ੍ਹਾਂ ਕਿਸੇ ਦਬਾਅ ਦੇ ਜ਼ਮੀਰ ਦੀ ਆਵਾਜ਼ ʼਤੇ ਲਿਖਦੇ ਹਨ, ਬੋਲਦੇ ਹਨ, ਵਿਖਾਉਂਦੇ ਹਨ। ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣ ਦਾ ਹੌਂਸਲਾ ਰੱਖਦੇ ਹਨ। ਪਾਠਕ ਨੂੰ, ਦਰਸ਼ਕ ਨੂੰ, ਸਰੋਤੇ ਨੂੰ ਜਵਾਬਦੇਹ ਹਨ। ਬਿਨ੍ਹਾਂ ਕਿਸੇ ਡਰ, ਬਿਨ੍ਹਾਂ ਕਿਸੇ ਪੱਖਪਾਤ ਦੇ ਸਮਾਜਕ ਮਾਨਵੀ ਨਜ਼ਰੀਏ ਤੋਂ ਆਪਣੀ ਗੱਲ ਕਹਿੰਦੇ ਹਨ, ਲਿਖਦੇ ਹਨ। ਕਿਸੇ ਦਾ ਅਕਸ ਖ਼ਰਾਬ ਕਰਨ ਲਈ ਝੂਠੇ ਬਿਆਨ ਅਤੇ ਅੰਕੜੇ ਪੇਸ਼ ਨਹੀਂ ਕਰਦੇ। ਸਰਕਾਰਾਂ ਤੋਂ, ਨੇਤਾਵਾਂ ਤੋਂ, ਅਫ਼ਸਰਸ਼ਾਹੀ ਤੋਂ, ਵੱਡੇ ਕਾਰੋਬਾਰੀਆਂ ਤੋਂ ਢੁੱਕਵੀਂ-ਲੋੜੀਂਦੀ ਦੂਰੀ ਬਣਾ ਕੇ ਰੱਖਦੇ ਹਨ। ਉਨ੍ਹਾਂ ਤੋਂ ਕੋਈ ਲਾਭ-ਲਾਹਾ ਲੈਣ ਤੋਂ ਗਰੇਜ਼ ਕਰਦੇ ਹਨ। ਕਿਸੇ ਸਿਆਸੀ ਪਾਰਟੀ ਜਾਂ ਨੇਤਾ ਦਾ ਹੱਥ-ਠੋਕਾ ਨਹੀਂ ਬਣਦੇ।
ਆਪਣੀ ਗੱਲ ਕਹਿਣ, ਲਿਖਣ ਤੋਂ ਪਹਿਲਾਂ ਪੂਰੀ ਖੋਜ-ਪੜਤਾਲ ਅਤੇ ਹੋਮ-ਵਰਕ ਕਰਦੇ ਹਨ। ਜਦ ਪੂਰਾ ਯਕੀਨ ਹੋ ਜਾਂਦਾ ਹੈ ਕਿ ਸਹੀ ਅਤੇ ਸੱਚ ਨਾਲ ਖੜੇ ਹਾਂ ਤਾਂ ਪੂਰੇ ਵਿਸ਼ਵਾਸ, ਪੂਰੇ ਭਰੋਸੇ ਨਾਲ ਆਪਣਾ ਪੱਖ ਪੇਸ਼ ਕਰਦੇ ਹਨ।
ਮੀਡੀਆ ਦਾ ਇਹ ਹਿੱਸਾ ਅਨੁਸ਼ਾਸਨ ਵਿਚ ਵਿਚਰਦਾ ਹੋਇਆ ਸਵੈ-ਜ਼ਾਬਤੇ ਅਤੇ ਮੀਡੀਆ-ਐਥਿਕਸ ਨੂੰ ਸਭ ਤੋਂ ਉੱਪਰ ਰੱਖਦਾ ਹੈ। ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਸੁਚੇਤ ਯਤਨ ਕਰਦਾ ਹੈ। ਅਹੁਦਿਆਂ ਅਤੇ ਲਾਲਚਾਂ ਤੋਂ ਦੂਰ ਰਹਿੰਦਾ ਹੋਇਆ ਪੱਤਰਕਾਰੀ ਪ੍ਰਤੀ ਪ੍ਰਤੀਬੱਧਤਾ ਬਣਾਈ ਰੱਖਦਾ ਹੈ। ਮਨੁੱਖਤਾ ਨੂੰ ਆਪਣਾ ਧਰਮ ਮੰਨਦਾ ਹੈ। ਮੀਡੀਆ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕਰਦਾ ਹੈ। ਆਪਣੇ ਖਿੱਤੇ, ਆਪਣੇ ਦੇਸ਼, ਆਪਣੇ ਲੋਕਾਂ ਦੀ ਬਿਹਤਰੀ ਉਸਦਾ ਕੇਂਦਰੀ-ਮਨੋਰਥ ਰਹਿੰਦਾ ਹੈ। ਇਹਦੇ ਲਈ ਉਹ ਸੰਘਰਸ਼ ਕਰਦਾ ਹੈ। ਆਵਾਜ਼ ਉਠਾਉਂਦਾ ਹੈ। ਸਰਕਾਰਾਂ ਨੂੰ ਸਵਾਲ ਕਰਦਾ ਹੈ। ਸਹੀ ਤੇ ਸੰਤੁਲਿਤ ਜਾਣਕਾਰੀ ਦਿੰਦਾ ਹੈ। ਦੇਸ਼ ਦੇ, ਲੋਕਾਂ ਦੇ ਬੁਨਿਆਦੀ ਮੁੱਦਿਆਂ ਅਤੇ ਭੱਖਦੇ ਮਸਲਿਆਂ ਦੀ ਗੱਲ ਕਰਦਾ ਹੈ। ਸਿਹਤ, ਸਿੱਖਿਆ, ਆਰਥਿਕਤਾ ਜਿਹੇ ਮਾਨਵੀਂ ਸਰੋਕਾਰਾਂ ਨੂੰ ਪ੍ਰਮੁੱਖਤਾ ਨਾਲ ਉਭਾਰਦਾ ਹੈ। ਪੇਡ ਨਿਊਜ਼ ਅਤੇ ਜਾਅਲੀ ਖ਼ਬਰਾਂ ਪ੍ਰਤੀ ਸੁਚੇਤ ਰਹਿੰਦਾ ਹੈ। ਸੰਵੇਦਨਸ਼ੀਲ ਮੁੱਦਿਆਂ ਨੂੰ ਜ਼ਿੰਮੇਵਾਰੀ ਨਾਲ ਪੇਸ਼ ਕਰਦਾ ਹੈ। ਨਿਯਮ-ਕਾਨੂੰਨ ਦੀ ਪਾਲਣਾ ਕਰਦਾ ਹੋਇਆ ਉਨ੍ਹਾਂ ਪ੍ਰਤੀ ਸਤਿਕਾਰ ਦੀ ਭਾਵਨਾ ਬਣਾਈ ਰੱਖਦਾ ਹੈ।
ਭਾਰਤ ਅਤੇ ਭਾਰਤੀ ਲੋਕਾਂ ਨੂੰ ਮੀਡੀਆ ਦੇ ਇਸ ਹਿੱਸੇ ʼਤੇ ਡਾਹਢਾ ਮਾਣ ਹੈ। ਇਸ ਹਿੱਸੇ ਨੇ ਹੀ ਭਾਰਤੀ ਪੱਤਰਕਾਰੀ ਨੂੰ ਜਿਊਂਦਾ ਰੱਖਿਆ ਹੋਇਆ ਹੈ। ਦੇਸ਼ ਦੀ, ਖਿੱਤੇ ਦੀ, ਲੋਕਾਂ ਦੀ ਆਵਾਜ਼ ਬਣਿਆ ਹੋਇਆ ਹੈ।