ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਘੁਟਾਲੇਬਾਜਾਂ ਵੱਲੋਂ ਨਕਲੀ ਬੈਂਕ ਕਾਲ ਕਰਕੇ ਇੱਕ 87 ਸਾਲਾਂ ਬਜ਼ੁਰਗ ਨਾਲ ਹਜ਼ਾਰਾਂ ਪੌਂਡ ਦੀ ਧੋਖਾਧੜੀ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਜ਼ੁਰਗ ਨੂੰ ਨਕਲੀ ਬੈਂਕ ਅਧਿਕਾਰੀ ਬਣ ਕੇ ਟੈਲੀਫੋਨ ਕੀਤਾ ਗਿਆ ਅਤੇ ਕਿਹਾ ਕਿ ਉਸਨੂੰ ਆਪਣੇ ਬੈਂਕ ਖਾਤੇ ਵਿਚਲੇ ਪੈਸੇ ਨੂੰ ਬਚਾਉਣ ਲਈ ਹੋਰ ਖਾਤੇ ਵਿੱਚ ਤਬਦੀਲ ਕਰਨੇ ਪੈਣਗੇ। ਜਿਸ ਉਪਰੰਤ ਫਾਈਫ ਦੇ ਬਜ਼ੁਰਗ ਵੱਲੋਂ 30,000 ਪੌਂਡ ਟ੍ਰਾਂਸਫਰ ਕਰ ਦਿੱਤੇ ਗਏ। ਸਕਾਟਲੈਂਡ ਦੇ ਪੁਲਿਸ ਅਧਿਕਾਰੀ ਇਸ ਯੋਜਨਾ ਵਿੱਚ ਸ਼ਾਮਲ ਲੋਕਾਂ ਦੀ ਭਾਲ ਕਰ ਰਹੀ ਹੈ। ਇਸਦੇ ਇਲਾਵਾ ਪੁਲਿਸ ਨੇ ਕਮਜ਼ੋਰ ਅਤੇ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਰਿਪੋਰਟਾਂ ਵਿੱਚ ਵਾਧੇ ਦੇ ਬਾਅਦ ਹੋਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਪੁਲਿਸ ਅਨੁਸਾਰ ਇਸ ਤਰ੍ਹਾਂ ਦੀ ਕਾਲ ਕਰਨ ਵਾਲੇ ਲੋਕ ਅਕਸਰ ਹਮਲਾਵਰ ਅਤੇ ਡਰਾਉਣ ਵਾਲੇ ਹੋ ਸਕਦੇ ਹਨ ਅਤੇ ਉਹ ਲੋਕਾਂ ‘ਤੇ ਪੈਸੇ ਟ੍ਰਾਂਸਫਰ ਕਰਨ ਲਈ ਦਬਾਅ ਪਾਉਂਦੇ ਹਨ। ਘੁਟਾਲੇਬਾਜ਼ ਅਕਸਰ ਲੋਕਾਂ ਨੂੰ ਕਹਿੰਦੇ ਹਨ ਕਿ ਕੰਪਿਊਟਰ ਜਾਂ ਇੰਟਰਨੈਟ ਵਿੱਚ ਨੁਕਸ, ਨਵੀਨੀਕਰਣ ਜਾਂ ਬੈਂਕ ਖਾਤੇ ਵਿੱਚ ਸਮੱਸਿਆ ਕਾਰਨ ਉਪਭੋਗਤਾ ਦੇ ਪੈਸੇ ਖਤਰੇ ਵਿੱਚ ਹਨ। ਇਹ ਅਪਰਾਧੀ ਥਰਡ-ਪਾਰਟੀ ਫ਼ੋਨ ਐਪਲੀਕੇਸ਼ਨਾਂ ਜਾਂ ਵੈਬਸਾਈਟਾਂ ਸਮੇਤ ਵੱਖ-ਵੱਖ ਤਰੀਕਿਆਂ ਨਾਲ ਨਿੱਜੀ ਵੇਰਵੇ ਪ੍ਰਾਪਤ ਕਰਦੇ ਹਨ ਜੋ ਉਹਨਾਂ ਨੂੰ ਲੋਕਾਂ ਦੇ ਕੰਪਿਊਟਰ ਜਾਂ ਬੈਂਕ ਖਾਤੇ ਲਈ ਪਹੁੰਚਯੋਗ ਬਣਾਉਂਦੇ ਹਨ।