ਅੰਮ੍ਰਿਤਸਰ/ ਮੁੰਬਈ – ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਅੱਜ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਨਵੀਂ ਮੁੰਬਈ ਦੇ ਵਾਸ਼ੀ ਵਿਖੇ ਕਿਸਾਨਾਂ ਦੇ ਹੱਕ ਵਿਚ ਅਤੇ ਕੇਂਦਰ ਸਰਕਾਰ ਵਿਰੁੱਧ ਸ਼ਾਂਤਮਈ ਪਰ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਲੋਕਾਂ ਅਤੇ ਸਰਕਾਰ ਦਾ ਧਿਆਨ ਖਿੱਚਿਆ।
ਸੈਂਕੜੇ ਹੀ ਉਤਸ਼ਾਹਿਤ ਸਿੱਖਾਂ ਜਿਨ੍ਹਾਂ ’ਚ ਭਾਰੀ ਗਿਣਤੀ ਔਰਤਾਂ ਦੀ ਵੀ ਸੀ ਨੇ ਸੜਕ ਦੇ ਕਿਨਾਰੇ ਬੈਨਰ ਅਤੇ ਕਿਸਾਨੀ ਦੇ ਹੱਕ ’ਚ ਲਿਖੀਆਂ ਹੋਈਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਕਾਲੇ ਕਾਨੂੰਨ ਵਾਪਸ ਲਓ, ਅਸੀਂ ਕਿਸਾਨਾਂ ਦੇ ਪੁੱਤਰ ਹਾਂ, ਨੋ ਫਾਰਮਰ ਨੋ ਫੂਡ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨੀ ਜ਼ਿੰਦਾਬਾਦ, ਕਿਸਾਨਾਂ ਦੀ ਸਪੋਰਟ ਕਰੋ ਆਦਿ ਲਿਖੇ ਹੋਏ ਸਨ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੇ ਹੱਕ ਵਿਚ ਨਿੱਤਰਦਿਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਖੇਤੀ ਸੰਬੰਧੀ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦਾ ਕਿਸਾਨ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀਬਾੜੀ ਬਿੱਲਾਂ ਦਾ ਪਿਛਲੇ ਇਕ ਸਾਲ ਤੋਂ 700 ਤੋਂ ਵੱਧ ਕੀਮਤੀ ਜਾਨਾਂ ਕੁਰਬਾਨ ਕਰਦਿਆਂ ਦਿਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਗਾ ਕੇ ਜ਼ਬਰਦਸਤ ਵਿਰੋਧ ਕਰ ਰਹੇ ਹਨ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਪਰ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਪ੍ਰਤੀ ਸੰਜੀਦਗੀ ਨਹੀਂ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦਾ ਸਿੱਖ ਭਾਈਚਾਰਾ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ। ਇਸ ਮੌਕੇ ਭਾਈ ਜਸਪਾਲ ਸਿੰਘ ਸਿੱਧੂ ਨਾਲ ਪੰਜਾਬੀ ਕਲਚਰ ਐਸੋਸੀਏਸ਼ਨ ਦੇ ਚੇਅਰਮੈਨ ਕਮਾਂਡਰ ਗੁਰਬਖ਼ਸ਼ ਸਿੰਘ, ਸੈਕਟਰੀ ਸ: ਮੇਹਰ ਸਿੰਘ ਰੰਧਾਵਾ, ਵਾਸ਼ੀ ਗੁਰਦੁਆਰਾ ਦੇ ਪ੍ਰਧਾਨ ਤੇਜਿੰਦਰ ਸਿੰਘ, ਗੁ: ਪਨਵੇਲ ਦੇ ਪ੍ਰਧਾਨ ਸ: ਹਰਵਿੰਦਰ ਸਿੰਘ ਬੁਟਰ, ਗੁ: ਕਲਮਬੋਲੀ ਦੇ ਪ੍ਰਧਾਨ ਸ: ਜੋਗਿੰਦਰ ਸਿੰਘ, ਨਰੂਲ ਗੁ: ਦੇ ਪ੍ਰਧਾਨ ਸ: ਗਿਆਨ ਸਿੰਘ, ਗੁ: ਅਰੌਲੀ ਦੇ ਪ੍ਰਧਾਨ ਅਮਰਪਾਲ ਸਿੰਘ, ਗੁ: ਖਾਰਗੜ ਤੋਂ ਸਤਨਾਮ ਸਿੰਘ ਮਾਨ ਤੇ ਪ੍ਰਤਾਪ ਸਿੰਘ ਭੈਲ, ਕਾਮੋਥੇ ਗੁ: ਸਾਹਿਬ ਦੇ ਪ੍ਰਧਾਨ ਚਰਨਦੀਪ ਸਿੰਘ, ਗੁ: ਅਰੌਲੀ ਤੋਂ ਅਮਰਜੀਤ ਸਿੰਘ, ਕੋਪਰ ਖੈਰਨੇ ਦੇ ਪ੍ਰਧਾਨ ਇੰਦਰ ਪ੍ਰੀਤ ਸਿੰਘ, ਹੀਰਾ ਸਿੰਘ ਪੱਡਾ, ਬਲਦੇਵ ਸਿੰਘ ਸੰਧੂ, ਅਮਰਜੀਤ ਸਿੰਘ ਰੰਧਾਵਾ, ਬੂਟਾ ਸਿੰਘ ਘੁਮਾਣ, ਪਿਆਰਾ ਸਿੰਘ ਕੈਨੇਡਾ, ਸਰਵਨ ਸਿੰਘ ਸੰਧੂ ਇੰਗਲੈਂਡ, ਕੁਲਬੀਰ ਸਿੰਘ ਸੰਧੂ ਤੇ ਇਕਬਾਲ ਸਿੰਘ ਰੰਧਾਵਾ ਵੀ ਮੌਜੂਦ ਸਨ।