ਫ਼ਤਹਿਗੜ੍ਹ ਸਾਹਿਬ – “1947 ਤੋਂ ਲੈਕੇ ਅੱਜ ਤੱਕ ਕਿਸੇ ਵੀ ਸੈਂਟਰ ਦੀ ਜਮਾਤ ਅਤੇ ਹੁਕਮਰਾਨਾਂ ਨੇ ਜਾਂ ਬਾਦਲ ਦਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉਤੇ ਕਿਸੇ ਵੀ ਗਰੀਬ ਘਰ ਦੇ ਸਿਆਸਤਦਾਨ ਨੂੰ ਨਹੀਂ ਬਿਠਾਇਆ ਸੀ । ਲੇਕਿਨ ਸਾਨੂੰ ਇਸ ਗੱਲ ਦੀ ਵੱਡੀ ਖੁਸ਼ੀ ਤੇ ਫਖ਼ਰ ਹੋਇਆ ਸੀ ਕਿ ਪਹਿਲੀ ਵਾਰ ਇਸ ਮੁੱਖ ਮੰਤਰੀ ਦੇ ਅਹੁਦੇ ਉਤੇ ਇਕ ਗਰੀਬ ਪਰਿਵਾਰ ਵਿਚੋਂ ਉੱਠੇ ਸ. ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਕੇ ਗਰੀਬ ਵਰਗ ਨੂੰ ਬਣਦਾ ਮਾਣ-ਸਨਮਾਨ ਦਿੱਤਾ ਹੈ ਅਤੇ ਅਜੋਕੇ ਮੁੱਖ ਮੰਤਰੀ ਨੂੰ ਭਾਵੇ ਆਪਣੇ ਰਾਜ ਭਾਗ ਲਈ ਥੋੜਾ ਸਮਾਂ ਮਿਲਿਆ ਹੈ, ਪਰ ਉਸ ਵਿਚ ਵੀ ਉਹ ਅਜਿਹੇ ਅਮਲ ਕਰਨਗੇ ਜਿਸ ਨਾਲ ਪੰਜਾਬੀਆਂ, ਸਿੱਖ ਕੌਮ ਨੂੰ ਇਨਸਾਫ਼ ਮਿਲ ਸਕੇ ਅਤੇ ਇਥੋਂ ਦੇ ਰਾਜ ਪ੍ਰਬੰਧ ਵਿਚ ਆਈਆ ਖਾਮੀਆ ਦੂਰ ਹੋ ਸਕਣ । ਲੇਕਿਨ ਸਾਨੂੰ ਦੁੱਖ ਅਤੇ ਅਫ਼ਸੋਸ ਹੈ ਕਿ ਸ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਆਪਣੀ ਕੈਬਨਿਟ ਵਿਚ ਫ਼ਰਾਂਸ ਦੀ ਨਿਰਦੋਸ਼ ਅਤੇ ਮਾਸੂਮ ਬੀਬੀ ਕੇਤੀਆ ਨਾਲ ਬਲਾਤਕਾਰ ਕਰਨ ਦੇ ਕੇਸ ਵਿਚ ਸਾਮਿਲ-ਸਿੱਖ ਕੌਮ ਦੇ ਕਾਤਲ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਦੇ ਗੁਰਕੀਰਤ ਸਿੰਘ ਕੋਟਲੀ ਨੂੰ ਕੈਬਨਿਟ ਵਿਚ ਲੈਕੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਕਾਂਗਰਸ ਜਮਾਤ ਨੇ ਚੇਹਰੇ-ਮੋਹਰਾਂ ਹੀ ਬਦਲਿਆ ਹੈ, ਲੇਕਿਨ ਇਸ ਮੁਤੱਸਵੀ ਅਤੇ ਸਿੱਖ ਤੇ ਪੰਜਾਬ ਵਿਰੋਧੀ ਜਮਾਤ ਦੇ ਅਮਲ ਅੱਜ ਵੀ ਗੈਰ ਇਨਸਾਨੀਅਤ, ਗੈਰ ਸਮਾਜਿਕ, ਅਣਮਨੁੱਖੀ ਸੋਚ ਵਾਲੇ ਹਨ । ਇਹ ਮੌਜੂਦਾ ਕੈਬਨਿਟ ਪੰਜਾਬ ਨਿਵਾਸੀਆ ਨੂੰ ਇਨਸਾਫ਼ ਨਹੀਂ ਦੇ ਸਕੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਕੈਬਨਿਟ ਵਿਚ ਗੁਰਕੀਰਤ ਸਿੰਘ ਕੋਟਲੀ ਵਰਗੇ ਬਲਾਤਕਾਰੀ, ਬੀਤੇ ਸਮੇਂ ਵਿਚ ਵੱਡੀਆ-ਵੱਡੀਆ ਰਿਸਵਤਾਂ ਖਾਣ ਵਾਲੇ ਕਈ ਦਾਗੀ ਚਿਹਰਿਆ ਨੂੰ ਲੈਕੇ ਆਪਣੇ ਦੋ-ਤਿੰਨ ਮਹੀਨੇ ਲਈ ਬਣੀ ਕੈਬਨਿਟ ਉਤੇ ਬਹੁਤ ਵੱਡਾ ਕਾਲਾ ਪ੍ਰਸ਼ਨ ਚਿੰਨ੍ਹ ਲਗਾ ਲਿਆ ਹੈ ਅਤੇ ਜੋ ਉਮੀਦਾ ਇਸ ਨਵੀ ਸਰਕਾਰ ਅਤੇ ਮੁੱਖ ਮੰਤਰੀ ਤੋਂ ਕੀਤੀਆ ਜਾ ਰਹੀਆ ਸਨ, ਉਨ੍ਹਾਂ ਨੂੰ ਖੁਦ ਹੀ ਸੱਕੀ ਬਣਾ ਲਿਆ ਹੈ । ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਜਿਸ ਏ.ਪੀ.ਐਸ. ਦਿਓਲ ਨਾਮ ਦੇ ਐਡਵੋਕੇਟ ਨੂੰ ਇਸ ਸਰਕਾਰ ਨੇ ਆਪਣਾ ਐਡਵੋਕੇਟ ਜਰਨਲ ਨਿਯੁਕਤ ਕੀਤਾ ਹੈ, ਉਹ ਲੰਮੇ ਸਮੇਂ ਤੋਂ ਸਿੱਖ ਕੌਮ ਦੇ ਕਾਤਲ ਸੁਮੇਧ ਸੈਣੀ ਅਤੇ ਹੋਰ ਦਾਗੀ ਪੁਲਿਸ ਅਫ਼ਸਰਾਂ ਦੇ ਕੇਸ ਅਦਾਲਤਾਂ ਵਿਚ ਲੜਦਾ ਆ ਰਿਹਾ ਹੈ । ਜਿਸ ਉਤੇ ਪੰਜਾਬੀ ਅਤੇ ਸਿੱਖ ਕੌਮ ਕਤਈ ਵੀ ਭਰੋਸਾਂ ਨਹੀਂ ਕਰ ਸਕਦੇ । ਹੁਕਮਰਾਨਾਂ ਨੇ ਅਜਿਹੇ ਦਾਗੀ ਇਨਸਾਨ ਨੂੰ ਐਡਵੋਕੇਟ ਜਰਨਲ ਬਣਾਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਕਰਨ ਵਾਲੇ ਅਤੇ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਦੋਸ਼ੀ ਸਿਆਸਤਦਾਨਾਂ, ਪੁਲਿਸ ਅਧਿਕਾਰੀਆ ਅਤੇ ਹੋਰਨਾਂ ਨੂੰ ਇਨਸਾਫ਼ ਕਤਈ ਨਹੀਂ ਦੇ ਸਕੇਗੀ । ਜਦੋਂਕਿ ਇਹ ਸਮੁੱਚੇ ਸੰਸਾਰ ਨੂੰ ਜਾਣਕਾਰੀ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦਾ ਭੋਗ ਪਿਆ ਹੈ, ਤਾਂ ਉਨ੍ਹਾਂ ਵੱਲੋ ਸਿੱਖ ਕੌਮ ਤੇ ਪੰਜਾਬੀਆ ਦੀ ਕਚਹਿਰੀ ਵਿਚ ਗੁਟਕਾ ਸਾਹਿਬ ਹੱਥ ਵਿਚ ਫੜਕੇ ਸਿੱਖ ਕੌਮ ਨਾਲ ਉਪਰੋਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦੇਣ ਦੇ ਬਚਨ ਤੋਂ ਮੁੰਨਕਰ ਹੋਣ ਦੀ ਬਦੌਲਤ ਉਸ ਅਕਾਲ ਪੁਰਖ ਨੇ ਆਪਣੇ ਢੰਗ ਨਾਲ ਮਾਰ ਮਾਰੀ ਹੈ । ਜੇਕਰ ਮੌਜੂਦਾ ਮੁੱਖ ਮੰਤਰੀ ਜਾਂ ਪੰਜਾਬ ਦੀ ਕੈਬਨਿਟ ਸਿੱਖ ਕੌਮ ਤੇ ਪੰਜਾਬੀਆਂ ਨੂੰ ਉਪਰੋਕਤ ਸੰਜ਼ੀਦਾ ਵਿਸਿਆ ਉਤੇ ਆਪਣੇ ਕਾਰਜਕਾਲ ਦੌਰਾਨ ਗ੍ਰਿਫ਼ਤਾਰ ਨਾ ਕਰ ਸਕੀ ਜਾਂ ਸਜਾਵਾਂ ਨਾ ਦੇ ਸਕੀ ਤਾਂ ਉਸ ਅਕਾਲ ਪੁਰਖ ਦੀ ਕਚਹਿਰੀ ਅਤੇ ਪੰਜਾਬੀਆਂ ਦੇ ਆਉਣ ਵਾਲੀਆ ਚੋਣਾਂ ਦੇ ਵੇਹੜੇ ਵਿਚ ਪੰਜਾਬੀ ਅਤੇ ਸਿੱਖ ਕੌਮ ਇਸ ਨਵੀ ਕੈਬਨਿਟ ਅਤੇ ਮੁੱਖ ਮੰਤਰੀ ਨੂੰ ਵੀ ਸਬਕ ਸਿਖਾਉਣ ਤੋਂ ਪਿੱਛੇ ਨਹੀਂ ਹੱਟਣਗੇ । ਇਸ ਲਈ ਇਨ੍ਹਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਗੁਰਕੀਰਤ ਸਿੰਘ ਕੋਟਲੀ, ਹੋਰ ਦਾਗੀ ਵਜੀਰਾਂ, ਦਾਗੀ ਐਡਵੋਕੇਟ ਜਰਨਲ ਅਤੇ ਸਿੱਖ ਕੌਮ ਦੇ ਮੁੱਖ ਦੋਸ਼ੀ ਡੇਰਾ ਸਿਰਸੇਵਾਲੇ ਸਾਧ ਗੁਰਮੀਤ ਰਾਮ ਰਹੀਮ ਤੇ ਉਨ੍ਹਾਂ ਦੇ ਚੇਲਿਆ ਨੂੰ ਬਰੀ ਕਰਕੇ ਦੋ ਸਿੱਖ ਨੌਜ਼ਵਾਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀ ਕਰਾਰ ਦੇਣ ਵਾਲੇ ਨਵੇ ਬਣੇ ਡੀਜੀਪੀ ਸ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਇਹ ਟੀਮ ਕਦੀ ਵੀ ਦੋਸ਼ੀਆ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦੇਣ ਦੀ ਜ਼ਿੰਮੇਵਾਰੀ ਨਹੀਂ ਨਿਭਾਏਗੀ ਜਿਸਦੇ ਨਿਕਲਣ ਵਾਲੇ ਨਤੀਜਿਆ ਲਈ ਇਹ ਹੁਕਮਰਾਨ ਅਤੇ ਉਪਰੋਕਤ ਚੰਡਾਲ ਚੌਕੜੀ ਜ਼ਿੰਮੇਵਾਰ ਹੋਵੇਗੀ ।
