ਸਰੀ,(ਹਰਦਮ ਮਾਨ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਦੇ ਸਿੱਖਾਂ ਵੱਲੋਂ ਕੀਤੇ ਜਾਂਦੇ ਦਾਨ ਪ੍ਰਤੀ ਪ੍ਰਗਟ ਕੀਤੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਹੈ। ਜ਼ਿਕਰਯੋਗ ਹੈ ਕਿ ਠਾਕੁਰ ਦਲੀਪ ਸਿੰਘ ਨੇ ਆਪਣੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਗੁਰਬਾਣੀ ਅਨੁਸਾਰ ਸਿੱਖਾਂ ਦਾ ਦਾਨ ਕੇਵਲ ਸਿੱਖਾਂ ਲਈ ਹੋਣਾ ਚਾਹੀਦਾ ਹੈ। ਉਨ੍ਹਾਂ “ਸ੍ਰੀ ਦਸਮ ਗ੍ਰੰਥ ” ਦੇ ਹਵਾਲੇ ਨਾਲ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਵਿਚ ਲਿਖਿਆ ਹੈ ਕਿ ਸਿੱਖਾਂ ਵੱਲੋਂ ਸਿੱਖਾਂ ਨੂੰ ਕੀਤਾ ਗਿਆ ਦਾਨ ਹੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਗੁਰਸਿੱਖ ਨੂੰ ਦਿੱਤਾ ਦਾਨ ਹੀ ਅੱਗੇ ਜਾ ਕੇ ਪ੍ਰਲੋਕ ਵਿਚ ਫਲੇਗਾ ਅਤੇ ਗ਼ੈਰ ਸਿੱਖਾਂ ਨੂੰ ਦਿੱਤਾ ਦਾਨ ਨਿਹਫਲ ਹੋਵੇਗਾ।
ਡਾ. ਸਰਬਜਿੰਦਰ ਸਿੰਘ ਨੇ ਕਿਹਾ ਹੈ ਕਿ ਠਾਕੁਰ ਦਲੀਪ ਸਿੰਘ ਦੀ ਇਹ ਵੀਡੀਓ ਧੁਰ ਅੰਦਰ ਤੱਕ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਜੇਕਰ ਸਿੱਖਾਂ ਦੇ ਘਰ ਵਿਚ ਗੁਰਬਤ ਹੈ, ਹਨੇਰਾ ਹੈ, ਭੁੱਖਮਰੀ ਹੈ, ਦਾਣੇ ਦਾਣੇ ਦੀ ਮੁਹਥਾਜੀ ਹੈ, ਪੀੜਾ ਹੈ, ਵਿਰਲਾਪ ਹੈ ਅਤੇ ਅਜਿਹੇ ਹਾਲਾਤ ਵਿਚ ਸਿੱਖਾਂ ਨੇ ਆਪਣੇ ਗਰੀਬ ਸਿੱਖ ਭਾਈਚਾਰੇ ਬਾਰੇ ਨਹੀਂ ਸੋਚਣਾ ਤਾਂ ਫਿਰ ਇਸਾਈ, ਮੁਸਾਈ ਅਤੇ ਹਿੰਦਾਈ ਉਨ੍ਹਾਂ ਗਰੀਬ ਸਿੱਖਾਂ ਨੂੰ ਰੋਟੀ ਦਾ ਲਾਲਚ ਦੇ ਕੇ ਆਪਣੇ ਵੱਲ ਖਿੱਚ ਹੀ ਲੈਣਗੇ। ਅਜਿਹਾ ਹੋਣ ਮਗਰੋਂ ਸਿੱਖਾਂ ਵੱਲੋਂ ਕੀਤੇ ਗ਼ਿਲੇ ਸ਼ਿਕਵੇ ਜਾਂ ਸ਼ਿਕਾਇਤਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਹ ਨਾ ਹੋਵੇ ਕਿ ਸਿੱਖ ਸਰਬੱਤ ਵੱਲ ਵੇਖਦੇ ਰਹਿ ਜਾਣ ਅਤੇ ਸਿੱਖਾਂ ਦੇ ਆਪਣੇ ਘਰ ਨੂੰ ਚੋਰ ਸੰਨ੍ਹ ਲਾ ਲੈਣ।
ਉਨ੍ਹਾਂ ਕਿਹਾ ਕਿ “ਅਕਲੀ ਕੀਚੈ ਦਾਨ” ਦੇ ਮਹਾਂਵਾਕ ਨੂੰ ਭੁੱਲ ਭੁਲਾ ਕੇ ਜੇ ਕੁਝ ਕਰੋਗੇ ਤਾਂ ਮੂਲੋਂ ਹੀ ਨਿਰਾਰਥਕ ਹੋਵੇਗਾ। ਹੁਣ ਸੋਚਣ ਦਾ ਵੇਲਾ ਹੈ, ਜੇਕਰ ਨਾ ਸੋਚਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਵੱਲੋਂ ਬੇਮੁਖ ਹੋ ਜਾਣਗੇ ਅਤੇ ਜੇਕਰ ਗੁਰੂ ਨਾਨਕ ਜੀ ਨੇ ਸਾਡੀਆਂ ਕੋਤਾਹੀਆਂ ਨੂੰ ਵੇਖ ਕੇ ਸਾਡੇ ਵੱਲੋਂ ਮੁੱਖ ਮੋੜ ਲਿਆ ਤਾਂ ਸਾਡੇ ਪੱਲੇ ਕੁਝ ਨਹੀਂ ਰਹਿਣਾ। ਉਨ੍ਹਾਂ ਸਿੱਖ ਕੌਮ ਲਈ “ਦੀਜੈ ਬੁਧਿ ਬਿਬੇਕਾ” ਦੀ ਅਰਦਾਸ ਕਰਦਿਆਂ ਕਿਹਾ ਹੈ ਕਿ ਸਿੱਖਾਂ ਲਈ ਬੁਧਿ ਬਿਬੇਕ ਦੀ ਲੋੜ ਹੈ।