ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੇ ਕਾਂਡ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਜਿਸਨੂੰ ਅਜ ਪੁੱਛਗਿਛ ਲਈ ਪੁਲਿਸ ਵਲੋਂ ਸੱਦਿਆ ਗਿਆ ਸੀ, ਅੱਜ ਜਾਂਚ ਲਈ ਪੁਲਿਸ ਅੱਗੇ ਪੇਸ਼ ਨਹੀਂ ਹੋਇਆ। ਇਸ ਬਾਰੇ ਸੋਸ਼ਲ ਮੀਡੀਆ ਤੇ ਕਿਆਸਾਂ ਲਗਦੀਆਂ ਰਹੀਆਂ ਕਿ ਉਹ ਨੇਪਾਲ ਦੌੜ ਗਿਆ ਹੈ, ਜਦਕਿ ਅਜ ਉਸਦੇ ਪਿਓ ਵਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਕਿ ਉਸਦੇ ਬੇਟੇ ਦੀ ਤਬੀਯਤ ਖਰਾਬ ਹੋਣ ਕਰਕੇ ਓਹ ਪੁਲਿਸ ਅੱਗੇ ਪੇਸ਼ ਨਹੀਂ ਹੋਇਆ ਤੇ ਕਲ 11 ਵਜੇ ਪੇਸ਼ ਹੋਵੇਗਾ ਤੇ ਓਸ ਨਾਲ ਮੈ ਵੀ ਪੇਸ਼ ਹੋ ਕੇ ਆਪਣੀ ਗਵਾਹੀ ਦਰਜ਼ ਕਰਵਾਵਾਂਗਾ । ਇਸ ਦੌਰਾਨ ਪੁਲਿਸ ਵਲੋਂ ਅਜ ਪੇਸ਼ ਹੋਣ ਲਈ ਮੁੜ ਉਸਦੇ ਘਰ ਦੇ ਬਾਹਰਨੋਟਿਸ ਚਿਪਕਾ ਦਿਤਾ ਗਿਆ ਹੈ ।
ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਯੂਪੀ ਸਰਕਾਰ ਨੂੰ ਫਟਕਾਰ ਲਾਈ ਹੈ। ਅਦਾਲਤ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਸਰਕਾਰ ਦਾ ਰਵੱਈਆ ਤਸੱਲੀਬਖ਼ਸ਼ ਨਹੀਂ ਹੈ । ਅਦਾਲਤ ਨੇ ਕਿਹਾ ਕਿ ਜੇ ਧਾਰਾ 302 ਤਹਿਤ ਕੇਸ ਦਰਜ਼ ਕੀਤਾ ਗਿਆ ਸੀ ਤਾਂ ਮੁਲਜ਼ਮ ਹਾਲੇ ਤੱਕ ਫ਼ਰਾਰ ਕਿਉਂ ਹੈ। ਕੀ ਪੁਲਿਸ ਇਸ ਧਾਰਾ ਤਹਿਤ ਦਰਜ ਮਾਮਲਿਆਂ ਵਿੱਚ ਨਾਮਜ਼ਦਾ ਨਾਲ ਹਮੇਸ਼ਾਂ ਇਸੇ ਤਰ੍ਹਾਂ ਕਰਦੀ ਹੈ। ਕੇਸ ਵਿੱਚ ਵੱਡੇ ਵੱਡੇ ਨਾਮ ਸ਼ਾਮਲ ਹੋਣ ਕਾਰਨ ਇਸ ਮਾਮਲੇ ਦੀ ਜਾਂਚ ਬੜੀ ਚੌਕਸੀ ਨਾਲ ਕਰਨੀ ਪਵੇਗੀ । ਇਸ ਲਈ ਸਰਕਾਰ ਕੇਸ ਨਾਲ ਸਬੰਧ ਸਬੂਤਾਂ ਛੇੜਖਾਨੀ ਨਾ ਹੋਣ ਦਾ ਢੁਕਵਾਂ ਇੰਤਜ਼ਾਮ ਕਰੇ । ਅਦਾਲਤ ਵਲੋਂ ਮਾਮਲੇ ਦੀ ਸੁਣਵਾਈ 20 ਅਕਤੂਬਰ ਨੂੰ ਕੀਤੀ ਜਾਏਗੀ ।