ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਤੋਂ ਪਹਿਲਾਂ ਇੱਕ ਹਜ਼ਾਰ ਤੋਂ ਵੱਧ ਸਕੂਲੀ ਬੱਚਿਆਂ ਵੱਲੋਂ ਹਜ਼ਾਰਾਂ ਦਰੱਖਤ ਲਗਾਏ ਜਾਣਗੇ। ਇਸ ਤਹਿਤ ਗਲਾਸਗੋ ਚਿਲਡਰਨਜ਼ ਵੁਡਲੈਂਡ ਪ੍ਰੋਜੈਕਟ, ਸੰਮੇਲਨ ਵਿੱਚ ਆ ਰਹੇ ਵਿਸ਼ਵ ਨੇਤਾਵਾਂ ਨੂੰ ਜਲਵਾਯੂ ਸਬੰਧੀ ਕਾਰਵਾਈ ਕਰਨ ਲਈ ਪ੍ਰੇਰਿਤ ਕਰੇਗਾ। ਇਸ ਉਦੇਸ਼ ਲਈ ਗਲਾਸਗੋ ਸ਼ਹਿਰ ਵਿੱਚ 13 ਹੈਕਟੇਅਰ ਜਮੀਨ ‘ਤੇ 151 ਸਕੂਲਾਂ ਦੇ ਬੱਚਿਆਂ ਦੁਆਰਾ ਲਗਾਏ ਤਕਰੀਬਨ 17,000 ਓਕ ਦਰਖਤਾਂ ਲਗਾਏ ਜਾਣਗੇ। 1200 ਤੋਂ ਵੱਧ ਸਕੂਲੀ ਬੱਚੇ ਇਸ ਪ੍ਰੋਜੈਕਟ ਵਿੱਚ ਹਿੱਸਾ ਲੈਣਗੇ। ਇਹ ਉਮੀਦ ਕੀਤੀ ਜਾਂਦੀ ਹੈ, ਕਿ ਇਹ ਪ੍ਰੋਜੈਕਟ ਆਪਣੇ ਜੀਵਨ ਕਾਲ ਦੌਰਾਨ 6,000 ਟਨ ਕਾਰਬਨ ਡਾਈਆਕਸਾਈਡ ਨੂੰ ਸੋਖੇਗਾ। ਗਲਾਸਗੋ ਸ਼ਹਿਰ ਨੂੰ ਹੋਰ ਹਰਿਆ ਭਰਿਆ ਬਨਾਉਣ ਲਈ ਗਲਾਸਗੋ ਚਿਲਡਰਨਜ਼ ਵੁਡਲੈਂਡ ਪ੍ਰੋਜੈਕਟ ਵਾਤਾਵਰਣ ਚੈਰਿਟੀ ਟ੍ਰੀਜ਼ ਫਾਰ ਸਿਟੀਜ਼ ਤੇ ਗਲਾਸਗੋ ਸਿਟੀ ਕੌਂਸਲ, ਗ੍ਰੀਨ ਐਕਸ਼ਨ ਟਰੱਸਟ, ਟ੍ਰੀਜ਼ ਫਾਰ ਸਿਟੀਜ਼, ਸਕਾਟਿਸ਼ ਫੌਰੈਸਟਰੀ, ਸਕਾਟਿਸ਼ਪਾਵਰ ਅਤੇ ਦਿ ਕੰਜ਼ਰਵੇਸ਼ਨ ਵਾਲੰਟੀਅਰਜ਼ ਦਾ ਇੱਕ ਸਾਂਝਾ ਪ੍ਰੋਜੈਕਟ ਹੈ।