ਕੋਈ ਵੀ ਖ਼ਬਰ ਪ੍ਰਸਾਰਿਤ ਤੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਦੋ ਵਾਰ ਜਾਂਚ ਲੈਣੀ ਚਾਹੀਦੀ ਹੈ। ਉਸਦੇ ਸਰੋਤ ਸਬੰਧੀ ਜਾਣ ਲੈਣਾ ਚਾਹੀਦਾ ਹੈ। ਉੱਡਦੀ ਉੱਡਦੀ, ਸੁਣੀ ਸੁਣਾਈ ਖ਼ਬਰ ਨੂੰ ਪ੍ਰਸਾਰਿਤ ਕਰਨ ਤੋਂ ਗਰੇਜ਼ ਕਰਨ ਦੀ ਲੋੜ ਹੁੰਦੀ ਹੈ। 19 ਸਤੰਬਰ ਨੂੰ ਸਾਰਾ ਦਿਨ ਪੰਜਾਬੀ ਨਿਊਜ਼ ਚੈਨਲ ਉੱਡਦੀਆਂ ਉੱਡਦੀਆਂ ਖ਼ਬਰਾਂ ਹੀ ਪ੍ਰਸਾਰਿਤ ਕਰਦੇ ਰਹੇ ਅਤੇ ਆਪਣਾ ਤਮਾਸ਼ਾ ਖ਼ੁਦ ਬਣਾਉਂਦੇ ਰਹੇ। ˈਸੂਤਰਾਂ ਦੇ ਹਵਾਲੇ ਨਾਲˈ ਮੀਡੀਆ ਦਾ ਤਕੀਆ ਕਲਾਮ ਬਣ ਗਿਆ ਹੈ। ਸਾਰਾ ਦਿਨ ਸੂਤਰਾਂ ਦੇ ਹਵਾਲੇ ਨਾਲ ਹੀ ਖ਼ਬਰਾਂ ਪ੍ਰਸਾਰਿਤ ਹੁੰਦੀਆਂ ਰਹੀਆਂ ਅਤੇ ਸੂਤਰਾਂ ਦੀਆਂ ਖ਼ਬਰਾਂ ਗ਼ਲਤ ਨਿਕਲਦੀਆਂ ਰਹੀਆਂ। ਇਹ ਸੂਤਰ ਕਿਹੜੇ ਹਨ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਚੱਲਿਆ। ਦਰਅਸਲ ਕਾਂਗਰਸ ਹਾਈ ਕਮਾਂਡ ਜਾਣ ਬੁੱਝ ਕੇ ਅਜਿਹਾ ਕਰ ਰਹੀ ਸੀ। ਕੁਝ ਨੇਤਾਵਾਂ ਨੂੰ ਸਬਕ ਸਖਾਉਣ ਲਈ ਅਤੇ ਦੂਸਰਾ ਪ੍ਰਤੀਕਰਮ ਵੇਖਣ ਲਈ।
ਪੰਜਾਬੀ ਚੈਨਲਾਂ ਨੇ ਵਾਰੀ-ਵਾਰੀ ਕਈਆਂ ਨੂੰ ਮੁੱਖ ਮੰਤਰੀ ਬਣਾ ਦਿੱਤਾ। ਸਾਰਾ ਦਿਨ ਇਹੀ ਕਹਿੰਦੇ ਰਹੇ, “ਹੁਣ ਤੋਂ ਥੋੜ੍ਹੀ ਦੇਰ ਬਾਅਦ ਪੰਜਾਬ ਨੂੰ ਮਿਲ ਜਾਵੇਗਾ ਨਵਾਂ ਮੁਖ ਮੰਤਰੀ।” ਜਾਂ “ਇਕ ਦੋ ਘੰਟਿਆਂ ਵਿਚ ਸਾਹਮਣੇ ਆ ਜਾਵੇਗਾ ਨਵੇਂ ਮੁੱਖ ਮੰਤਰੀ ਦਾ ਨਾਂ।”
ਉਹ ਇਕ ਦੋ ਘੰਟੇ ਪੂਰੇ ਦਿਨ ਬਾਅਦ ਸ਼ਾਮ ਨੂੰ ਆਏ। ਇਸ ਦੌਰਾਨ ਸੁਨੀਲ ਕੁਮਾਰ ਜਾਖੜ, ਸੁਖਜਿੰਦਰ ਸਿੰਘ ਰੰਧਾਵਾ, ਰਜਿੰਦਰ ਕੌਰ ਭੱਠਲ ਅਤੇ ਨਵਜੋਤ ਸਿੰਘ ਸਿੱਧੂ ਨੂੰ ਵਾਰੀ-ਵਾਰੀ ਮੁਖ ਮੰਤਰੀ ਬਣਾ ਦਿੱਤਾ ਗਿਆ। ਸ਼ੋਸ਼ਲ ਮੀਡੀਆ ਤੇ ਪੰਜਾਬੀ ਚੈਨਲਾਂ ਦਾ ਖ਼ੂਬ ਮਜ਼ਾਕ ਬਣਦਾ ਰਿਹਾ।
ਵਿਕੀਪੀਡੀਆ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਪੰਜਾਬ ਦੇ ਨਵੇਂ ਮੁਖ ਮੰਤਰੀ ਵਜੋਂ ਚਾੜ੍ਹ ਦਿੱਤਾ।
ਸਹੁੰ ਚੁੱਕਣ ਤੋਂ ਕੁਝ ਦੇਰ ਪਹਿਲਾਂ ਤੱਕ ਪੰਜਾਬੀ ਨਿਊਜ਼ ਚੈਨਲ ਬ੍ਰਹਮ ਮਹਿੰਦਰਾ ਦਾ ਨਾ ਉਪ-ਮੁਖ ਮੰਤਰੀ ਵਜੋਂ ਮੋਟੇ ਅੱਖਰਾਂ ਵਿਚ ਤਸਵੀਰ ਸਹਿਤ ਸੁਪਰ ਕਰਦੇ ਰਹੇ ਪਰੰਤੂ ਸਹੁੰ ਚੁੱਕਣ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਓ.ਪੀ. ਸੋਨੀ ਖੜੇ ਸਨ। ਕਾਹਲ ਅਤੇ ਹੜਬੜੀ ਵਿਚ ਪੰਜਾਬੀ ਚੈਨਲ ਜਿੱਥੇ ਦਰਸ਼ਕਾਂ ਨੂੰ ਗ਼ਲਤ ਜਾਣਕਾਰੀ ਮੁਹੱਈਆ ਕਰਦੇ ਰਹੇ ਉਥੇ ਆਪਣੀ ਕਿਰਕਰੀ ਵੀ ਕਰਵਾਉਂਦੇ ਰਹੇ।
ਸ਼ੋਸ਼ਲ ਮੀਡੀਆ ʼਤੇ ਪਰਵਾਸੀ ਪੰਜਾਬੀਆਂ ਨੇ ਪੰਜਾਬੀ ਚੈਨਲਾਂ ਦੀ ਅਜਿਹੀ ਗੈਰ-ਮਿਘਾਰੀ ਤੇ ਕਾਹਲ ਵਾਲੀ ਪੱਤਰਕਾਰੀ ਦੀ ਖ਼ੂਬ ਖਿਚਾਈ ਕੀਤੀ। ਕੈਨੇਡਾ, ਆਸਟਰੇਲੀਆ ਤੇ ਇੰਗਲੈਂਡ ਦੇ ਪੰਜਾਬੀਆਂ ਨੇ ਪੰਜਾਬੀ ਚੈਨਲਾਂ ਦੇ ਇਸ ਰੁਝਾਨ ਦਾ ਗੰਭੀਰ ਨੋਟਿਸ ਲਿਆ।
ਇਕ ਹੋਰ ਵੱਡੀ ਕਤਾਹੀ ਸਾਰੇ ਚੈਨਲ ਲਗਾਤਾਰ ਕਈ ਦਿਨ ਤੱਕ ਕਰਦੇ ਰਹੇ। ਮਨੁੱਖ ਨੂੰ ਮਨੁੱਖ ਮੰਨਣ ਦੀ ਬਜਾਏ ਉਸਨੂੰ ਜਾਤਾਂ, ਨਸਲਾਂ, ਰੰਗਾਂ, ਧਰਮਾਂ ਵਿਚ ਵੰਡ ਦਿੱਤਾ ਗਿਆ ਹੈ। ਸਦੀਆਂ ਪਹਿਲਾਂ ਇਹ ਕੰਮ ਸਮਾਜ ਦੇ ਸ਼ਾਤਰ-ਦਿਮਾਗ ਲੋਕ ਆਪਣੇ ਨਿੱਜੀ ਫ਼ਾਇਦਿਆਂ ਲਈ ਕਰਦੇ ਰਹੇ। ਫੇਰ ਸਿਆਸਤਦਾਨਾਂ ਨੇ ਵੋਟਾਂ ਖ਼ਾਤਰ ਇਸ ਵੰਡ ਨੂੰ ਹੋਰ ਗੂੜ੍ਹਾ ਕੀਤਾ ਅਤੇ ਅੱਜ ਮੀਡੀਆ ਰਹਿੰਦੀ ਕਸਰ ਪੂਰੀ ਕਰ ਰਿਹਾ ਹੈ।
ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਦੌਰਾਨ ਹਿੰਦੂ, ਸਿੱਖ, ਦਲਿਤ ਜਿਹੇ ਸ਼ਬਦ ਚੈਨਲਾਂ ਨੇ ਸੈਂਕੜੇ ਵਾਰ ਦੁਹਰਾਏ। ਉਸਦੀ ਕਾਬਲੀਅਤ, ਉਸਦੀ ਐਜੂਕੇਸ਼ਨ, ਉਸਦੇ ਗੁਣ, ਉਸਦੇ ਜੀਵਨ-ਸੰਘਰਸ਼, ਉਸਦੀ ਸੋਚ, ਉਸਦੀ ਮਾਨਸਿਕਤਾ, ਉਸਦੀ ਵਿਚਾਰਧਾਰਾ ਦੀ ਵਿਸਥਾਰ ਵਿਚ ਗੱਲ ਅਜੇ ਤੱਕ ਕਿਸੇ ਨੇ ਨਹੀਂ ਕੀਤੀ। ਸਮਾਜ ਪ੍ਰਤੀ, ਮਨੁੱਖਤਾ ਪ੍ਰਤੀ, ਸਿਆਸਤ ਪ੍ਰਤੀ, ਸਮੱਸਿਆਵਾਂ ਪ੍ਰਤੀ, ਸੂਬੇ ਪ੍ਰਤੀ ਉਸਦੇ ਦ੍ਰਿਸ਼ਟੀਕੋਨ ਨੂੰ ਕਿਸੇ ਨੇ ਬਿਆਨ ਨਹੀਂ ਕੀਤਾ।
ਮੁੱਖ ਮੰਤਰੀ ਦੀਆਂ ਮੁੱਢਲੇ ਦਿਨਾਂ ਦੀਆਂ ਸਰਗਰਮੀਆਂ ਸੁਖ਼ਦ ਅਹਿਸਾਸ ਕਰਵਾਉਣ ਵਾਲੀਆਂ ਹਨ। ਆਮ ਲੋਕਾਂ ਵਿਚ ਵਿਚਰਨਾ। ਉਨ੍ਹਾਂ ਵਰਗਾ ਲੱਗਣਾ। ਵਧੇਰੇ ਕਰਕੇ ਵੱਡੇ ਨੇਤਾ ਵੱਖਰੀ ਹੀ ਦੁਨੀਆਂ ਵਿਚ ਰਹਿੰਦੇ ਹਨ। ਪੈਦਾ ਹੋਈਆਂ ਸਥਿਤੀਆਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਛੱਡ ਕੇ ਲਾਂਭੇ ਹੋਣਾ ਪਿਆ। ਹੋਰਨਾਂ ਕਾਰਨਾਂ ਨਾਲ ਇਕ ਵੱਡਾ ਕਾਰਨ ਉੱਭਰ ਕੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕੈਪਟਨ ਲੰਮੇ ਸਮੇਂ ਤੋਂ ਕਿਸੇ ਨੂੰ ਨਹੀਂ ਮਿਲ ਰਹੇ ਸਨ। ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਵੀ ਫ਼ਾਰਮ ਹਾਊਸ ਵਿਚ ਉਨ੍ਹਾਂ ਤੱਕ ਨਹੀਂ ਪਹੁੰਚ ਸਕਦੇ ਸਨ। ਦੋ ਅਫ਼ਸਰਾਂ ਨੇ ਸਖ਼ਤੀ ਕਰਕੇ ਅਜਿਹਾ ਮਾਹੌਲ ਬਣਾਇਆ ਹੋਇਆ ਸੀ। ਇਸਤੋਂ ਖਿਝ ਕੇ ਬਹੁਤ ਸਾਰੇ ਨੇਤਾਵਾਂ ਨੇ ਸਿੱਧੂ ਨਾਲ ਮਿਲ ਕੇ ਮੁਹਿੰਮ ਆਰੰਭ ਕੀਤੀ, ਦਿੱਲੀ ਪਹੁੰਚ ਗਏ। ਨਤੀਜਾ ਸੱਭ ਦੇ ਸਾਹਮਣੇ ਹੈ।
ਨਵੇਂ ਮੁੱਖ ਮੰਤਰੀ ਖ਼ੁਦ ਸੱਭ ਨੂੰ ਮਿਲ ਰਹੇ ਹਨ। ਨੇਤਾਵਾਂ ਦੇ ਘਰ ਜਾ ਰਹੇ ਹਨ। ਇਹ ਚੰਗੀ ਪਹਿਲ ਹੈ। ਲਚਕੀਲਾਪਨ ਹਚੰਗੀ ਸ਼ਖ਼ਸੀਅਤ ਦੀ ਨਿਸ਼ਾਨੀ ਹੈ। ਮੀਡੀਆ ਅਜਿਹੀਆਂ ਸਰਗਰਮੀਆਂ ਨੂੰ ਲਗਾਤਾਰ ਕਵਰ ਕਰ ਰਿਹਾ ਹੈ। ਕੈਨੇਡਾ, ਇੰਗਲੈਂਡ ਦੇ ਪ੍ਰਧਾਨ ਮੰਤਰੀ ਅਕਸਰ ਲੋਕਾਂ ਵਿਚ ਵਿਚਰਦੇ ਵੇਖੇ ਜਾ ਸਕਦੇ ਹਨ। ਬੋਰਿਸ ਜੌਹਨਸਨ ਟਰਾਲੀ ਫੜ੍ਹ ਕੇ ਖੁਦ ਸਟੋਰ ਵਿਚੋਂ ਸਮਾਨ ਖਰੀਦਣ ਚਲੇ ਜਾਂਦੇ ਹਨ। ਜਸਟਿਨ ਟਰੂਡੋ ਆਮ ਵਿਅਕਤੀ ਵਾਂਗ ਸੜਕ ਕਿਨਾਰੇ ਜੌਗਿੰਗ ਕਰਦੇ ਨਜ਼ਰ ਆ ਜਾਂਦੇ ਹਨ। ਜਦ ਉਹ ਭਾਰਤ ਆਏ ਸਨ ਤਾਂ ਆਪਣੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਫਿਰਦੇ ਸੱਭ ਨੇ ਵੇਖੇ ਸਨ। ਪਤਾ ਨਹੀਂ ਸਾਡੇ ਲੀਡਰ ਵੱਖਰੀ ਦੁਨੀਆਂ ਦੇ ਵਾਸੀ ਬਣ ਕੇ ਰਹਿਣਾ ਪਸੰਦ ਕਿਉਂ ਕਰਦੇ ਹਨ। ਮੁਖ ਮੰਤਰੀ ਚੰਨੀ ਦੇ ਬਹਾਨੇ ਇਸ ਨੁਕਤੇ ʼਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ।