ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) : ਲ਼ਖੀਮਪੁਰ ਖੀਰੀ ਕਿਸਾਨ ਹੱਤਿਆ ਕਾਂਡ ਦੇ ਮਾਮਲੇ ਵਿਚ ਅਕਾਲ ਪੁਰਖ਼ ਕੀ ਫ਼ੌਜ ਵਲੋਂ ਉੱਤਰ ਪ੍ਰਦੇਸ਼ ਅਤੇ ਕੇਂਦਰੀ ਦੀ ਸਰਕਾਰ ਵਿਰੁੱਧ ਚਾਟੀਵਿੰਡ ਚੌਂਕ ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਸਲਾਂ ਤੇ ਫ਼ਸਲਾਂ ਦੇ ਸ਼ਾਂਤੀਪੂਰਨ ਸੰਘਰਸ਼ ਵਿਚ ਸ਼ਹੀਦ ਕਰ ਦਿੱਤੇ ਕਿਸਾਨਾਂ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜਥੇਬੰਦੀ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬੁਲਾਰਿਆਂ ਨੇ ਕਿਹਾ ਕਿ ਇਹ ਭਾਰਤ ਅੰਦਰਲੀ ਅਰਾਜਕਤਾ ਅਤੇ ਅੱਤਵਾਦ ਦੀ ਮੂੰਹ ਬੋਲਦੀ ਤਸਵੀਰ ਹੈ।
ਇਸ ਮੌਕੇ ਹਾਜ਼ਰ ਆਗੂਆਂ ਅਤੇ ਭਰਾਤਰੀ ਜਥੇਬੰਦੀਆਂ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ। ਦੂਸਰਾ ਅਜੈ ਮਿਸ਼ਰਾ ਖਿਲਾਫ਼ ਹਿੰਸਾ ਦੀ ਸਾਜਿਸ਼ ਘੜਨ ਅਤੇ ਫ਼ਿਰਕੂ ਹਿੰਸਾ ਫੈਲਾਉਣ ਦੇੇ ਦੋਸ਼ ਦੇ ਨਾਲ ਨਾਲ ਕਤਲਾਂ ਦਾ ਕੇਸ ਦਰਜ ਕੀਤਾ ਜਾਵੇ। ਕੇਂਦਰੀ ਮੰਤਰੀ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਤੇ ਸਾਥੀ ਗੁੰਡਿਆਂ ਨੂੰ ਕਤਲਾਂ ਦੇ ਕੇਸ ਵਿਚ ਤੁਰੰਤ ਗ਼੍ਰਿਫ਼ਤਾਰ ਕੀਤਾ ਜਾਵੇ।
ਇਸ ਵਿਆਪਕ ਪੱਧਰ’ਤੇ ਵਾਪਰੇ ਹੱਤਿਆ ਕਾਂਡ ਦਾ ਸੁਪਰੀਮ ਕੋਰਟ ਸਿੱਧਾ ਨੋਟਿਸ ਲੈ ਕੇ ਦੇਸ਼ ਦੇ ਲੋਕਤੰਤਰ ਦੀ ਸੁਰੱਖਿਆ ਯਕੀਨੀ ਬਣਾਵੇ। ਇਸ ਮੌਕੇ ਦੇਸ਼ ਦੇ ਘੱਟ-ਗਿਣਤੀ ਕਮਿਸ਼ਨ ਦਾ ਫਰਜ਼ ਬਣਦਾ ਹੈ ਕਿ ਉਹ ਬਿਨਾਂ ਕਿਸੇ ਸ਼ਿਕਾਇਤ ਸੰਵਿਧਾਨਕ ਸੰਸਥਾ ਵਜੋਂ ਸਖ਼ਤ ਕਾਰਵਾਈ ਕਰੇੇ।
ਰੋਸ ਪ੍ਰਦਰਸ਼ਨ ਕਰਦੇ ਇਕੱਠ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਹਿੰਸਾ ਭੜਕਾਉਣ ਦੀ ਵਤੀਰੇ ਤੇ ਵਰਤਾਰੇ ਦੇ ਦੋਸ਼ ਵਿਚ ਅੱਜ ਤੱਕ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਸੀ।
ਅਕਾਲ ਪੁਰਖ਼ ਕੀ ਫ਼ੌਜ ਅਤੇ ਹਾਜ਼ਰ ਆਗੂਆਂ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਦਾ ਜੋ ਹੀਆ ਕੀਤਾ ਜਾ ਰਿਹਾ ਹੈ, ਇਸ ਨੂੰ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸਤਨਾਮ ਸਿੰਘ ਖੰਡਾ, ਕੁਲਜੀਤ ਸਿੰਘ ਸਿੰਘ ਬਰੋਦਰਸ, ਬਲਵਿੰਦਰ ਸਿੰਘ ਜੋੜਾਂ ,ਸਰਬਜੀਤ ਸਿੰਘ,ਗੁਰਵਿੰਦਰ ਸਿੰਘ ਵਾਲੀਆ,ਗੁਰਜੀਤ ਸਿੰਘ ਰੰਧਾਵਾ,ਡਾਕਟਰ ਅਮਰਬੀਰ ਸਿੰਘ,ਜਸਪ੍ਰੀਤ ਸਿੰਘ ,ਰਾਵਿਸ਼ੇਰ ਸਿੰਘ,ਮਨਪ੍ਰੀਤ ਬੰਟੀ, ਜਸਵਿੰਦਰ ਸਿੰਘ , ਹਰਪ੍ਰੀਤ ਸਿੰਘ, ਹਾਜ਼ਰ ਸਨ ।