ਫ਼ਤਹਿਗੜ੍ਹ ਸਾਹਿਬ – “ਸੈਂਟਰ ਦੀ ਮੋਦੀ ਹਕੂਮਤ ਅਤੇ ਯੂ.ਪੀ. ਦੀ ਜੋਗੀ ਮੁਤੱਸਵੀ ਹਕੂਮਤ ਦੇ ਸਿਆਸਤਦਾਨ ਤਾਕਤ ਦੇ ਨਸ਼ੇ ਵਿਚ ਇਖਲਾਕੀ ਅਤੇ ਇਨਸਾਨੀਅਤ ਤੌਰ ਤੇ ਐਨੇ ਗਿਰ ਚੁੱਕੇ ਹਨ ਕਿ ਕਿਸਾਨੀ ਮੰਗਾਂ ਦੇ ਹੱਕ ਵਿਚ ਜ਼ਮਹੂਰੀਅਤ ਅਤੇ ਅਮਨਮਈ ਢੰਗ ਨਾਲ ਰੋਸ਼ ਕਰ ਰਹੇ ਕਿਸਾਨਾਂ ਉਤੇ ਸੈਂਟਰ ਦੇ ਗ੍ਰਹਿ ਰਾਜ ਵਜ਼ੀਰ ਅਜੇ ਕੁਮਾਰ ਮਿਸਰਾ ਦੇ ਬੇਟੇ ਅਸੀਸ ਨੇ ਕਿਸਾਨਾਂ ਉਤੇ ਗੱਡੀ ਚੜਾਕੇ 4 ਕਿਸਾਨਾਂ ਨੂੰ ਮਾਰ ਦਿੱਤਾ ਹੈ ਅਤੇ ਅਨੇਕਾ ਨੂੰ ਜ਼ਖਮੀ ਕਰਨ ਦੀ ਅਤਿ ਸ਼ਰਮਨਾਕ ਨਿੰਦਣਯੋਗ ਜਾਲਮਨਾਂ ਕਾਰਵਾਈ ਕੀਤੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਉਥੇ ਮੋਦੀ ਹਕੂਮਤ ਅਤੇ ਯੂ.ਪੀ. ਦੀ ਜੋਗੀ ਹਕੂਮਤ ਦੇ ਮੁਤੱਸਵੀ ਸਿਆਸਤਦਾਨਾਂ ਨੇ ਕਿਸਾਨਾਂ ਦੇ ਕਾਤਲ ਵਜ਼ੀਰ ਦੇ ਲੜਕੇ ਉਤੇ 302, 120ਬੀ ਆਈ.ਪੀ.ਸੀ. ਧਾਰਾਵਾਂ ਅਧੀਨ ਐਫ.ਆਈ.ਆਰ. ਦਰਜ ਕਰਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਫ਼ਾਂਸੀ ਦੇਣ ਤੱਕ ਪਹੁੰਚਾਇਆ ਜਾਵੇ ਜਿਵੇਂਕਿ ਮੁਗਲਾਂ ਸਮੇਂ ਹੁਕਮਰਾਨ ਅਜਿਹੀ ਗੁਸਤਾਖੀ ਕਰਨ ਵਾਲੇ ਦੋਖੀ ਨੂੰ ਜ਼ਮੀਨ ਉਤੇ ਲਿਟਾ ਦਿੰਦੇ ਸਨ, ਫਿਰ ਉਸ ਉਤੇ ਹਾਥੀ ਦੇ ਦੋਵੇ ਪੈਰਾਂ ਦਾ ਭਾਰ ਪਾ ਕੇ ਫ਼ਾਂਸੀ ਦਿੰਦੇ ਸਨ, ਅਜਿਹੇ ਦੋਖੀਆ ਲਈ ਉਸੇ ਤਰ੍ਹਾਂ ਦੀ ਸਖਤ ਸਜ਼ਾ ਦੇਣ ਦਾ ਐਲਾਨ ਹੋਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ ਹੁਕਮਰਾਨਾਂ ਵੱਲੋਂ ਅਮਨਮਈ ਢੰਗ ਨਾਲ ਰੋਸ਼ ਕਰ ਰਹੇ ਕਿਸਾਨਾਂ ਉਤੇ ਗੱਡੀ ਚਾੜਕੇ 4 ਕਿਸਾਨਾਂ ਨੂੰ ਮਾਰ ਦੇਣ ਅਤੇ ਅਨੇਕਾ ਨੂੰ ਜਖ਼ਮੀ ਕਰਨ ਦੇ ਅਤਿ ਦੁਖਾਂਤ ਭਰੀ ਕਾਰਵਾਈ ਨੂੰ ਇਨਸਾਨੀਅਤ ਵਿਰੋਧੀ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਕਾਤਲ ਦੋਸ਼ੀਆਂ ਨੂੰ ਫ਼ਾਂਸੀ ਦੇ ਰੱਸੇ ਤੱਕ ਪਹੁੰਚਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਆਗੂ ਤੇ ਜਮਾਤਾਂ ਪੂਰਨ ਰੂਪ ਵਿਚ ਤਾਨਾਸ਼ਾਹ ਅਮਲ ਕਰਨ ਵੱਲ ਵੱਧ ਰਹੀਆ ਹਨ । ਇਥੋਂ ਤੱਕ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਨੂੰ ਜ਼ਬਰੀ ਕੁੱਚਲਿਆ ਜਾ ਰਿਹਾ ਹੈ । ਜੋਗੀ ਹਕੂਮਤ ਵੱਲੋਂ ਲਖੀਮਪੁਰ ਵਿਚ ਕਿਸੇ ਬਾਹਰੀ ਸਿੱਖ ਨੂੰ ਦਾਖਲ ਨਾ ਹੋਣ ਦਿੱਤਾ ਜਾਵੇ, ਦੇ ਤਾਨਾਸ਼ਾਹ ਹੁਕਮ ਕਰਕੇ ਇਸ ਕੀਤੀ ਗਈ ਗੈਰ ਇਨਸਾਨੀਅਤ ਕਾਰਵਾਈ ਪ੍ਰਤੀ ਉਠੇ ਰੋਹ ਉਤੇ ਬਲਦੀ ਉਤੇ ਤੇਲ ਪਾਉਣ ਦੀ ਗੱਲ ਦੀ ਗੁਸਤਾਖੀ ਕੀਤੀ ਜਾ ਰਹੀ ਹੈ। ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ 11-12 ਅਕਤੂਬਰ ਨੂੰ ਹਰ ਪਿੰਡ, ਸ਼ਹਿਰ ਪੱਧਰ ਦੇ ਹਰ ਗੁਰੂਘਰ ਵਿਚ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਬੇਅਬਦੀਆਂ, ਲਾਪਤਾ ਕੀਤੇ ਗਏ 328 ਸਰੂਪਾਂ ਲਈ, ਸ਼ਹੀਦ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਲਈ, ਜਸਟਿਸ ਸਾਂਗਵਾਨ ਅਤੇ ਜਸਟਿਸ ਸ਼ੇਰਾਵਤ ਵੱਲੋਂ ਕੀਤੀਆ ਗਈਆ ਪੱਖਪਾਤੀ ਕਾਰਵਾਈਆ ਵਿਰੁੱਧ, ਤਿੰਨ ਕਿਸਾਨ ਮਾਰੂ ਕਾਨੂੰਨਾਂ ਨੂੰ ਪੂਰਨ ਰੂਪ ਵਿਚ ਰੱਦ ਕਰਨ ਲਈ ਅਰਦਾਸ ਕਰ ਰਹੀ ਹੈ, ਉਥੇ ਇਸ ਅਰਦਾਸ ਵਿਚ ਲਖੀਮਪੁਰ ਖੀਰੀ ਵਿਖੇ ਹੁਕਮਰਾਨਾਂ ਵੱਲੋਂ 4 ਕਿਸਾਨਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਦੇਣ ਉਤੇ ਉਨ੍ਹਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਵੀ ਅਰਦਾਸ ਕੀਤੀ ਜਾਵੇਗੀ । ਇਸ ਉਪਰੰਤ 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਹੋਣ ਵਾਲੀ ਸਮੂਹਿਕ ਅਰਦਾਸ ਵਿਚ ਵੀ ਉਪਰੋਕਤ ਸਮੁੱਚੇ ਧਰਮੀ ਅਤੇ ਮਨੁੱਖਤਾ ਪੱਖੀ ਮੁੱਦਿਆ ਨੂੰ ਲੈਕੇ ਅਰਦਾਸ ਕੀਤੀ ਜਾਵੇਗੀ ।
