ਹਰਬੰਸ ਸਿੰਘ ਸੰਧੂ,
“ਪਵਣੁ ਗੁਰੂ ਪਾਣੀ ਪਿਤਾ” ਗੁਰਬਾਣੀ ਦੇ ਪਵਿੱਤਰ ਸਲੋਕ ਵਿੱਚ ਦਰਜ ਕਰਕੇ ਸਾਨੂੰ ਵਾਤਾਵਰਨ ਨੂੰ ਸੰਭਾਲਣ ਦੀ ਹਦਾਇਤ ਕੀਤੀ ਸੀ ਪਰ ਨਾ ਅਸੀਂ ਪੰਜਾਬੀਆਂ ਅਤੇ ਨਾ ਹੀ ਪੂਰੇ ਸੰਸਾਰ ਨੇ ਇਸ ਤੇ ਅਮਲ ਕੀਤਾ। ਹਾਲਤ ਅੱਜ ਇਹ ਬਣ ਗਈ ਹੈ ਕਿ ਸਾਨੂੰ ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ, ਸਾਹ ਲੈਣ ਲਈ ਸ਼ੁੱਧ ਹਵਾ ਨਹੀਂ ਮਿਲ ਰਹੀ ਅਤੇ ਖਾਣ ਲਈ ਸ਼ੁੱਧ ਖੁਰਾਕ ਨਹੀਂ ਮਿਲ ਰਹੀ। ਇਹਨਾਂ ਕਾਰਨਾਂ ਕਰਕੇ ਮਨੁੱਖ ਦੀ ਔਸਤ ਉਮਰ ਘਟ ਰਹੀ ਹੈ । IPCC (inter governmental penal for climate changes) ਦੀ ਰਿਪੋਰਟ ਅਨੁਸਾਰ, ਪ੍ਰਦੂਸ਼ਣ ਕਾਰਨ ਮਨੁੱਖ ਦੀ ਔਸਤ ਉਮਰ 9 ਸਾਲ ਘਟ ਗਈ ਹੈ। ਸੂਝਵਾਨਾਂ ਦੇ ਇਕੱਠ ਵਿੱਚ ਮੈਂ ਸੰਸਾਰ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਬਾਰੇ ਪੁੱਛਿਆ। ਜਵਾਬ ਵਿੱਚ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਕਾਰਪੋਰੇਟ ਅਤੇ ਰਾਜਨੀਤੀ ਵਰਗੇ ਵਿਸ਼ੇ ਘੁੰਮਦੇ ਰਹੇ ਪਰ ਵਾਤਾਵਰਨ ਪ੍ਰਦੂਸ਼ਣ ਸਾਡੇ ਲੋਕਾਂ ਨੂੰ ਅਜੇ ਤੱਕ ਵੱਡੀ ਸਮੱਸਿਆ ਨਹੀਂ ਜਾਪਦੀ। ਇਸ ਲੇਖ ਰਾਹੀਂ ਮੈਂ ਪਾਠਕਾਂ ਨੂੰ ਇਸ ਬਾਰੇ ਸੁਚੇਤ ਕਰਨ ਦਾ ਉਪਰਾਲਾ ਕਰਾਂਗਾ।
ਮਹਾਨ ਵਿਗਿਆਨੀ ਸਟੀਫਨ ਹਾਕਨਜ਼ ਅਨੁਸਾਰ, ਪ੍ਰਦੂਸ਼ਣ ਕਾਰਨ ਧਰਤੀ ਦੀ ਉਮਰ ਇਕ ਹਜ਼ਾਰ ਸਾਲ ਤੋਂ ਵੱਧ ਨਹੀ ਹੋ ਸਕਦੀ। IPCC ਦੀ ਰਿਪੋਰਟ ਅਨੁਸਾਰ ਆਉਂਦੇ ਵੀਹ ਸਾਲਾਂ ਤੱਕ ਵਾਤਾਵਰਣ ਦਾ ਤਾਪਮਾਨ ਵਧ ਜਾਣ ਤੇ, ਗਲੋਬਲ ਵਾਰਮਿੰਗ ਕਾਰਨ ਸੰਸਾਰ ਦੇ ਅਨੇਕਾਂ ਸ਼ਹਿਰ ਵਧੇਰੇ ਬਰਫ ਨਿਗਲਣ ਕਰਕੇ, ਪਾਣੀ ਵਿੱਚ ਡੁੱਬ ਜਾਣਗੇ। ਹਵਾ ਏਨੀ ਪ੍ਰਦੂਸ਼ਤ ਹੋ ਜਾਵੇਗੀ ਕੇ ਅਸੀ ਖੁੱਲ੍ਹੇ ਵਿੱਚ ਸਾਹ ਨਹੀਂ ਲੈ ਸਕਾਂਗੇ। ਸਾਹ ਲਈ ਸਾਨੂੰ ਕੋਈ ਬਣਾਉਟੀ ਪ੍ਰਬੰਧ ਕਰਨਾ ਪਵੇਗਾ। ਧਰਤੀ ਦਾ ਤਾਪਮਾਨ 50*ਚ ਤੱਕ ਪਹੁੰਚਣਾ ਆਮ ਗੱਲ ਹੋਵੇਗੀ। ਏਨਾ ਤਾਪਮਾਨ ਅਤੇ ਪ੍ਰਦੂਸ਼ਣ ਕਾਰਨ ਧਰਤੀ ਮਨੁੱਖ ਅਤੇ ਜੀਵ ਜੰਤੂਆਂ ਲਈ ਰਹਿਣ ਯੋਗ ਨਹੀਂ ਹੋਵੇਗੀ। ਵਾਤਾਵਰਨ ਪ੍ਰਦੂਸ਼ਣ ਏਨੀ ਵੱਡੀ ਸਮੱਸਿਆ ਹੋਣ ਦੇ ਬਾਵਜੂਦ ਇਹ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਜਾਪਦੀ ਅਤੇ ਵੱਡੀ ਗਿਣਤੀ ਆਬਾਦੀ ਇਸ ਪ੍ਰਤੀ ਬੇਖਬਰ ਹੈ। ਸਾਡੀ ਸੋਚ ਨੂੰ ਸਿਰਫ ਰਾਜਨੀਤੀ, ਫੈਸ਼ਨ ਪ੍ਰਸਤੀ, ਫਿਲਮ ਅਤੇ ਹੋਰ ਮਨ ਪ੍ਰਚਾਵੇ ਦੇ ਸਾਧਨਾਂ ਤੱਕ ਸੀਮਤ ਰੱਖਿਆ ਹੋਇਆ ਹੈ। ਸਰਕਾਰ ਦਾ ਇਸ ਦਿਸ਼ਾ ਵਿੱਚ ਸਭ ਤੋਂ ਪਹਿਲਾ ਫਰਜ ਇਹ ਬਣਦਾ ਹੈ ਕਿ ਉਹ ਲੋਕਾਂ ਨੂੰ ਸੱਚੇ ਦਿਲੋਂ ਇਸ ਪ੍ਰਤੀ ਸੁਚੇਤ ਕਰੇ। ਹਰੇਕ ਪ੍ਰੋਗਰਾਮ ਦੀ ਅਗਵਾਈ ਸਰਕਾਰ ਅਤੇ ਧਾਰਮਿਕ ਆਗੂਆਂ ਵੱਲੋ ਕੀਤੀ ਜਾਣੀ ਚਾਹੀਦੀ ਹੈ। ਇਕੱਲੇ ਸਰਕਾਰ ਦੇ ਯਤਨ ਕਦੀ ਵੀ ਵੱਡੇ ਸਿਟੇ ਨਹੀਂ ਕੱਢ ਸਕਦੇ। ਜਿੰਨੀ ਲੋੜ ਸਰਕਾਰ ਦੀ ਅਗਵਾਈ ਦੀ ਹੈ ਓਨੀ ਹੀ ਵੱਡੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ।
“ਅਰਬਦ ਨਰਬਦ ਧੁੰਦੂਕਾਰਾ” ਪਵਿਤਰ ਗੁਰਬਾਣੀ ਅਨੁਸਾਰ ਅਤੇ ਵਿਗਿਆਨ ਦੀ ਬਿਗ ਬੈਂਗ, ਬਲੈਕ ਹੋਲ ਥੀਊਰੀ ਅਨੁਸਾਰ ਧਮਾਕੇ ਤੋ ਬਾਅਦ, ਕਰੋੜਾਂ ਸਾਲ ਪਹਿਲਾਂ ਸੂਰਜ ਮੰਡਲ ਅਤੇ ਧਰਤੀ ਹੋਂਦ ਵਿੱਚ ਆਈ। ਲੱਖਾਂ ਸਾਲਾਂ ਬਾਅਦ ਧਰਤੀ ਤੇ ਜੀਵਨ ਦੇ ਲੱਛਣ ਨਜਰ ਆਏ। ਹੋਰ ਲੱਖਾਂ ਸਾਲਾਂ ਬਾਅਦ ਧਰਤੀ ਦੀ ਸਾਰੀ ਬਨਸਪਤੀ ਅਤੇ ਜੀਵ ਜੰਤੂ ਬਣੇ।
ਧਰਤੀ ‘ਤੇ ਬਨਸਪਤੀ ਅਤੇ ਜੀਵ ਜੰਤੂਆਂ ਦਾ ਸੁੰਦਰ ਸੰਗਠਨ ਲੱਖਾਂ ਸਾਲਾਂ ਤੋਂ ਚੱਲ ਰਿਹਾ ਹੈ। ਕੁਦਰਤ ਨੇ ਹਰ ਜੀਵ ਜੰਤੂ ਅਤੇ ਬਨਸਪਤੀ ਨੂੰ ਇਕ ਦੂਜੇ ‘ਤੇ ਨਿਰਭਰ ਅਤੇ ਇਕ ਦੂਜੇ ਦਾ ਪੂਰਕ ਬਣਾਇਆ ਹੈ। ਕੁਦਰਤ ਦੇ ਅਸੂਲ ਅਨੁਸਾਰ ਕਿਸੇ ਨੂੰ ਵੀ ਕੁਦਰਤੀ ਸੰਤੁਲਨ ਵਿਗਾੜਨ ਦੀ ਆਗਿਆ ਨਹੀਂ ਹੈ। ਪਰ ਧਰਤੀ ਦੇ ਸਭ ਤੋਂ ਜਿਆਦਾ ਸੂਝ ਬੂਝ ਰੱਖਣ ਵਾਲੇ ਇਨਸਾਨ ਨੇ ਕੁਦਰਤ ਦੇ ਨਿਯਮਾਂ ਦੀ ਪਰਵਾਹ ਨਹੀਂ ਕੀਤੀ ਅਤੇ ਇਸ ਦੇ ਸੰਤੁਲਨ ਨੂੰ ਵਿਗਾੜਨ ਦਾ ਹਰ ਉਪਰਾਲਾ ਕੀਤਾ ਹੈ। ਵਿਕਾਸ ਦੇ ਨਾਮ ਤੇ, ਮਨੁੱਖ ਦੇ ਜੀਵਨ ਨੂੰ ਆਰਾਮਦਾਇਕ ਬਣਾਉਣ ਲਈ ਧਰਤੀ, ਸਮੁੰਦਰ ਅਤੇ ਵਾਯੂਮੰਡਲ ਨੂੰ ਹਰ ਢੰਗ ਨਾਲ ਪਲੀਤ ਕੀਤਾ ਹੈ। ਵਿਕਾਸ ਅਤੇ ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਕਾਰਪੋਰੇਟ ਨੇ ਵਿਗਿਆਨ ਅਤੇ ਤਕਨੀਕ ਨੂੰ ਮਨੁੱਖ ਦੀ ਭਲਾਈ ਲਈ ਵਰਤਣ ਦੇ ਉਲਟ, ਇਸ ਨੂੰ ਮਨੁੱਖ ਦੀ ਬਰਬਾਦੀ ਲਈ ਵਰਤਿਆ ਹੈ।
ਆਮ ਤੌਰ ਤੇ ਇਕ ਲੱਖ ਸਾਲ ਤੋਂ ਬਾਅਦ ਧਰਤੀ ਦਾ ਤਾਪਮਾਨ 1*c ਵਧਦਾ ਹੈ। ਮਨੁੱਖ ਨੇ ਵਿਕਾਸ ਦੇ ਨਾਮ ਉਪਰ ਕਾਰਖਾਨਿਆਂ ਰਾਹੀਂ, ਆਧੁਨਿਕ ਖੇਤੀ ਦੇ ਸੰਕਲਪ, ਸਾਡੇ ਫੈਸ਼ਨ ਬਰੈਂਡਾਂ ਰਾਹੀਂ, ਯੁਧ ਸਮੱਗਰੀ ਦੀ ਤਿਆਰੀ, ਨਿਉਕਲੀ ਵਿਸਫੋਟਾਂ ਦੁਆਰਾ, ਆਵਾਜਾਈ ਦੇ ਆਧੁਨਿਕ ਸਾਧਨਾਂ ਨਾਲ, ਪਲਾਸਟਿਕ, ਸੀਮਿੰਟ, ਦਵਾਈਆਂ, ਬਿਲਡਿੰਗ ਇੰਡਸਟਰੀ ਅਤੇ ਹੋਰ ਅਨੇਕਾਂ ਢੰਗਾਂ ਨਾਲ ਵਾਤਾਵਰਣ ਨੂੰ ਬਰਬਾਦ ਕੀਤਾ ਹੈ। ਇਹਨਾਂ ਸਾਰਿਆਂ ਕਾਰਨਾਂ ਕਰਕੇ ਕਾਰਬਨ ਇਮਿਸ਼ਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਕਾਰਬਨ ਇਮਿਸ਼ਨ ਨੂੰ ਘਟਾਉਣ ਲਈ ਸੰਸਾਰ ਪੱਧਰ ਤੇ ਅਨੇਕਾਂ ਸੰਮੇਲਨ ਹੋ ਚੁੱਕੇ ਹਨ ਅਤੇ ਹੁੰਦੇ ਰਹਿਣਗੇ। ਹਰ ਸੰਮੇਲਨ ਵਿਚ ਕਾਰਬਨ ਇਮਿਸ਼ਨ ਘਟਾਉਣ ਲਈ ਮਿਆਦ ਫਿਕਸ ਕੀਤੀ ਜਾਂਦੀ ਹੈ ਪਰ ਕੋਈ ਵੀ ਦੇਸ਼ ਇਸ ਦਿਸ਼ਾ ਵਿੱਚ ਪੂਰਾ ਉਤਰਦਾ ਨਜਰ ਨਹੀਂ ਆਉਂਦਾ। ਹਰ ਸੰਮੇਲਨ ਵਿਚ ਫਿਕਸ ਕੀਤੀ ਮਿਆਦ ਨੂੰ ਹੋਰ ਅੱਗੇ ਵਧਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਦੁਨੀਆਂ ਦੇ ਸਭ ਤੋਂ ਵੱਧ ਕਾਰਬਨ ਇਮਿਸ਼ਨ ਵਾਲੇ 20 ਦੇਸ਼, ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ, ਵੱਲੋਂ ਹਰ ਵਾਰ ਮਿਆਦ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ। ਸਮੁੰਦਰੀ ਪਾਣੀ ਨੂੰ ਅਸੀਂ ਅਨੇਕਾਂ ਢੰਗਾਂ ਨਾਲ ਪਲੀਤ ਕਰ ਦਿੱਤਾ ਹੈ। ਇਸ ਨਾਲ ਸਮੁੰਦਰੀ ਜੀਵਨ ਖਤਰੇ ਵਿੱਚ ਹੈ। ਮਾਈਨਿੰਗ ਰਾਹੀਂ ਅਸੀਂ ਧਰਤੀ ਦੀ ਅੰਦਰਲੀ ਤਹਿ ਨੂੰ ਖੁਰਚ ਲਿਆ ਹੈ, ਧਰਤੀ ਦੇ ਤਲ ਨੂੰ ਅਸੀਂ ਧਰਤੀ ਹੇਠਲੇ ਪਾਣੀ ਦੀ ਬੇਥਾਹ ਵਰਤੋਂ ਕਰਕੇ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਇਸ ਦੀ ਸੋਖਣ ਸਮਰਥਾ ਨੂੰ ਬਰਬਾਦ ਕਰ ਦਿੱਤਾ ਹੈ। ਧਰਤੀ ਦੇ ਉਪਰਲੇ ਵਾਯੂਮੰਡਲ ਨੂੰ ਅਸੀਂ ਨਿਉਕਲੀ ਧਮਾਕਿਆਂ ਅਤੇ ਕਾਰਬਨ ਇਮਿਸ਼ਨ ਰਾਹੀਂ ਕਈ ਵੱਡੇ ਮੁਘੋਰਿਆਂ ਵਿੱਚ ਬਦਲ ਦਿੱਤਾ ਹੈ । ਆਸਟ੍ਰੇਲੀਆ, ਜਿਸ ਦੀ ਸਾਫ ਸੁਥਰੀ ਹਵਾ ਨੂੰ ਸਲੈਡਰਾਂ ਵਿੱਚ ਭਰ ਕੇ, ਬਾਹਰਲੇ ਦੇਸ਼ਾਂ ਵਿਚ ਵੇਚਿਆ ਜਾਂਦਾ ਸੀ, ਹੁਣ ਏਥੇ ਵੀ ਵਾਯੂਮੰਡਲ ਦੇ ਮੁਘੋਰਿਆਂ ਕਾਰਨ, ਆਸਟ੍ਰੇਲੀਆ ਵਿਚ ਦੁਨੀਆਂ ਭਰ ਤੋਂ ਵੱਧ ਚਮੜੀ ਦੇ ਕੈਂਸਰ ਦੇ ਮਰੀਜ ਹਨ। ਧਰਤੀ, ਸਮੁੰਦਰ ਅਤੇ ਜੰਗਲ ਸਭ ਤੋਂ ਵੱਧ ਪ੍ਰਦੂਸ਼ਣ ਨੂੰ ਸੋਖਣ ਵਾਲੇ ਸਾਧਨ ਹਨ। ਧਰਤੀ ਅਤੇ ਸਮੁੰਦਰ ਦੀ ਸੋਖਣ ਸਮਰਥਾ ਅਸੀਂ ਖਤਮ ਕਰ ਦਿੱਤੀ ਹੈ। ਜੰਗਲ ਕੱਟ ਕੇ ਅਸੀ ਤੀਸਰੇ ਕੁਦਰਤੀ ਸਾਧਨ ਨੂੰ ਵੀ ਬਰਬਾਦ ਕਰ ਦਿੱਤਾ। ਕਾਰਬਨ ਇਮਿਸ਼ਨ ਘਟਾਉਣ ਲਈ ਸਾਰੇ ਦੇਸ਼ਾਂ ਨੂੰ UN ਵੱਲੋਂ ਪਾਬੰਦ ਕਰਨਾ ਬਣਦਾ ਹੈ। ਮਨੁੱਖੀ ਭਲਾਈ ਵਾਲੇ ਕੰਮਾਂ ਵਿਚੋਂ ਵੀਟੋ ਪਾਵਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਵੱਧ ਤੋਂ ਵੱਧ ਦਰੱਖਤ ਲਗਾ ਕੇ ਪ੍ਰਦੂਸ਼ਣ ਕਣਾਂ ਨੂੰ ਸੌਖਿਆ ਜਾਣਾ ਚਾਹੀਦਾ ਹੈ। ਆਪਣੇ ਘਰ ਵਿੱਚ ਦਸ ਦਰਖਤ ਲਗਾ ਕੇ ਅਸੀ ਆਪਣੀ ਔਸਤ ਉਮਰ ਵਿੱਚ ਸੱਤ ਸਾਲ ਦਾ ਵਾਧਾ ਕਰ ਸਕਦੇ ਹਾਂ। ਇਕ ਦਰਖਤ ਸਲਾਨਾ 20kg ਧੂੜ ਦੇ ਕਣ, 70kg ਕਾਰਬਨ ਕਣ 85kg ਮਰਕਰੀ, ਲੀਥੀਅਮ, ਨਿਕਲ, ਕੈਡਮੀਅਮ ਅਤੇ ਸਿਲੀਕਾਨ ਵਰਗੇ ਜ਼ਹਿਰੀਲੇ ਕਣ ਸੋਖਣ ਦੀ ਸਮਰਥਾ ਰੱਖਦਾ ਹੈ। ਬੂਟੇ ਸਾਡੇ ਦੁਆਰਾ ਛੱਡੀ ਗਈ ਕਾਰਬਨ ਡਾਇਆਕਸਾਈਡ ਨੂੰ ਲੈ ਕੇ ਸਾਰੇ ਜੀਵਾਂ ਨੂੰ ਜੀਵਨ ਦਾ ਆਧਾਰ ਆਕਸੀਜਨ ਦਿੰਦੇ ਹਨ। ਵਾਤਾਵਰਨ ਪ੍ਰਦੂਸ਼ਣ ਸਾਨੂੰ ਫਿਰ ਆਈਸ ਯੁੱਗ ਵੱਲ ਲੈ ਜਾਵੇਗਾ। ਸਲਫਰ ਅਤੇ ਨਾਈਟ੍ਰੋਜਨ ਦੇ ਕਣ ਪਾਣੀ ਦੇ ਕਣਾਂ ਨਾਲ ਮਿਲ ਕੇ ਤੇਜ਼ਾਬੀ ਵਰਖਾ ਕਰ ਰਹੇ ਹਨ ਜੋ ਬਨਸਪਤੀ ਦੀ ਤਬਾਹੀ ਹੈ। ਕੁਝ ਸਾਲ ਪਹਿਲਾਂ ਹਵਾ ਵਿੱਚ ਕਾਰਬਨ ਕਣਾਂ ਦਾ ਪੱਧਰ 311ppm ਸੀ ਜੋ ਹੁਣ 388ppm ਹੈ ਜੋ ਹੋਰ 20 ਸਾਲਾਂ ਬਾਅਦ 470ppm ਹੋ ਜਾਣ ਦੀ ਸੰਭਾਵਨਾ ਹੈ।
ਯੂਰਪੀ ਦੇਸ਼ਾਂ ਨੇ ਕਾਰਬਨ ਇਮਿਸ਼ਨ ਘਟਾਉਣ ਲਈ ਬਿਜਲਈ ਕਾਰਾਂ ਚਲਾਉਣ ਦਾ ਫੈਸਲਾ ਕੀਤਾ ਹੈ। ਬਿਜਲੀ ਪੈਦਾ ਕਰਨ ਲਈ ਅਸੀਂ ਸਭ ਤੋਂ ਨਖਿਧ ਸਾਧਨ ਕੋਲੇ ਦੀ ਵਰਤੋਂ ਕਰ ਰਹੇ ਹਾਂ। ਇਸ ਕੰਮ ਲਈ ਵਾਯੂ ਅਤੇ ਸੂਰਜਈ ਊਰਜਾ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਸੰਸਾਰ ਯੁੱਧਾਂ ਵਿੱਚ ਬਰਬਾਦ ਹੋਇਆ ਜਰਮਨੀ ਵਾਤਾਵਰਣ ਪ੍ਰਦੂਸ਼ਣ ਲਈ ਸਭ ਤੋਂ ਵਧੀਆ ਕੰਮ ਕਰ ਰਿਹਾ ਹੈ। ਇਸ ਦੇਸ਼ ਨੇ ਇਸ ਦਿਸ਼ਾ ਵਿੱਚ ਕੰਮ ਕਰਨ ਲਈ 57 ਬਿਲੀਅਨ ਡਾਲਰ ਖਰਚ ਕੀਤੇ ਹਨ। ਇਸ ਕੰਮ ਲਈ ਆਸਟ੍ਰੇਲੀਆ ਨੇ ਸਿਰਫ 2 ਬਿਲੀਅਨ ਡਾਲਰ ਖਰਚੇ ਹਨ। ਜਰਮਨੀ ਨੇ ਇਸ ਕੰਮ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਕਾਉਂਸਲ ਪੱਧਰ ਦੀਆਂ ਕਮੇਟੀਆਂ ਬਣਾਈਆਂ ਹਨ। ਇਸ ਦਿਸ਼ਾ ਵਿਚ ਭਾਰਤ ਸਰਕਾਰ ਦੇ ਯਤਨ ਵੀ ਸਲਾਹੁਣਯੋਗ ਨਹੀਂ ਹਨ। ਸਕੂਲਾਂ ਦੇ ਬੱਚਿਆਂ ਵੱਲੋਂ ਸਰਕਾਰਾਂ ਨੂੰ ਜਗਾਉਣ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਹ ਸਭ ਹੋਣ ਦੇ ਬਾਵਜੂਦ ਸਰਕਾਰਾਂ ਦੀ ਕਾਰਜਕਾਰੀ ਨਿਰਾਸ਼ਾਜਨਕ ਹੈ। ਲੋਕਾਂ ਦੀ ਸੁਚੇਤਨਾ ਅਤੇ ਲੋਕ ਸੰਘਰਸ਼ ਹੀ ਸਰਕਾਰਾਂ ਨੂੰ ਯੋਗ ਫੈਸਲੇ ਲੈਣ ਲਈ ਮਜਬੂਰ ਕਰ ਸਕਦੇ ਹਨ।
ਹਰਬੰਸ ਸਿੰਘ ਸੰਧੂ