ਫ਼ਤਹਿਗੜ੍ਹ ਸਾਹਿਬ – “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਅਤੇ ਸਿੱਖ ਕੌਮ ਦੀ ਨੌਜ਼ਵਾਨੀ ਦਾ ਕਤਲੇਆਮ ਕਰਨ ਵਾਲੀ ਪੁਲਿਸ ਅਫ਼ਸਰਸਾਹੀ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਲਈ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆ ਪੰਥਕ, ਸਮਾਜਿਕ ਮੁਸ਼ਕਿਲਾਂ ਦੇ ਹੱਲ ਲਈ ਸਮੁੱਚੀ ਸਿੱਖ ਕੌਮ ਨੂੰ ਲਾਮਬੰਦੀ ਕਰਨ ਹਿੱਤ ਅਤੇ ਕੌਮੀ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਹਿੱਤ ਵੱਡੇ ਪੱਧਰ ਉਤੇ ਹਰ ਸਾਲ ਦੀ ਤਰ੍ਹਾਂ 14 ਅਕਤੂਬਰ ਨੂੰ ਬਹਿਬਲ ਕਲਾਂ ਦੇ ਸਥਾਂਨ ਤੇ ”ਅਰਦਾਸ ਦਿਹਾੜਾ” ਮਨਾਇਆ ਜਾਵੇਗਾ । 14 ਅਕਤੂਬਰ ਦੇ ਇਸ ਇਕੱਠ ਨੂੰ ਪ੍ਰਭਾਵਸ਼ਾਲੀ ਬਣਾਉਣ ਹਿੱਤ ਤਿੰਨ ਅਹਿਮ ਮੁੱਦਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ, 328 ਪਾਵਨ ਸਰੂਪਾਂ ਦੀ ਗੁੰਮਸੁਦਗੀ, ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਬਹਾਲ ਕਰਨ, ਸੁਮੇਧ ਸੈਣੀ ਨੂੰ ਕਾਨੂੰਨ ਦੀ ਮਾਰ ਤੋਂ ਰੋਕਣ ਵਾਸਤੇ ਜਸਟਿਸ ਸ਼ੇਰਾਵਤ ਅਤੇ ਜਸਟਿਸ ਸਾਂਗਵਾਨ ਨੂੰ ਮਹਾਦੋਸ਼ੀ ਜਾਰੀ ਕਰਵਾਉਣ ਹਿੱਤ ਅਤੇ ਬੀਜੇਪੀ-ਬਾਦਲ ਦਲ ਵੱਲੋਂ ਬਣਾਏ ਗਏ ਤਿੰਨ ਖੇਤੀਬਾੜੀ ਮਾਰੂ ਕਾਨੂੰਨ ਰੱਦ ਕਰਵਾਉਣ, ਪਾਕਿਸਤਾਨ ਨਾਲ ਬਾਰਡਰ ਖੋਲ੍ਹਣ ਲਈ ਪ੍ਰਮਾਣੂ ਜੰਗ ਖਿਲਾਫ਼ ਆਵਾਜ਼ ਬੁਲੰਦ ਕਰਨ ਹਿੱਤ 10-11-12 ਅਕਤੂਬਰ ਨੂੰ ਪਿੰਡ-ਪਿੰਡ ਵਿਚ ਅਰਦਾਸ ਦਿਹਾੜਾ ਮਨਾਇਆ ਜਾਵੇਗਾ। ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਕਾਤਲ ਸੁਮੇਧ ਸੈਣੀ ਦੀ ਨਿਰੰਤਰ ਵਕਾਲਤ ਕਰਦੇ ਆ ਰਹੇ ਅਤੇ ਅਦਾਲਤਾਂ ਵਿਚੋਂ ਜ਼ਮਾਨਤਾਂ ਦਿਵਾਉਦੇ ਆ ਰਹੇ ਐਡਵੋਕੇਟ ਸ੍ਰੀ ਏ.ਪੀ.ਐਸ. ਦਿਓਲ ਨੂੰ ਬਤੌਰ ਐਡਵੋਕੇਟ ਜਰਨਲ ਦੇ ਅਹੁਦੇ ਉਤੇ ਨਿਯੁਕਤੀ ਕਰਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਦੁੱਖਦਾਇਕ ਅਮਲ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ, ਉਥੇ ਇਸ ਕੀਤੀ ਗਈ ਨਿਯੁਕਤੀ ਨੂੰ ਤੁਰੰਤ ਰੱਦ ਕਰਨ ਦੀ ਜੋਰਦਾਰ ਅਪੀਲ ਵੀ ਕੀਤੀ ਗਈ ।”
