ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) :- ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ . ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਦਖਲ ਦੇਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਕੱਲ ਪੇਸ਼ਾਵਰ ਵਿਚ ਹੋਏ ਹਕੀਮ ਸਤਨਾਮ ਸਿੰਘ ਖਾਲਸਾ ਦੇ ਕਤਲ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ (ਆਈ ਐਸ ਕੇ ਪੀ) ਨੇ ਲਈ ਹੈ। ਇਹ ਉਹੀ ਜਥੇਬੰਦੀ ਹੈ ਜਿਸਨੇ ਕਾਬੁਲ ਹਵਾਈ ਅੱਡੇ ‘ਤੇ ਬੰਬ ਬਲਾਸਟ ਕਰ ਕੇ ਅਮਰੀਕੀ ਸੈਨਿਕਾਂ ਦਾ ਕਤਲ ਕੀਤਾ ਸੀ।
ਸਰਦਾਰ ਸਿਰਸਾ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਪਹਿਲਾਂ ਹੀ ਤਾਲਿਬਾਨ ‘ਤੇ ਸੱਤਾ ‘ਤੇ ਕਾਬਜ਼ ਹੋਣ ‘ਤੇ ਹਾਲਾਤ ਬਦ ਤੋਂ ਬਦਤਰ ਹੋ ਗਏ ਸਨ ਤੇ ਹੁਣ ਉਥੇ ਸਰਗਰਮ ਜਥੇਬੰਦੀ ਵੱਲੋਂ ਪਾਕਿਸਤਾਨ ਦੇ ਪੇਸ਼ਾਵਰ ਵਿਚ ਸਿੱਖ ਹਕੀਮ ਦਾ ਕਤਲ ਕੀਤੇ ਜਾਣ ਨਾਲ ਪਾਕਿਸਤਾਨ ਤੇ ਅਫਗਾਨਿਸਤਾਨ ਦੋਹਾਂ ਥਾਵਾਂ ‘ਤੇ ਘੱਟ ਗਿਣਤੀ ਸਿੱਖਾਂ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ।
ਉਹਨਾਂ ਕਿਹਾ ਕਿ ਇਹ ਸੰਸਥਾ ਘੱਟ ਗਿਣਤੀਆਂ ਨੁੰ ਆਪਣਾ ਨਿਸ਼ਾਨਾ ਬਣਾਉਂਦੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੋਵੇਂ ਹੀ ਆਪਣੇ ਵੱਲੋਂ ਹਰ ਸੰਭਵ ਤਰੀਕੇ ਨਾਲ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰ ਕੇ ਪਾਕਿਸਤਾਨ ਵਿਚ ਘੱਟ ਗਿਣਤੀ ਸਿੱਖਾਂ ਨੂੰ ਸੁਰੱਖਿਆ ਦੁਆਉਣ ਅਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।