ਸ. ਮਾਨ ਨੇ ਖੰਨਾ ਪੁਲਿਸ ਜ਼ਿਲ੍ਹੇ ਵਿਚ ਆਉਦੇ ਉਸ ਮਹਾਨ ਅਸਥਾਂਨ ਚੋਹਲਾ ਸਾਹਿਬ ਘੁਡਾਣੀ ਕਲਾਂ, ਜਿਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਕਲੀਆ ਵਾਲਾ ਇਤਿਹਾਸਿਕ ਚੋਹਲਾ ਸਾਹਿਬ ਸੁਸੋਭਿਤ ਹਨ, ਉਸ ਇਤਿਹਾਸਿਕ ਵਿਰਾਸਤ ਨਾਲ ਸੰਬੰਧਤ ਯਾਦਗਰ ਹੈ, ਉਸ ਚੋਹਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਦੇ ਨਿਵਾਸੀਆ ਦੀਆਂ ਭਾਵਨਾਵਾ ਦੇ ਉਲਟ ਜਾ ਕੇ ਇਸ ਸਥਾਂਨ ਤੋਂ ਪ੍ਰਾਪਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਿਜਾਣ ਲਈ ਜੋ ਅਮਲ ਕਰ ਰਹੇ ਹਨ, ਉਸ ਨਾਲ ਇਕ ਤਾਂ ਇਲਾਕੇ ਦੀਆਂ ਲੱਖਾਂ ਸੰਗਤਾਂ ਦੀ ਸਰਧਾ ਅਤੇ ਸਤਿਕਾਰ ਨੂੰ ਡੂੰਘੀ ਠੇਸ ਪਹੁੰਚੇਗੀ । ਦੂਸਰਾ ਅਜਿਹੇ ਅਮਲ ਨਾਲ ਐਸ.ਜੀ.ਪੀ.ਸੀ. ਸਿੱਖ ਕੌਮ ਵਿਚ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਹੋਵੇਗੀ । ਇਸ ਲਈ ਸਾਡੀ ਸਮੁੱਚੇ ਹਾਲਾਤਾਂ ਨੂੰ ਤੇ ਭਾਵਨਾਵਾ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਵਿਚ ਸਾਮਿਲ ਸਿਆਸਤਦਾਨ ਜਾਂ ਹੁਕਮਰਾਨਾਂ ਨੂੰ ਨੇਕ ਸਲਾਹ ਹੈ ਕਿ ਉਹ ਗੁਰਦੁਆਰਾ ਚੋਹਲਾ ਸਾਹਿਬ ਨਾਲ ਸੰਬੰਧਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆ ਦੀਆਂ ਭਾਵਨਾਵਾ ਨੂੰ ਕੁੱਚਲਕੇ ਕੋਈ ਵੀ ਅਜਿਹਾ ਅਮਲ ਨਾ ਕਰਨ ਜਿਸ ਨਾਲ ਸਿੱਖ ਕੌਮ ਵਿਚ ਬਿਨ੍ਹਾਂ ਵਜਹ ਹੋਰ ਡੂੰਘਾ ਵਿਵਾਦ ਪੈਦਾ ਹੋ ਜਾਵੇ ਜਾਂ ਫਿਰ ਉਸ ਬਿਰਧ ਹੋਏ ਸਤਿਕਾਰਿਤ ਚੋਹਲਾ ਸਾਹਿਬ ਦੀ ਪੁਰਾਤਨ ਦਿੱਖ ਨੂੰ ਕੋਈ ਆਂਚ ਆਵੇ । ਐਸ.ਜੀ.ਪੀ.ਸੀ. ਅਜਿਹਾ ਪ੍ਰਬੰਧ ਕਰੇ ਕਿ ਗੁਰੂ ਸਾਹਿਬ ਜੀ ਨਾਲ ਸੰਬੰਧਤ ਇਸ ਇਤਿਹਾਸਿਕ ਚੋਹਲਾ ਸਾਹਿਬ ਨੂੰ ਸਦੀਵੀ ਤੌਰ ਤੇ ਸੁਰੱਖਿਅਤ ਰੱਖਣ ਲਈ ਗੁਰੂਘਰ ਘੁਡਾਣੀ ਵਿਖੇ ਹੀ ਆਪਣੇ ਕੌਮੀ ਖਜਾਨੇ ਵਿਚੋ ਖਰਚ ਕਰਕੇ ਜਿਥੇ ਸੁਰੱਖਿਅਤ ਰੱਖਣ ਦਾ ਪ੍ਰਬੰਧ ਕਰੇ ਉਥੇ ਸਿੱਖ ਕੌਮ ਨੂੰ ਖਾਨਾਜੰਗੀ ਵਿਚ ਉਲਝਾਉਣ ਤੋਂ ਬਾਜ ਆਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਐਸ.ਜੀ.ਪੀ.ਸੀ. ਅਜਿਹਾ ਕੋਈ ਅਮਲ ਨਹੀਂ ਕਰੇਗੀ ਜਿਸ ਨਾਲ ਪਹਿਲੋ ਹੀ ਸਾਜ਼ਸੀ ਢੰਗਾਂ ਰਾਹੀ ਸਿੱਖ ਕੌਮ ਨੂੰ ਵੰਡਣ ਅਤੇ ਨਫ਼ਰਤ ਪੈਦਾ ਕਰਨ ਦੇ ਅਮਲ ਹੋ ਰਹੇ ਹਨ ਉਨ੍ਹਾਂ ਵਿਚ ਵਾਧਾ ਕਰਨ ਦੀ ਭਾਗੀ ਬਣੇ । ਸ. ਮਾਨ ਨੇ ਬੀਤੇ ਕੱਲ੍ਹ ਸਮੁੱਚੇ ਕਿਸਾਨ-ਮਜ਼ਦੂਰਾਂ, ਵਿਦਿਆਰਥੀਆਂ, ਨੌਜ਼ਵਾਨੀ, ਦੁਕਾਨਦਾਰਾਂ, ਵਪਾਰੀਆ, ਟਰਾਸਪੋਰਟਰਾਂ, ਹਰ ਤਰ੍ਹਾਂ ਦੇ ਕਾਰੋਬਾਰੀ ਨਿਵਾਸੀਆ ਦਾ ‘ਇੰਡੀਆ ਬੰਦ’ ਨੂੰ ਪੂਰਨ ਕਾਮਯਾਬ ਕਰਨ ਵਿਚ ਜਿਥੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ, ਉਥੇ ਇੰਡੀਆ ਦੀ ਮੋਦੀ ਹਕੂਮਤ ਨੂੰ ਆਪਣਾਏ ਗਏ ਅੜੀਅਲ ਵਤੀਰੇ ਨੂੰ ਅਲਵਿਦਾ ਕਹਿਕੇ ਤੁਰੰਤ ਤਿੰਨ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਕੇ ਮਾਹੌਲ ਨੂੰ ਸਹੀ ਕਰਨ ਦੀ ਜੋਰਦਾਰ ਗੁਜਾਰਿਸ ਵੀ ਕੀਤੀ ਅਤੇ ਇਸਦੇ ਨਾਲ ਹੀ ਅੱਜ ਸਮੁੱਚੇ ਪੰਜਾਬ ਵਿਚ ਸਿੱਖ ਕੌਮ ਦੇ ਦੋਸ਼ੀ ਜਸਟਿਸ ਸ਼ੇਰਾਵਤ ਅਤੇ ਜਸਟਿਸ ਸਾਂਗਵਾਨ ਵਿਰੁੱਧ ‘ਮਹਾਦੋਸ਼’ ਲਗਾਉਣ ਦੀ ਅਪੀਲ ਕਰਦੇ ਹੋਏ ਸਮੁੱਚੀਆ ਬਾਰ ਐਸੋਸੀਏਸਨਾਂ ਨੂੰ ਦਿੱਤੇ ਗਏ ਯਾਦ ਪੱਤਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਮੁਬਾਰਕਬਾਦ ਦੇਣ ਦੇ ਨਾਲ-ਨਾਲ ਧੰਨਵਾਦ ਕੀਤਾ ਅਤੇ ਸਮੁੱਚੀਆ ਬਾਰ ਐਸੋਸੀਏਸਨਾਂ ਨੂੰ ਇਸ ਦਿਸ਼ਾ ਵੱਲ ਸਮੁੱਚੇ ਪੰਜਾਬ ਅਤੇ ਇੰਡੀਆ ਵਿਚ ਅਦਾਲਤੀ ਪੱਖਪਾਤੀ ਕਾਰਵਾਈਆ ਵਿਰੁੱਧ ਨਿਵਾਸੀਆ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦੀ ਵੀ ਅਪੀਲ ਕੀਤੀ ।