ਉਪਰੋਕਤ ਫੈਸਲੇ ਬੀਤੇ ਕੱਲ੍ਹ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਪਾਰਟੀ ਦੇ ਪੀ.ਏ.ਸੀ. ਮੈਬਰਾਂ ਦੀ ਇਕ ਅਤਿ ਸੰਜ਼ੀਦਾ ਮੀਟਿੰਗ ਵਿਚ ਵਿਚਾਰਾਂ ਕਰਦੇ ਹੋਏ ਸਾਂਝੇ ਤੌਰ ਤੇ ਕੀਤਾ ਗਿਆ । ਜਿਸਦੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਸਮੁੱਚੇ ਪੰਜਾਬ ਨਿਵਾਸੀਆ ਨੂੰ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਿੱਤੀ । ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਟੀ ਵੱਲੋਂ ਨਵੰਬਰ ਮਹੀਨੇ ਵਿਚ ”ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਸਾਨੀ-ਜਵਾਨੀ ਪੰਜਾਬ ਬਚਾਓ ਰੈਲੀ” ਪੰਜਾਬ ਦੇ ਸੈਂਟਰ ਵਿਚ ਸਟੇਟ ਪੱਧਰ ਦੀ ਵੱਡੀ ਰੈਲੀ ਕੀਤੀ ਜਾਵੇਗੀ । ਜਿਸ ਵਿਚ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਹਕੂਮਤੀ ਮਸਲਿਆ ਅਤੇ ਪੰਥਕ ਮੁੱਦਿਆ ਨੂੰ ਲੈਕੇ ਪੰਜਾਬ ਸੂਬੇ ਦੀ ਨੁਹਾਰ ਨੂੰ ਸਹੀ ਦਿਸ਼ਾ ਵੱਲ ਬਦਲਣ ਅਤੇ ਪੰਜਾਬੀਆਂ ਨੂੰ ਇਨਸਾਫ਼ ਪਸ਼ੰਦ ਰਾਜ ਪ੍ਰਬੰਧ ਮੁਹੱਈਆ ਕਰਨ ਲਈ ਮਾਹੌਲ ਤਿਆਰ ਕੀਤਾ ਜਾਵੇਗਾ । ਇਸ ਸਟੇਟ ਪੱਧਰ ਦੀ ਉਪਰੋਕਤ ਵੱਡੀ ਰੈਲੀ ਦੀ ਤਰੀਕ ਅਤੇ ਸਥਾਂਨ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਹੋ ਰਹੇ ਅਰਦਾਸ ਦਿਹਾੜੇ ਉਤੇ ਕਰਨਗੇ । ਪਾਰਟੀ ਆਗੂਆਂ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਜਿਥੇ 14 ਅਕਤੂਬਰ ਨੂੰ ਆਪੋ-ਆਪਣਾ ਕੌਮੀ ਤੇ ਇਨਸਾਨੀ ਫਰਜ ਸਮਝਦੇ ਹੋਏ ਵੱਡੀ ਗਿਣਤੀ ਵਿਚ ਬਹਿਬਲ ਕਲਾਂ ਵਿਖੇ ਪਹੁੰਚਣ ਦੀ ਅਪੀਲ ਕੀਤੀ, ਉਥੇ 10-11-12 ਅਕਤੂਬਰ ਨੂੰ ਹਰ ਪਿੰਡ ਪੱਧਰ ਉਤੇ ਗੁਰੂਘਰਾਂ ਵਿਚ ਕੀਤੇ ਜਾਣ ਵਾਲੇ ਅਰਦਾਸ ਦਿਹਾੜੇ ਨੂੰ ਕਾਮਯਾਬ ਕਰਨ ਲਈ ਸਿੱਖ ਕੌਮ ਨੂੰ ਅਪੀਲ ਵੀ ਕੀਤੀ ।
ਅੱਜ ਦੀ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਅੰਮ੍ਰਿਤਪਾਲ ਸਿੰਘ ਛੰਦੜਾ ਪ੍ਰਧਾਨ ਯੂਥ, ਹਰਭਜਨ ਸਿੰਘ ਕਸ਼ਮੀਰੀ, ਗੁਰਨੈਬ ਸਿੰਘ ਰਾਮਪੁਰਾ, ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ ਦੋਵੇ ਪੀ.ਏ. ਸ. ਮਾਨ, ਗੁਰਚਰਨ ਸਿੰਘ ਭੁੱਲਰ, ਪਰਮਿੰਦਰ ਸਿੰਘ ਬਾਲਿਆਵਾਲੀ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਜਤਿੰਦਰ ਸਿੰਘ ਥਿੰਦ ਆਦਿ ਆਗੂਆਂ ਨੇ ਸਮੂਲੀਅਤ ਕੀਤੀ ।