ਭਾਰਤ ਅਤੇ ਤਾਇਵਾਨ ਦੇ ਵਿਚਕਾਰ ਵਿਦਿਅਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਭਾਰਤ ’ਚ ਤਾਇਵਾਨ ਦੇ ਦੂਤਾਵਾਸ ਨਾਲ ਅਕਾਦਮਿਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਤਾਇਵਾਨ ਦੇ ਵਫ਼ਦ ਦੀ ਮੌਜੂਦਗੀ ਵਿੱਚ ਸਮਝੌਤੇ ’ਤੇ ਹਸਤਾਖ਼ਰ ਕੀਤੇ ਗਏ, ਜਿਸ ਦੌਰਾਨ ਤਾਈਵਾਨ ਦੇ ਰਾਜਦੂਤ ਬੌਸ਼ੌਨ ਗੇਰ, ਐਜੂਕੇਸ਼ਨ ਡਿਵੀਜ਼ਨ ਟੀ.ਈ.ਸੀ.ਸੀ ਦੇ ਡਾਇਰੈਕਟਰ ਪੀਟਰਸ ਚੇਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਹਿਮਾਨੀ ਸੂਦ ਉਚੇਚੇ ਤੌਰ ’ਤੇ ਮੌਜੂਦ ਸਨ। ਟੀਚਿੰਗ-ਲਰਨਿੰਗ ਪ੍ਰੀਕਿਰਿਆ ਨੂੰ ਮਜ਼ਬੂਤ ਅਤੇ ਉਤਸ਼ਾਹਤ ਕਰਨ, ਸਾਂਝੇ ਹਿੱਤਾਂ ਦੀ ਰੱਖਿਆ ਕਰਨ ਅਤੇ ਦੋਵਾਂ ਦੇਸ਼ਾਂ ਦੇ ਅਮੀਰ ਸੱਭਿਆਚਾਰਾਂ ਦੇ ਮਾਧਿਅਮ ਰਾਹੀਂ ਸਿੱਖਣ ਦੇ ਉਦੇਸ਼ ਨਾਲ ਸਮਝੌਤੇ ਦਾ ਆਦਾਨ-ਪ੍ਰਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਸਮਝੌਤਾ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਮੈਂਡਰਿਨ ਭਾਸ਼ਾ ਦੇ ਕੋਰਸ ਲਈ ਵਿਦਿਅਕ ਅਤੇ ਵਿਧੀਗਤ ਬੁਨਿਆਦ ਸਥਾਪਿਤ ਕਰਨ ’ਚ ਸਹਾਇਤਾ ਕਰੇਗਾ।ਤਾਇਵਾਨ ਅਤੇ ਭਾਰਤ ਦੀਆਂ ਉਚ ਵਿਦਿਅਕ ਸੰਸਥਾਵਾਂ ਵਿੱਚ ਸਹਿਯੋਗ ਦੀ ਸਹੂਲਤ ਲਈ ’ਵਰਸਿਟੀ ਪਰਿਸਰ ’ਚ ਤਾਇਵਾਨ ਐਜੂਕੇਸ਼ਨ ਸੈਂਟਰ ਦੀ ਸਥਾਪਨਾ ਵੀ ਕੀਤੀ ਜਾਵੇਗੀ।
ਇਸ ਮੌਕੇ ਬੌਸ਼ੌਨ ਗੇਰ ਨੇ ਕਿਹਾ ਕਿ ਤਾਇਵਾਨ ਭਾਰਤ ਤੋਂ ਵਧੇਰੇ ਵਿਦਿਆਰਥੀਆਂ ਨੂੰ ਆਕਰਸ਼ਤ ਕਰਨ ਦੀ ਇੱਛਾ ਰੱਖਦਾ ਹੈ, ਇਸ ਵੇਲੇ ਤਾਈਵਾਨ ਵਿੱਚ 1 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹ ਰਹੇ ਹਨ, ਪਰ ਭਾਰਤੀ ਵਿਦਿਆਰਥੀਆਂ ਦਾ ਅਨੁਪਾਤ ਬਹੁਤ ਘੱਟ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਮਝੌਤਾ ਨਿਸ਼ਚਿਤ ਰੂਪ ਤੋਂ ਵਧੇਰੇ ਵਿਦਿਆਰਥੀਆਂ ਨੂੰ ਤਾਇਵਾਨ ਵੱਲ ਆਕਰਸ਼ਤ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਆਦਾਨ-ਪ੍ਰਦਾਨ ਪ੍ਰੋਗਰਾਮਾਂ ਅਤੇ ਖੋਜ ਸਾਂਝੇਦਾਰੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਅਤੇ ਤਾਇਵਾਨ ਦੀਆਂ ਉੱਚ ਵਿਦਿਅਕ ਸੰਸਥਾਵਾਂ ਦਰਮਿਆਨ ਦੁਵੱਲੇ ਸਹਿਯੋਗ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗਾ। ਬੌਸ਼ੌਨ ਗੇਰ ਨੇ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਨੂੰ ਨਾ ਸਿਰਫ਼ ਮੈਂਡਰਿਨ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰੇਗਾ ਬਲਕਿ ਇਹ ਵਿਦਿਆਰਥੀਆਂ ਨੂੰ ਤਾਇਵਾਨ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਵਾਏਗਾ।
ਵਿਦਿਆਰਥੀ ਆਦਾਨ-ਪ੍ਰਦਾਨ ਬਾਬਤ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਭਵਿੱਖ ਵਿੱਚ ਇੱਕ ਪ੍ਰਤੀਭਾ ਪੂਲ ਦਾ ਨਿਰਮਾਣ ਕਰੇਗਾ ਅਤੇ ਜਦੋਂ ਵਿਦਿਆਰਥੀ ਭਾਰਤ ਵਾਪਸ ਆਉਣਗੇ, ਉਹ ਨਾ ਸਿਰਫ਼ ਭਾਸ਼ਾ ਦੇ ਹੁਨਰ ਨੂੰ ਵਾਪਸ ਲਿਆਉਣਗੇ ਬਲਕਿ ਤਾਇਵਾਨ ’ਚ ਸਥਾਪਿਤ ਕੀਤੀ ਨੈਟਵਰਕਿੰਗ ਨੂੰ ਵੀ ਨਾਲ ਲਿਆਉਣਗੇ। ਬੌਸ਼ੌਨ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਦੋਵਾਂ ਦੇਸ਼ਾਂ ਵਿਚਕਾਰ ਇੱਕ ਪੁਲ ਵਜੋਂ ਕੰਮ ਕਰ ਸਕਦੇ ਹਨ ਕਿਉਂਕਿ ਤਾਇਵਾਨ ਵਿੱਚ ਭਾਰਤ ਤੋਂ ਬਹੁਤ ਘੱਟ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਦੋਵਾਂ ਦੇਸ਼ਾਂ ਲਈ ਲੋਕਾਂ ਦਾ ਆਦਾਨ-ਪ੍ਰਦਾਨ ਬਹੁਤ ਮਹੱਤਵਪੂਰਨ ਹੈ ਅਤੇ ਅਜਿਹੀਆਂ ਪਹਿਲਕਦਮੀਆਂ ਵਧੇਰੇ ਲੋਕਾਂ ਨੂੰ ਤਾਇਵਾਨ ਅਤੇ ਭਾਰਤ ਬਾਰੇ ਡੂੰਘਾਈ ’ਚ ਜਾਣਨ ਵਿੱਚ ਸਹਾਇਤਾ ਕਰਨਗੀਆਂ। ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਾਇੰਸ ਅਤੇ ਤਕਨਾਲੋਜੀ ਸਬੰਧਿਤ ਕੋਰਸਾਂ ਤੋਂ ਇਲਾਵਾ ਹਿਊਮੈਨਟੀਜ਼ ਦੇ ਖੇਤਰ ’ਚ ਉਚ ਸਿੱਖਿਆ ਹਾਸਲ ਕਰਨ ਲਈ ਤਾਇਵਾਨ ਜਾ ਸਕਦੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਦਿਆਰਥੀ ਆਦਾਨ-ਪ੍ਰਦਾਨ ਅਤੇ ਸੰਯੁਕਤ ਖੋਜ ਕਾਰਜਾਂ ਲਈ ਪਹਿਲਾਂ ਤੋਂ ਹੀ ਤਾਇਵਾਨ ਦੀਆਂ ਵੱਖ-ਵੱਖ 17 ਯੂਨੀਵਰਸਿਟੀਆਂ ਨਾਲ ਅਕਾਦਮਿਕ ਗਠਜੋੜ ਸਥਾਪਿਤ ਕਰ ਚੁੱਕੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸਮਝੌਤਾ ਚੰਡੀਗੜ੍ਹ ਯੂਨੀਵਰਸਿਟੀ ਅਤੇ ਤਾਇਵਾਨ ਦੀਆਂ ਯੂਨੀਵਰਸਿਟੀਆਂ ਵਿਚਕਾਰ ਗਿਆਨ, ਖੋਜ, ਸਮੱਰਥਾ ਨਿਰਮਾਣ ਅਤੇ ਅਕਾਦਮਿਕ ਅਦਾਨ-ਪ੍ਰਦਾਨ ਲਈ ਕਾਰਗਰ ਸਿੱਧ ਹੋਵੇਗਾ। ਇਸ ਤੋਂ ਤਾਇਵਾਨ ਦੀਆਂ ਯੂਨੀਵਰਸਿਟੀਆਂ ਵਿਚਾਲੇ ਅਕਾਦਮਿਕ ਸਾਂਝ ਪਕੇਰੀ ਕਰਕੇ ਸਿੱਖਿਆ ਦੇ ਵਿਸ਼ਵੀਕਰਨ ਨੂੰ ਉਤਸ਼ਾਹਿਤ ਕਰਨ ਲਈ ਵੀ ਸਮਝੌਤਾ ਲਾਹੇਵੰਦ ਹੋਵੇਗਾ।