ਦਿੱਲੀ – : ਮਾਣਯੋਗ ਦਿੱਲੀ ਹਾਈ ਕੋਰਟ ਵਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਨੁਮਾਇੰਦੇ ਮਨਜਿੰਦਰ ਸਿੰਘ ਸਿਰਸਾ ਦੇ ਮਾਮਲੇ ਦੀ ਸੁਣਵਾਈ ਮੁੱੜ੍ਹ ਟਾਲ ਦਿੱਤੀ ਗਈ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਅਜ ਦਿੱਲੀ ਹਾਈ ਕੋਰਟ ਦੇ ਜਸਟਿਸ ਪ੍ਰਤੀਕ ਜਲਾਨ ਦੀ ਅਦਾਲਤ ‘ਚ ਹੋਈ ਸੁਣਵਾਈ ਦੋਰਾਨ ਦਿੱਲੀ ਸਰਕਾਰ ਦੇ ਸੀਨੀਅਰ ਵਕੀਲ ਸ੍ਰੀ ਦੁਸ਼ਯੰਤ ਦਵੇ ‘ਤੇ ਦਿੱਲੀ ਦੇ ਉਪ-ਰਾਜਪਾਲ ਵਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਸ੍ਰੀ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦਲੀਲ ਦਿੱਤੀ ਕਿ ਸ. ਸਿਰਸਾ ਦੇ ਗੁਰਮੁਖੀ ਭਾਸ਼ਾ ਦਾ ਗਿਆਨ ਨਾ ਹੋਣ ਦੇ ਮਾਮਲੇ ਦੀ ਸੁਣਵਾਈ 8 ਅਕਤੂਬਰ 2021 ਨੂੰ ਪਹਿਲਾਂ ਤੋਂ ਨਿਰਧਾਰਤ ਇਸੇ ਸਬੰਧ ‘ਚ ਇਕ ਹੋਰ ਤਕਨੀਕੀ ਮਾਮਲੇ ਦੇ ਨਾਲ ਇਕਮੁਸ਼ਤ ਕੀਤੀ ਜਾਵੇ। ਸਰਕਾਰੀ ਵਕੀਲਾਂ ਦੀ ਦਲੀਲਾਂ ਨੂੰ ਮੰਜੂਰ ਕਰਦਿਆਂ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 8 ਅਕਤੂਬਰ ਤਕ ਟਾਲ ਦਿੱਤੀ ਹੈ। ਜਦਕਿ ਦਿੱਲੀ ਸਰਕਾਰ ਵਲੌਂ ਅਦਾਲਤ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਾਮਲੇ ਦਾ ਨਿਬਟਾਰਾ ਹੋਣ ਤਕ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਕਰਵਾਉਣ ਲਈ ਕੋਈ ਉਪਰਾਲਾ ਨਹੀ ਕੀਤਾ ਜਾਵੇਗਾ।
ਇੰਦਰ ਮੋਹਨ ਸਿੰਘ ਨੇ ਦਿੱਲੀ ਗੁਰੂਦੁਆਰਾ ਐਕਟ ‘ਤੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਮਾਮਲੇ ਦਾ ਫੈਸਲਾ ਹੋਣ ਤੋਂ ਉਪਰੰਤ ਦਿੱਲੀ ਗੁਰੁਦੁਆਰਾ ਚੋਣ ਡਾਇਰੈਕਟਰ ਵਲੌਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨੂੰ ਨਾਮਜਦ ਕਰਨ ਲਈ ਕੋ-ਆਪਸ਼ਨ ਦੀ ਮੁੱੜ੍ਹ ਮੀਟਿੰਗ ਸੱਦਣੀ ਹੋਵੇਗੀ ‘ਤੇ ਇਸ ਮੀਟਿੰਗ ਦੇ 15 ਦਿਨਾਂ ਦੇ ਅੰਦਰ ਕਾਰਜਕਾਰੀ ਬੋਰਡ ਦੀ ਚੋਣ ਕਰਵਾਉਣੀ ਲਾਜਮੀ ਹੋਵੇਗੀ। ਉਨ੍ਹਾਂ ਦਸਿਆ ਕਿ ਇਨ੍ਹਾਂ ਹਾਲਾਤਾਂ ‘ਚ ਦਿੱਲੀ ਗੁਰੂਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਹੁਣ ਅਕਤੂਬਰ ਮਹੀਨੇ ਦੇ ਅੰਤ ਤਕ ਹੀ ਸੰਭਵ ਹੋ ਸਕਦੀਆਂ ਹਨ। ਉਨ੍ਹਾਂ ਦਸਿਆ ਕਿ ਅਜ ਦੀ ਅਦਾਲਤੀ ਕਾਰਵਾਈ ‘ਚ ਪਟੀਸ਼ਨ ਕਰਤਾ ਵਲੌਂ ਸੀਨੀਅਰ ਵਕੀਲ ਮੁਕਲ ਰੋਹਤਗੀ ‘ਤੇ ਹਰੀਸ਼ ਮਲਹੋਤਰਾ ‘ਤੇ ਵਿਰੋਧੀ ਧਿਰ ਵਲੌਂ ਸੀਨੀਅਰ ਵਕੀਲ ਸੋਰਬ ਕਿਰਪਾਲ ਪੇਸ਼ ਹੋਏ।