ਸ. ਮਾਨ ਨੇ ਯੂ.ਪੀ. ਦੇ ਉੱਪ ਮੁੱਖ ਮੰਤਰੀ ਕੇਸਵ ਪ੍ਰਸ਼ਾਦ ਮੋਰੀਆ ਵੱਲੋ ‘ਕਿਸਾਨ ਅੰਦੋਲਨ’ ਨੂੰ ਚੋਣ ਅੰਦੋਲਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਹਿੰਦੂਤਵ ਫਿਰਕੂ ਜਮਾਤਾਂ, ਫਿਰਕੂ ਸੋਚ ਰੱਖਣ ਵਾਲੇ ਇੰਡੀਆਂ ਦੇ ਵਜ਼ੀਰ-ਏ-ਆਜਮ ਸ੍ਰੀ ਮੋਦੀ ਦੇ ਅਣਮਨੁੱਖੀ, ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਘੱਟ ਗਿਣਤੀ ਕੌਮਾਂ ਨੂੰ ਦਬਾਉਣ ਅਤੇ ਉਨ੍ਹਾਂ ਦੇ ਹੱਕਾਂ ਨੂੰ ਕੁੱਚਲਣ ਵਾਲੇ ਅਮਲਾਂ ਨੂੰ ਗੈਰ ਦਲੀਲ ਢੰਗ ਨਾਲ ਗੁੰਮਰਾਹਕੁੰਨ ਪ੍ਰਚਾਰ ਰਾਹੀ ਸਹੀ ਸਾਬਤ ਕਰਨ ਉਤੇ ਲੱਗੀਆ ਹੋਈਆ ਹਨ ਅਤੇ ਕਿਸਾਨ ਅੰਦੋਲਨ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ ਤੇ ਕੰਮ ਕਰ ਰਹੇ ਹਨ । ਇਹੀ ਵਜਹ ਹੈ ਕਿ ਸੈਟਰ ਦੇ ਬੀਜੇਪੀ ਜਮਾਤ ਦੇ ਹੁਕਮਰਾਨ ਤੇ ਵੱਖ-ਵੱਖ ਸਟੇਟਾਂ ਵਿਚ ਕੰਮ ਕਰ ਰਹੇ ਮੁਤੱਸਵੀ ਆਗੂ ਜ਼ਮਹੂਰੀਅਤ ਢੰਗ ਨਾਲ ਚੱਲ ਰਹੇ ਕਿਸਾਨ ਅੰਦੋਲਨ ਨੂੰ ਚੋਣ ਅੰਦੋਲਨ ਦਾ ਨਾਮ ਦੇ ਰਹੇ ਹਨ ਅਤੇ ਸੁਪਰੀਮ ਕੋਰਟ ਵਰਗੀ ਇਨਸਾਫ਼ ਦੇਣ ਵਾਲੀ ਵੱਡੀ ਸੰਸਥਾਂ, ਜੱਜਾਂ, ਅਦਾਲਤਾਂ ਦੀ ਦੁਰਵਰਤੋਂ ਕਰਕੇ ਚੱਲ ਰਹੇ ਕਿਸਾਨ ਅੰਦੋਲਨ ਉਤੇ ਕਾਨੂੰਨੀ ਰੋਕ ਲਗਾਕੇ ਕੌਮਾਂਤਰੀ ਪੱਧਰ ਉਤੇ ਮੋਦੀ ਹਕੂਮਤ ਦੀ ਹੋ ਰਹੀ ਬਦਨਾਮੀ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ । ਜਦੋਂਕਿ ਦੁਨੀਆਂ ਦੀ ਕੋਈ ਵੀ ਤਾਕਤ ਕਿਸਾਨਾਂ, ਮਜ਼ਦੂਰਾਂ ਅਤੇ ਸਿੱਖ ਕੌਮ ਦੇ ਇਨਸਾਫ ਪ੍ਰਾਪਤੀ ਦੇ ਚੱਲ ਰਹੇ ਇਸ ਸੰਘਰਸ਼ ਨੂੰ ਅਜਿਹੀਆ ਕਾਨੂੰਨੀ ਰੋਕਾਂ ਲਗਾਉਣ ਦੀਆਂ ਸਾਜ਼ਿਸਾਂ ਜਾਂ ਬਦਨਾਮ ਕਰਨ ਦੀਆਂ ਸਾਜ਼ਿਸਾਂ ਆਪਣੇ ਨਿਸ਼ਾਨੇ ਤੋਂ ਨਹੀਂ ਥਿੜਕਾ ਸਕਣਗੀਆ । 