ਫ਼ਤਹਿਗੜ੍ਹ ਸਾਹਿਬ – “ਪਾਕਿਸਤਾਨ-ਪੰਜਾਬ ਦੀਆਂ ਸਰਹੱਦਾਂ ਰਾਹੀ ਗੰਢੇ ਦੀ ਫ਼ਸਲ ਦੇ ਟਰੱਕ ਭਰਕੇ ਪੰਜਾਬ ਆ ਰਹੇ ਹਨ, ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਗੰਢੇ ਦੀ ਫ਼ਸਲ ਦੀ ਕੀਮਤ ਤਾਂ ਗਿਰ ਜਾਵੇਗੀ । ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਮਾਲੀ ਤੌਰ ਤੇ ਵੱਡੇ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਅਜਿਹਾ ਇੰਡੀਆਂ ਦੀ ਮੁਤੱਸਵੀ ਮੋਦੀ ਹਕੂਮਤ ਜੋ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਸੋਚ ਰੱਖਦੀ ਹੈ, ਉਸ ਵੱਲੋਂ ਮੰਦਭਾਵਨਾ ਭਰੀ ਸੋਚ ਅਧੀਨ ਪਾਕਿਸਤਾਨ ਤੋਂ ਗੰਢੇ ਮੰਗਵਾਏ ਜਾ ਰਹੇ ਹਨ । ਜੇਕਰ ਇੰਡੀਆਂ ਦੇ ਹੁਕਮਰਾਨ ਅਸਲੀਅਤ ਵਿਚ ਪੰਜਾਬ ਅਤੇ ਇੰਡੀਆਂ ਦੇ ਕਿਸਾਨ-ਖੇਤ ਮਜ਼ਦੂਰ ਭਰਾਵਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਸੁਹਿਰਦ ਹਨ ਤਾਂ ਮੋਦੀ ਹਕੂਮਤ ਨੂੰ ਪਹਿਲ ਦੇ ਆਧਾਰ ਉਤੇ ਇਹ ਉਦਮ ਕਰਨਾ ਬਣਦਾ ਹੈ ਕਿ ਉਹ ਪਾਕਿਸਤਾਨ ਸਰਕਾਰ ਨਾਲ ਵਪਾਰਿਕ ਮੁੱਦਿਆ ਉਤੇ ਗੱਲਬਾਤ ਕਰਕੇ ਹੁਸੈਨੀਵਾਲਾ, ਸੁਲੇਮਾਨਕੀ, ਵਾਹਗਾ, ਅਟਾਰੀ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਕਿਸਾਨੀ ਉਤਪਾਦ ਅਤੇ ਛੋਟੇ ਉਦਯੋਗਾਂ ਤੇ ਉਤਪਾਦਾਂ ਦੇ ਵਪਾਰ ਲਈ ਫੌਰੀ ਖੋਲਣ ਦਾ ਪ੍ਰਬੰਧ ਕਰਨ । ਤਾਂ ਕਿ ਪੰਜਾਬ ਤੇ ਇੰਡੀਆ ਤੇ ਕਿਸਾਨਾਂ, ਛੋਟੀਆ ਫੈਕਟਰੀਆਂ ਦੇ ਮਾਲਕਾਂ ਨੂੰ ਆਪਣੇ ਉਤਪਾਦ ਪਾਕਿਸਤਾਨ, ਅਫ਼ਗਾਨੀਸਤਾਨ, ਇਰਾਕ, ਇਰਾਨ, ਸਾਊਦੀ ਅਰਬ, ਦੁਬੱਈ ਆਦਿ ਗਲਫ ਮੁਲਕਾਂ ਅਤੇ ਮੱਧ ਏਸੀਆ ਵਿਚ ਆਪਣੀਆ ਵਸਤਾਂ ਨੂੰ ਭੇਜਕੇ ਆਪਣੇ ਲਾਭ ਨੂੰ ਵਧਾ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਪਾਕਿਸਤਾਨ ਤੋਂ ਟਰੱਕਾਂ ਰਾਹੀ ਗੰਢੇ ਦੀ ਫ਼ਸਲ ਨੂੰ ਵੱਡੇ ਪੱਧਰ ਉਤੇ ਮੰਗਵਾਕੇ ਪੰਜਾਬ ਦੇ ਜ਼ਿੰਮੀਦਾਰਾਂ ਦੇ ਗੰਢੇ ਦੀ ਫ਼ਸਲ ਦੀਆਂ ਕੀਮਤਾਂ ਨੂੰ ਮੰਦਭਾਵਨਾ ਅਧੀਨ ਘੱਟ ਕਰਨ ਦੀਆਂ ਕਾਰਵਾਈਆ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਪੰਜਾਬ ਦੇ ਜ਼ਿੰਮੀਦਾਰਾਂ ਦੀ ਮਾਲੀ ਹਾਲਤ ਨੂੰ ਸਹੀ ਰੱਖਣ ਹਿੱਤ ਪੰਜਾਬ ਤੇ ਪਾਕਿਸਤਾਨ ਦੀਆਂ ਸਰਹੱਦਾਂ ਨੂੰ ਤੁਰੰਤ ਖੋਲ੍ਹੇ ਜਾਣ ਦੀ ਗੱਲ ਨੂੰ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਕਣਕ ਦੀ ਬਹੁਤ ਵੱਡੀ ਘਾਟ ਹੈ ਅਤੇ ਪਾਕਿਸਤਾਨ ਕਣਕ ਰੂਸ ਤੋ ਮੰਗਵਾ ਰਿਹਾ ਹੈ । ਜਦੋਂਕਿ ਪੰਜਾਬ ਕੋਲ ਕਣਕ ਦੀ ਵਾਧੂ ਫ਼ਸਲ ਹੈ, ਫਿਰ ਪਾਕਿਸਤਾਨ ਤੇ ਪੰਜਾਬ ਦੀ ਸਰਹੱਦ ਬਿਲਕੁਲ ਨਾਲ ਲੱਗਦੀ ਹੈ, ਫਿਰ ਇਸ ਕੰਮ ਲਈ ਇੰਡੀਆ ਦੇ ਹੁਕਮਰਾਨ ਇਨ੍ਹਾਂ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੇ ਉਦਮ ਕਿਉਂ ਨਹੀਂ ਕਰਦੇ ? ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਪੰਜਾਬ-ਪਾਕਿਸਤਾਨ ਦੀਆਂ ਸਰਹੱਦਾਂ ਨੂੰ ਖੋਲ੍ਹ ਦਿੱਤਾ ਜਾਵੇ ਤਾਂ ਹੁਸੈਨੀਵਾਲਾ ਸਰਹੱਦ ਰਾਹੀ ਕਸੂਰ, ਲਾਹੌਰ, ਸੁਲੇਮਾਨਕੀ ਸਰਹੱਦ ਰਾਹੀ ਬਹਾਵਲਪੁਰ, ਸਰਗੋਧਾ, ਰਾਵਲਪਿੰਡੀ ਅਤੇ ਕਰਤਾਰਪੁਰ ਸਾਹਿਬ ਰਾਹੀ ਸਿਆਸਲਕੋਟ, ਸੇਖੂਪੁਰਾ, ਗੁਜਰਾਵਾਲਾ ਆਦਿ ਜ਼ਿਲਿ੍ਹਆਂ ਨੂੰ ਕਿਸਾਨੀ ਵਸਤਾਂ ਭੇਜੀਆ ਜਾ ਸਕਦੀਆ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇੰਡੀਆਂ ਦੀ ਮੋਦੀ ਹਕੂਮਤ ਕਿਸਾਨਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਅਤੇ ਛੋਟੇ ਕਾਰਖਾਨੇਦਾਰਾਂ ਨੂੰ ਮਜ਼ਬੂਤ ਕਰਨ ਲਈ ਉਪਰੋਕਤ ਚਾਰੇ ਸਰਹੱਦਾਂ ਖੋਲ੍ਹਕੇ ਵਪਾਰ ਨੂੰ ਪ੍ਰਫੁੱਲਿਤ ਕਰਨ ਵਿਚ ਜ਼ਿੰਮੇਵਾਰੀ ਨਿਭਾਏਗੀ ।