ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ) – ਬਰਮਿੰਘਮ ਵਿੱਚ ਪੁਲਿਸ ਹੱਥ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਅਧਿਕਾਰੀਆਂ ਨੇ ਹਥਿਆਰਾਂ ਲਈ ਮਾਰੇ ਛਾਪੇ ਦੌਰਾਨ ਵੱਡੀ ਮਾਤਰਾ ਵਿੱਚ ਭੰਗ ਦੇ ਪੌਦੇ ਜ਼ਬਤ ਕੀਤੇ। ਇਸ ਮਾਮਲੇ ਵਿੱਚ ਖੁਫੀਆ ਏਜੰਸੀਆਂ ਦੁਆਰਾ 3 ਨਾਬਾਲਗਾਂ ਦੁਆਰਾ ਹਥਿਆਰਾਂ ਨਾਲ ਫੋਟੋਆਂ ਖਿਚਾਉਣ ਅਤੇ ਕਾਰ ਚੋਰੀ ਕਰਨ ਦੀਆਂ ਧਮਕੀਆਂ ਦੀ ਸੂਚਨਾ ਪ੍ਰਾਪਤ ਹੋਣ ਦੇ ਬਾਅਦ ਬਰਮਿੰਘਮ ਈਸਟ ਨੇਬਰਹੁੱਡ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਵੈਸਟ ਮਿਡਲੈਂਡਜ਼ ਪੁਲਿਸ ਦੀ ਟੈਕਟੀਕਲ ਸਪੋਰਟ ਟੀਮ ਅਤੇ ਨੇੜਲੇ ਅਫਸਰ ਦੇ ਨਾਲ ਕੰਮ ਕਰਦੇ ਹੋਏ ਮੰਗਲਵਾਰ (21 ਸਤੰਬਰ) ਸਵੇਰੇ 6 ਵਜੇ ਏਰਡਿੰਗਟਨ ‘ਚ ਸਟਾਕਲੈਂਡ ਗ੍ਰੀਨ ਖੇਤਰ ਵਿੱਚ ਮਾਰਸ਼ ਹਿੱਲ ਵਿਖੇ ਇੱਕ ਘਰ ਵਿੱਚ ਛਾਪੇਮਾਰੀ ਕੀਤੀ।
ਇਸ ਪਤੇ ‘ਤੇ ਪੁਲਿਸ ਨੂੰ ਵੱਡੇ ਚਾਕੂ, ਏਅਰ ਰਾਈਫਲ ਆਦਿ ਹਥਿਆਰ ਮਿਲੇ ਜਦਕਿ ਇਸ ਸਬੰਧੀ ਜਾਂਚ ਅਧੀਨ ਕੋਈ ਗ੍ਰਿਫਤਾਰੀ ਨਹੀਂ ਹੋਈ। ਪਰ ਇਸੇ ਦੌਰਾਨ ਨੇੜਲੇ ਇੱਕ ਹੋਰ ਘਰ ਵਿੱਚੋਂ ਦੋ ਸ਼ੱਕੀ ਵਿਅਕਤੀਆਂ ਨੂੰ ਭੱਜਦੇ ਦੇਖ ਕਾਬੂ ਕੀਤਾ ਗਿਆ ਅਤੇ ਉਹਨਾਂ ਦੇ ਘਰ ਵਿੱਚੋਂ ਤਕਰੀਬਨ 100,000 ਪੌਂਡ ਦਾ ਇੱਕ ਵਿਸ਼ਾਲ ਭੰਗ ਦਾ ਫਾਰਮ ਬਰਾਮਦ ਕੀਤਾ ਗਿਆ। ਇਸ ਸਬੰਧ ਵਿੱਚ 22 ਅਤੇ 29 ਸਾਲ ਦੇ ਦੋ ਪੁਰਸ਼ਾਂ ‘ਤੇ ਭੰਗ ਉਤਪਾਦਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਦੋਵਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।