3 ਕਿਸਾਨ ਮਾਰੂ ਕਾਨੂੰਨ ਰੱਦ ਹੋਣ ਤੱਕ ਕਿਸਾਨ ਅੰਦੋਲਨ ਅਤੇ ਬਰਗਾੜੀ ਵਿਖੇ ਇਨਸਾਫ ਪ੍ਰਾਪਤੀ ਲਈ ਚੱਲ ਰਿਹਾ ਮੋਰਚਾ ਨਿਸ਼ਾਨੇ ਦੀ ਪ੍ਰਾਪਤੀ ਤੱਕ ਹਰ ਕੀਮਤ ਤੇ ਜਾਰੀ ਰਹੇਗਾ । ਜੋ ਅੰਮ੍ਰਿਤਸਰ ਦੇ ਪਿੰਡ ਘਰਿੰਡਾ ਥਾਣੇ ਦੇ ਅਧੀਨ ਨਿੱਕਾ ਭਕਨਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਦੁਖਾਂਤ ਵਾਪਰਿਆ ਹੈ ਅਤੇ ਅੰਮ੍ਰਿਤਸਰ ਵਿਖੇ ਇਕ ਹਿੰਦੂ ਗੋਬਿੰਦਾ ਕ੍ਰਿਸ਼ਨਾ ਦਾਸ ਵੱਲੋ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਪ੍ਰਕਾਸ਼ਿਤ ਕਰਕੇ ਅਤੇ ਇਕ ਘੋਨੇ-ਮੋਨੇ ਬੰਦੇ ਦੇ ਸਿਰ ਉਤੇ ਪੱਗੜੀ ਪਾ ਕੇ, ਭੰਗੜਾ ਪਾਉਦੇ ਹੋਏ ‘ਕੀਰਤਨ ਪਾਰਟੀ’ ਕਰਵਾਉਣ ਦਾ ਸਿੱਖ ਹਿਰਦਿਆ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਗਈ ਹੈ, ਇਹ ਸਭ ਮੁਤੱਸਵੀ ਜਮਾਤਾਂ, ਆਗੂਆਂ, ਬੀਜੇਪੀ-ਆਰ.ਐਸ.ਐਸ, ਸਿਰਸੇ ਵਾਲੇ ਸਾਧ ਅਤੇ ਉਨ੍ਹਾਂ ਨਾਲ ਘੁਲੀ-ਮਿਲੀ ਰਿਸਵਤਖੋਰ ਅਫ਼ਸਰਸਾਹੀ ਦੀਆਂ ਸਾਜ਼ਿਸਾਂ ਦਾ ਨਤੀਜਾ ਹੈ । ਜੋ ਕਿ ਚੋਣ ਵਰ੍ਹੇ ਨੂੰ ਮੁੱਖ ਰੱਖਕੇ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਵਿਚ ਨਫ਼ਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਲਈ ਸਾਜ਼ਿਸਾਂ ਰਚੀਆ ਜਾ ਰਹੀਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਪਰੋਕਤ ਵਾਪਰੇ ਦੁਖਾਂਤ ਦੀ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਅਤੇ ਇਸਦੇ ਸਾਜ਼ਿਸਕਾਰਾਂ ਨੂੰ ਸਾਹਮਣੇ ਲਿਆਉਣ ਦੀ ਜਿਥੇ ਮੰਗ ਕਰਦਾ ਹੈ, ਉਥੇ ਅਜਿਹੇ ਸਮਾਜ ਵਿਚ ਨਫ਼ਰਤ ਪੈਦਾ ਕਰਨ ਵਾਲੀਆ ਤਾਕਤਾਂ ਨੂੰ ਤੁਰੰਤ ਸਖਤ ਤੋਂ ਸਖਤ ਸਜਾਵਾਂ ਦੇਣ ਦਾ ਪ੍ਰਬੰਧ ਕਰਨ ਦੀ ਵੀ ਮੰਗ ਕਰਦਾ ਹੈ । ਸ. ਮਾਨ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ 11-12 ਅਕਤੂਬਰ ਨੂੰ ਆਪਣੇ ਪਿੰਡਾਂ ਵਿਚ ਅਤੇ 14 ਅਕਤੂਬਰ ਨੂੰ ਬਹਿਬਲ ਕਲਾ ਵਿਖੇ ਅਰਦਾਸ ਦਿਹਾੜੇ ਮਨਾਉਣ ਅਤੇ ਅਰਦਾਸ ਵਿਚ ਸਾਮਿਲ ਹੋਣ ਦੀ ਜੋਰਦਾਰ ਅਪੀਲ ਵੀ ਕੀਤੀ ।