ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਇਕ ਵਿਦਿਅਕ ਸੰਸਥਾਂ ਵਿਚ ਸਾਮਗਮ ਦੌਰਾਨ ਸੰਬੋਧਨ ਦੌਰਾਨ ਇਹ ਕਹਿਣਾ ਕਿ ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੌਜਵਾਨਾਂ ਉਪਰ ਮਾਰੂ ਅਸਰ ਪਾਉਂਦੀ ਹੈ। ਗਾਇਕੀ ਵਿਚ ਇਸ ਕਿਸਮ ਦਾ ਮਾਰੂ ਰੁਝਾਨ ਸਾਡੇ ਸਭਿਆਚਾਰ ਨੂੰ ਵੀ ਪ੍ਰਦੂਸ਼ਤ ਕਰਦਾ ਹੈ।ਇਸ ਗੰਭੀਰ ਅਤੇ ਸੰਵੇਦਨਸ਼ੀਲ ਮਸਲੇ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਇਪਟਾ ਦਾ ਵਫ਼ਦ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲੇਗਾ।
ਇਹ ਜਾਣਕਾਰੀ ਦਿੰਦੇ ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਕਿ ਉਕਤ ਗੰਭੀਰ ਮਸਲੇ ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਪਟਾ, ਪੰਜਾਬ ਨੇ ਪੱਤਰ ਲਿਖੇ ਸਨ। ਦੋਵਾਂ ਮਾਨਯੋਗ ਮੁੱਖ ਮੰਤਰੀ ਸਾਹਿਬਾਨਾਂ ਨੇ ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਮਸਲੇ ਬਾਰੇ ਲਿਖੇ ਪੱਤਰ ਨੂੰ ਅਹਿਮੀਅਤ ਦਿੱਤੀ ਅਤੇ ਡਾਇਰੈਕਟਰ ਸੂਚਨਾਂ ਤੇ ਲੋਕ ਸੰਪਰਕ ਵਿਭਾਗ, ਪੰਜਾਬ (ਚੰਡੀਗੜ੍ਹ) ਨੇ ਇਪਟਾ, ਪੰਜਾਬ ਨੂੰ ਪੱਤਰ ਨੰ. ਪੀ.ਆਰ(ਗ.ਨ.)-2016/26415 ਮਿਤੀ 2/11/2016 ਅਤੇ ਪ੍ਰਿੰਸੀਪਲ ਸਕੱਤਰ ਦੇ ਦਫਤਰ ਵੱਲੋਂ ਪੀ ਐਸ/ਪੀ ਐਸ ਸੀ ਐਮ 2017/116 ਮਿਤੀ 19-06-17 ਰਾਂਹੀ ਸਕੱਤਰ, ਸੂਚਨਾਂ ਅਤੇ ਪ੍ਰਸਾਰਨ ਮੰਤਰਾਲੇ ਭਾਰਤ ਸਰਕਾਰ ਨੂੰ ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀਸਬੰਧੀ ਕਾਨੂੰਨ ਅਨੁਸਾਰ ਅਗਲੇਰੀ ਜ਼ਰੂਰੀ ਕਾਰਵਾਈ ਕਰਨ ਅਤੇ ਸੈਂਸਰ ਬੋਰਡ ਦੀ ਸ਼ਾਖਾ ਪੰਜਾਬ ਵਿਚ ਖੋਲਣ ਦੀ ਬੇਨਤੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਪਿਛਲੇ ਤੀਹ ਸਾਲਾਂ ਤੋਂ ਸਭਿਆਚਾਰਕ ਵਰਗੇ ਗੰਭੀਰ ਮਸਲੇ ਬਾਰੇ ਚਿੰਤਾ ਪ੍ਰਗਟ ਕਰਦੇ ਅਤੇ ਰੋਕਣ ਲਈ ਦੇਸ਼ ਦੇ ਮਾਨਯੋਗ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ, ਸਬੰਧਤ ਮਹਿਕਮਿਆਂ ਦੇ ਮੰਤਰੀਆਂ, ਸੈਂਸਰ ਬੋਰਡ ਦੇ ਮੁੱਖੀਆਂ, ਮੈਂਬਂਰ ਪਾਰਲੀਮੈਟਾਂ ਤੇ ਦੇਸ਼ ਅਤੇ ਸੂਬੇ ਦੀਆਂ ਸਾਰੀ ਹਾਕਿਮ ਅਤੇ ਵਿਰੋਧੀ ਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਅਨੇਕਾਂ ਹੀ ਪੱਤਰ ਹੀ ਪੱਤਰ ਲਿਖ ਚੁੱਕੀ ਹੈ।ਪਰ ਸਵਰਗੀ ਮਾਨਯੋਗ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ, ਸਤਿਕਾਰਯੋਗ ਅੰਨਾ ਹਜ਼ਾਰੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀਆਂ ਤੋਂ ਇਲਾਵਾ ਕਿਸੇ ਨੇ ਵੀ ਇਸ ਗੰਭੀਰ ਮਸਲੇ ਬਾਰੇ ਹੁੰਗਾਰਾ ਨਹੀਂ ਭਰਿਆ।