ਨਵੀਂ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ, ਭਾਰਤੀ ਸਿੱਖਿਆ ਪ੍ਰਣਾਲੀ ਸਿੱਖਿਆ ਦੇ ਖੇਤਰ ’ਚ ਵਿਸ਼ਵ ਦੇ ਸੱਭ ਤੋਂ ਵੱਡੇ ਗੁਣਾਤਮਕ ਸੁਧਾਰਾਂ ਦੀ ਗਵਾਈ ਦੇ ਰਹੀ ਹੈ। ਜੋ ਭਾਰਤ ਨੂੰ ਇੱਕ ਵਾਰ ਫਿਰ ਵਿਸ਼ਵਵਿਆਪੀ ਪੱਧਰ ’ਤੇ ਵਿਸ਼ਵ ਗੁਰੂ ਬਣਾਉਣ ’ਤੇ ਕੇਂਦਰਤ ਹੈ ਜਦਕਿ ਭਾਰਤ ਨੂੰ ਸਿੱਖਿਆ ਦੇ ਖੇਤਰ ’ਚ ਵਿਸ਼ਵ ਗੁਰੂ ਬਣਾਉਣ ਲਈ ਸਿੱਖਿਆ ਦਾ ਵਿਸ਼ਵੀਕਰਨ ਮੁੱਖ ਥੰਮ੍ਹ ਹੋਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਵਿਦੇਸ਼ ਅਤੇ ਸਿੱਖਿਆ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਨੇ ਕੀਤਾ। ਇਸ ਮੌਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ‘ਗਲੋਬਲ ਐਜੂਕੇਸ਼ਨ ਸਿਖਰ ਸੰਮੇਲਨ’ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇਟਲੀ ਦੇ ਪਬਲਿਕ ਐਜੂਕੇਸ਼ਨ ਮੰਤਰੀ ਪ੍ਰੋ. ਪੈਟਰੀਜ਼ਿਓ ਬਿਆਂਚੀ ਅਤੇ ਇਸਰੋ ਦੇ ਸਾਬਕਾ ਚੇਅਰਮੈਨ ਅਤੇ ਭਾਰਤੀ ਪੁਲਾੜ ਵਿਗਿਆਨੀ ਸ਼੍ਰੀ ਏ.ਐਸ ਕਿਰਨ ਕੁਮਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਿਖਰ ਸੰਮੇਲਨ ਦੌਰਾਨ ਭਾਰਤ, ਯੂਕੇ, ਆਸਟ੍ਰੇਲੀਆ, ਇਟਲੀ ਸਮੇਤ 26 ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ 50 ਤੋਂ ਵੱਧ ਕੁਲਪਤੀ, ਉਪ-ਕੁਲਪਤੀ, ਪ੍ਰੈਜੀਡੈਂਟ ਅਤੇ ਸਿੱਖਿਆ ਸ਼ਾਸਤਰੀ ਸ਼ਮੂਲੀਅਤ ਕਰ ਰਹੇ ਹਨ।‘ਗਲੋਬਲ ਅਕਾਦਮਿਕ ਭਾਈਵਾਲੀ ਦੁਆਰਾ ਸਥਿਰ ਵਿਕਾਸ ਲਈ ਸਮਾਜਿਕ ਨਵੀਨਤਾ’ ਵਿਸ਼ੇ ’ਤੇ ਆਧਾਰਿਤ ਸੰਮੇਲਨ ਦੌਰਾਨ ਨਵੇਂ ਯੁੱਗ ਦੀਆਂ ਉੱਚ ਵਿਦਿਅਕ ਸੰਸਥਾਵਾਂ ਲਈ ਵਿਸ਼ੇਸ਼ ਰੂਪ-ਰੇਖਾ ਤਿਆਰ ਕਰਨ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ‘ਵਰਚੁਅਲ ਅਤੇ ਕੈਂਪਸ ਸਿੱਖਿਆ ਦੇ ਸੰਦਰਭ ’ਚ ਉਚ ਵਿਦਿਅਕ ਸੰਸਥਾਵਾਂ ਦਾ ਭਵਿੱਖ’ ਵਿਸ਼ੇ ’ਤੇ ਵਿਸ਼ੇਸ਼ ਗੋਸ਼ਟੀ ਦਾ ਆਯੋਜਨ ਕਰਵਾਇਆ ਗਿਆ।
ਪ੍ਰਾਚੀਨ ਸਮੇਂ ’ਚ ਭਾਰਤ ਵੱਲੋਂ ਮੁਹੱਈਆ ਕਰਵਾਈ ਜਾਂਦੀ ਸਿੱਖਿਆ ਸਬੰਧੀ ਗੱਲਬਾਤ ਕਰਦਿਆਂ ਡਾ. ਰਾਜਕੁਮਾਰ ਰੰਜਨ ਨੇ ਕਿਹਾ ਕਿ ਨਾਲੰਦਾ ਅਤੇ ਤੱਖਸ਼ੀਲਾ ਪ੍ਰਾਚੀਨ ਭਾਰਤ ਵਿੱਚ ਸਥਾਪਿਤ ਵਿਸ਼ਵ ਦੀਆਂ ਪਹਿਲੀਆਂ ਯੂਨੀਵਰਸਿਟੀਆਂ ਸਨ, ਜਿਨ੍ਹਾਂ ਨੇ ਕਿਫ਼ਾਇਤੀ ਤੌਰ ’ਤੇ ਉਚ ਗੁਣਵੱਤਾ ਦੀ ਸਿੱਖਿਆ ਪ੍ਰਦਾਨ ਕਰਵਾਕੇ ਭਾਰਤ ਨੂੰ ਗਲੋਬਲ ਅਧਿਐਨ ਦੀ ਮੰਜ਼ਿਲ ਬਣਾਇਆ।ਪ੍ਰਾਚੀਨ ਕਾਲ ’ਚ ਸਿੱਖਿਆ ਦੇ ਖੇਤਰ ’ਚ ਵਿਸ਼ਵ ਗੁਰੂ ਮੰਨੇ ਜਾਂਦੇ ਭਾਰਤ ਨੇ ਵੇਦਾਂ, ਵਿਆਕਰਣ, ਦਰਸ਼ਨ, ਖਗੋਲ ਵਿਗਿਆਨ, ਦਵਾਈਆਂ, ਸਰਜਰੀ, ਰਾਜਨੀਤੀ, ਤੀਰਅੰਦਾਜ਼ੀ, ਸੰਗੀਤ ਅਤੇ ਵਣਜ਼ ਖੇਤਰਾਂ ਵਿਸ਼ਵ ਭਰ ਦੇ ਵਿਦਿਆਰਥੀਆਂ ਨੂੰ ਭਾਰਤ ਪੜ੍ਹਨ ਲਈ ਆਕਰਸ਼ਰਤ ਕੀਤਾ।ਉਨ੍ਹਾਂ ਕਿਹਾ ਕਿ ਅਜੋਕੇ ਤਕਨਾਲੋਜੀ ਦੇ ਯੁੱਗ ’ਚ ਭਾਰਤੀ ਵਿਦਿਅਕ ਸੰਸਥਾਵਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ’ਚ ਪੜ੍ਹਨ ਲਈ ਆਕਰਸ਼ਤ ਨਹੀਂ ਕਰ ਸਕੀਆਂ। ਜਿਸ ਦੇ ਮੱਦੇਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ’ਚ ਭਾਰਤ ਸਰਕਾਰ ਵੱਲੋਂ 34 ਸਾਲਾਂ ਦੇ ਅੰਤਰਾਲ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਜਾਰੀ ਕੀਤੀ ਹੈ, ਜੋ ਨਵੇਂ ਯੁੱਗ ਦੇ ਸਿੱਖਣ ਸਬੰਧੀ ਸਿਧਾਂਤਾਂ ’ਤੇ ਆਧਾਰਿਤ ਹੈ।
ਕੇਂਦਰੀ ਰਾਜ ਮੰਤਰੀ ਨੇ ਦਾਅਵਾ ਕੀਤਾ ਕਿ ਨਵੀਂ ਸਿੱਖਿਆ ਨੀਤੀ ਦੇ ਅੰਤਰਗਤ ਕੀਤੀ ਪਹਿਲਕਦਮੀਆਂ ਦੇ ਉਸਾਰੂ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਭਾਰਤ ਨੇ ਗਲੋਬਲ ਸਟੂਡੈਂਟ ਮੋਬਿਲਟੀ ਮਾਰਕਿਟ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਹਿੱਸਾ 2.3 ਫ਼ੀਸਦੀ ਤੋਂ ਵੱਧ ਕੇ 6 ਫ਼ੀਸਦੀ ਤੱਕ ਪਹੁੰਚ ਗਿਆ ਹੈ।164 ਦੇਸ਼ਾਂ ਦੇ 50 ਹਜ਼ਾਰ ਤੋਂ ਵੱਧ ਵਿਦਿਆਰਥੀ ਇਸ ਵੇਲੇ ਵੱਖ-ਵੱਖ ਪ੍ਰੋਗਰਾਮਾਂ ਅਧੀਨ ਭਾਰਤੀ ਯੂਨੀਵਰਸਿਟੀਆਂ ’ਚ ਪੜ੍ਹ ਰਹੇ ਹਨ।ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਭਾਰਤੀ ਯੂਨੀਵਰਸਿਟੀਆਂ ’ਚ ਉਚ ਸਿੱਖਿਆ ਦੇ ਮਿਆਰਾਂ ਨੂੰ ਸੁਧਾਰਨ ਦੇ ਨਾਲ-ਨਾਲ ਭਾਰਤੀ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਵਿਦਿਅਕ ਸੰਸਥਾਵਾਂ ਨਾਲ ਭਾਈਵਾਲੀ ਸਥਾਪਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਚੋਟੀ ਦੀਆਂ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਭਾਰਤ ’ਚ ਕੈਂਪਸ ਸਥਾਪਿਤ ਕਰਨ ਲਈ ਸਵਾਗਤ ਕਰਦੀ ਹੈ ਜੋ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਹੀ ਦੇਸ਼ ’ਚ ਵਿਸ਼ਵ ਪੱਧਰੀ ਮੌਕੇ ਪ੍ਰਦਾਨ ਕਰਵਾਉਣ ’ਚ ਸਹਾਇਤਾ ਕਰੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋ. ਪੈਟਰੀਜ਼ਿਓ ਬਿਆਂਚੀ ਨੇ ਕਿਹਾ ਕਿ ਵਰਤਮਾਨ ’ਚ ਯੂਨੀਵਰਸਿਟੀਆਂ ਗਿਆਨ ਦੇ ਇੱਕ ਅੰਤਰਰਾਸ਼ਟਰੀ ਨੈਟਵਰਕ ਦਾ ਅਸਲ ਹਿੱਸਾ ਬਣ ਗਈਆਂ ਹਨ। ਖਾਸਕਰ ਕੋਵਿਡ ਮਹਾਂਮਾਰੀ ਤੋਂ ਬਾਅਦ ਵਿਸ਼ਵ ਨੂੰ ਇੱਕ ਵਿਸ਼ਵਵਿਆਪੀ ਸਿੱਖਿਆ ਪ੍ਰਣਾਲੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਯੂਨੈਸਕੋ ਵਿਸ਼ਵ ਪੱਧਰ ’ਤੇ ਸਿੱਖਿਆ ਦੇ ਖੇਤਰਾਂ ’ਚ ਉਸਾਰੂ ਗਠਜੋੜ ਸਥਾਪਿਤ ਕਰਨ ਲਈ ਯਤਨਸ਼ੀਲ ਹੈ ਅਤੇ ਸਿੱਖਿਆ ਦੇ ਖੇਤਰ ’ਚ ਮਹਾਂਮਾਰੀ ਕਾਰਨ ਪੈਦਾ ਹੋਈਆਂ ਚਣੌਤੀਆਂ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਵਿਦਿਅਕ ਭਾਈਵਾਲੀਆਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਤੱਥ ਹੈ ਕਿ ਸਿੱਖਿਆ ਹਰ ਦੇਸ਼ ਵਿੱਚ ਜੀਵਨ ਦਾ ਕੇਂਦਰ ਹੈ, ਇਸ ਲਈ ਜ਼ਰੂਰੀ ਹੈ ਕਿ ਸਿੱਖਿਆ ਹਰੇਕ ਦੇਸ਼ ਵਿੱਚ ਭਵਿੱਖ ਦੀਆਂ ਇਛਾਵਾਂ ਨੂੰ ਪੂਰਾ ਕਰੇ। ਉਨ੍ਹਾਂ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ, ਖੋਜ ਭਾਈਵਾਲੀਆਂ, ਨਵੇਂ ਤਜ਼ਰਬਿਆਂ ਅਤੇ ਅਕਾਦਮਿਕ ਗਠਜੋੜਾਂ ਲਈ ਵੱਖ-ਵੱਖ ਪਿਛੋਕੜਾਂ ਦੇ ਮਾਧਿਅਮ ਨਾਲ ਅਸਲ ਸਾਂਝੇਦਾਰੀਆਂ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਏ.ਐਸ ਕਿਰਨ ਕੁਮਾਰ ਨੇ ਕਿਹਾ ਕਿ ਮਹਾਂਮਾਰੀ ਸੰਕਟ ਦੌਰਾਨ ਜਿੱਥੇ ਸਿਹਤ ਸੰਭਾਲ ਵੱਡੀ ਚਣੌਤੀ ਸੀ ਉਥੇ ਹੀ ਤਕਨਾਲੋਜੀ ਵਿਕਾਸ ਵੀ ਲਾਜ਼ਮੀ ਵਿਸ਼ੇ ਵਜੋਂ ਉਭਰਿਆ ਹੈ।ਸਮਾਜਿਕ ਪੱਧਰ ’ਤੇ ਲੋਕ ਨਵੀਂਆਂ ਤਕਨੀਕਾਂ ਦੇ ਮਾਧਿਅਮ ਰਾਹੀਂ ਨਵੇਂ ਬਦਲਾਵਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ’ਚ ਉਪਜੀਆਂ ਚਣੌਤੀਆਂ ਨੂੰ ਮੁੱਖ ਰੱਖਦਿਆਂ ਆਗਾਮੀ ਪੀੜ੍ਹੀ ਨੂੰ ਨਵੇਂ ਯੁੱਗ ਦੀ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਵਿਚਾਰ ਵਟਾਂਦਰੇ ਹੋਣੇ ਲਾਜ਼ਮੀ ਹਨ। ਮੌਜੂਦਾ ਲੋੜਾਂ ਅਨੁਸਾਰ ਪਾਠਕ੍ਰਮ ’ਚ ਤਬਦੀਲੀ ’ਤੇ ਜ਼ੋਰ ਦਿੰਦਿਆ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮੌਜੂਦਾ ਚਣੌਤੀਆਂ ਦੇ ਹੱਲਾਂ ਸਬੰਧੀ ਤਿਆਰ ਕਰਨਾ ਅਹਿਮ ਹੈ ਤਾਂ ਜੋ ਉਨ੍ਹਾਂ ’ਚ ਨਵੇਂ ਹੁਨਰ ਵਿਕਸਤ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਖੇਤਰਾਂ ’ਚ ਵਿਕਾਸ ਨਾਲ ਅਗਲੀ ਪੀੜ੍ਹੀ ਲਈ ਰੁਜ਼ਗਾਰ ਦੇ ਮੌਕੇ ਅਸਲ ਚਣੌਤੀ ਹਨ ਕਿਉਂਕਿ ਮਨੁੱਖ ਦੁਆਰਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਭੂਮਿਕਾ ਰੋਬੋਟਿਕਸ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਨੂੰ ਆਗਾਮੀ ਪੀੜ੍ਹੀ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਕਿ ਧਰਤੀ ’ਤੇ ਪਾਏ ਜਾਣ ਵਾਲੇ ਸਰੋਤ ਇੱਕ ਸਥਾਈ ਤਰੀਕੇ ਨਾਲ ਵਰਤੇ ਜਾ ਸਕਦੇ ਹਨ ਨਾ ਕਿ ਅਜਿਹੇ ਢੰਗ ਨਾਲ ਜਿੱਥੇ ਸਥਿਰਤਾ ਨਹੀਂ ਹੈ।
‘ਵਰਚੁਅਲ ਅਤੇ ਕੈਂਪਸ ਸਿੱਖਿਆ ਦੇ ਸੰਦਰਭ ’ਚ ਉਚ ਵਿਦਿਅਕ ਸੰਸਥਾਵਾਂ ਦਾ ਭਵਿੱਖ’ ਵਿਸ਼ੇ ’ਤੇ ਹੋਈ ਵਿਚਾਰ ਚਰਚਾ ਦੌਰਾਨ ਯੂਨੀਵਰਸਿਟੀ ਆਫ਼ ਸਿਡਨੀ, ਆਸਟ੍ਰੇਲੀਆ ਦੇ ਸੀਨੀਅਰ ਡਿਪਟੀ ਵਾਈਸ ਚਾਂਸਲਰ ਪ੍ਰੋ. ਸਟੀਫ਼ਨ ਗਾਰਟਨ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਨੇ ਸਾਨੂੰ ਵਿਦਿਅਕ ਖੇਤਰ ਵਿੱਚ ਇਨੋਵੇਸ਼ਨ ਦੀ ਵਰਤੋਂ ਕਰਨ ਲਈ ਮਜ਼ਬੂਰ ਕੀਤਾ ਹੈ ,ਪਰ ਉਚ ਸਿੱਖਿਆ (ਗ੍ਰੈਜੂਏਸ਼ਨ ਪੱਧਰ ਤੱਕ) ਨੂੰ ਫੇਸ ਟੂ ਫੇਸ ਲਰਨਿੰਗ ਅਤੇ ਕਿ੍ਰਟੀਕਲ ਲਰਨਿੰਗ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਲਿਆਉਣ ਅਤੇ ਫੇਸ ਟੂ ਫੇਸ ਲਰਨਿੰਗ ਦੀ ਧਾਰਨਾ ਅਪਣਾਉਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਬੁਨਿਆਦੀ ਪੱਧਰ ’ਤੇ ਭਵਿੱਖ ਦੀਆਂ ਇਛਾਵਾਂ ਲਈ ਤਿਆਰ ਕੀਤਾ ਜਾ ਸਕੇ। ਸਕਾਈਲਾਈਨ ਯੂਨੀਵਰਸਿਟੀ ਨਾਜੀਰੀਆ ਦੇ ਵਾਈਸ ਚਾਂਸਲਰ ਪ੍ਰੋ. ਅਜੀਥ ਕੁਮਾਰ ਨੇ ਕਿਹਾ ਕਿ ਸਿੱਖਿਆ ਦੇ ਬਦਲੇ ਯੁੱਗ ’ਚ ਡਿਜੀਟਲ ਮੰਚਾਂ ਦੇ ਮਾਧਿਅਮ ਰਾਹੀਂ ਸਮੁੱਚੇ ਪ੍ਰੋਗਰਾਮਾਂ ਲਈ ਸਿੱਖਿਆ ਦਾ ਪ੍ਰਵਾਹ ਯਕੀਨੀ ਬਣਾਉਣਾ ਮੁਸ਼ਕਲ ਹੈ, ਵਿਦਿਆਰਥੀਆਂ ’ਚ ਨਵੇਂ ਹੁਨਰਾਂ ਦੇ ਵਿਕਾਸ ਕਰਨ ਲਈ ਲੈਬਾਰਟਰੀਆਂ ’ਚ ਪ੍ਰੈਕਟਿਸ ਦੇ ਮੌਕੇ ਮੁਹੱਈਆ ਕਰਵਾਉਣ ਲਈ ਕੈਂਪਸ ਸਿੱਖਿਆ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਹਾਈਬ੍ਰਡ ਵਿਦਿਅਕ ਮਾਡਲ ਦੇ ਨਿਰਮਾਣ ਲਈ ਵਿਕਾਸਸੀਲ ਦੇਸ਼ ਅੱਗੇ ਆ ਸਕਦੇ ਹਨ, ਪਰ ਜਿਹੜੇ ਮੁਲਕਾਂ ਕੋਲ ਚੰਗੀਆਂ ਇੰਟਰਨੈਟ ਸੇਵਾਵਾਂ ਅਤੇ ਬਿਜਲਈ ਸਾਧਨ ਨਹੀਂ ਹਨ, ਉਨ੍ਹਾਂ ਲਈ ਡਿਜੀਟਲ ਮੋਡ ਰਾਹੀਂ ਸਿੱਖਿਆ ਮੁਹੱਈਆ ਕਰਵਾਉਣਾ ਚਣੌਤੀਪੂਰਨ ਹੈ।
ਡਿਜੀਟਲ ਮੋਡ ’ਤੇ ਤਬਦੀਲ ਹੋਈ ਸਿੱਖਿਆ ਦੇ ਚਲਦੇ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ਸਬੰਧੀ ਗੱਲਬਾਤ ਕਰਦਿਆਂ ਸਸੈਕਸ ਯੂਨੀਵਰਸਿਟੀ ਯੂਕੇ ਦੇ ਐਸੋਸੀਏਟ ਡਿਪਟੀ ਪ੍ਰੈਜੀਡੈਂਟ ਅਤੇ ਡਿਪਟੀ ਪ੍ਰੋ-ਵਾਈਸ ਚਾਂਸਲਰ ਪ੍ਰੋ. ਰਿਚਰਡ ਫੋਲੇਟ ਨੇ ਕਿਹਾ ਕਿ ਅਗਾਮੀ ਸਿੱਖਿਆ ਪ੍ਰਣਾਲੀ ਲਈ ਸੰਸਥਾਵਾਂ ਵੱਲੋਂ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤੇ ਜਾਣਾ ਡਿਜੀਟਲ ਕਲਾਸਰੂਮਾਂ, ਲੈਬਾਰਟਰੀਆਂ, ਡਿਜੀਟਲ ਖੋਜ਼ ਪ੍ਰਬੰਧਾਂ ਦੇ ਮਿਆਰਾਂ ’ਤੇ ਨਿਰਭਰ ਕਰਦਾ ਹੈ ਕਿ ਆਈ.ਟੀ ਖੇਤਰ ਕਿੰਨੀ ਗੁਣਵੱਤਾ ਨਾਲ ਨਵੀਂਆਂ ਤਕਨੀਕਾਂ ਦਾ ਵਿਕਾਸ ਕਰਨ ’ਚ ਕਾਰਜਸ਼ੀਲ ਰਹੇਗਾ। ਸਾਊਥੈਂਪਟਨ ਯੂਨੀਵਰਸਿਟੀ ਯੂਕੇ ਦੇ ਪ੍ਰੈਜੀਡੈਂਟ ਅਤੇ ਵਾਈਸ ਚਾਂਸਲਰ ਡਾ. ਮਾਰਕ ਈ ਸਮਿੱਥ ਨੇ ਕਿਹਾ ਕਿ 2020 ਬਿਨ੍ਹਾਂ ਸ਼ੱਕ ਮਹਾਨ ਤਬਦੀਲੀਆਂ ਅਤੇ ਅਨੁਕੂਲਤਾ ਵਾਲਾ ਸਾਲ ਸਾਬਤ ਹੋਇਆ ਹੈ।ਜਿਵੇਂ ਕਿ ਅਸੀਂ ਹੁਣ ਕੈਪਸ ਵਿੱਚ ਵਾਪਸ ਆਉਣ ਦੀ ਤਿਆਰੀ ਕਰ ਰਹੇ ਹਾਂ, ਅਜਿਹੇ ਵਿੱਚ ਸਾਨੂੰ ਕੋਵਿਡ ਸੰਕਟ ਦੌਰਾਨ ਬਚਾਉਣ ਅਤੇ ਕਲਾਸਰੂਮ ਨਿਰੰਤਰਤਾ ਕਾਇਮ ਰੱਖਣ ਵਾਲੀਆਂ ਤਕਨੀਕਾਂ ਭਵਿੱਖ ’ਚ ਸਾਡੇ ਵਿਦਿਅਕ ਢਾਂਚਿਆਂ ’ਚ ਸਥਾਈ ਤੌਰ ’ਤੇ ਸ਼ਾਮਲ ਹੋਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ਕੋਵਿਡ ਹਾਲਾਤਾਂ ਤੋਂ ਬਾਅਦ ਵਿਦਿਆਰਥੀਆਂ ਦੀਆਂ ਇਛਾਵਾਂ ਅਤੇ ਵਿਸ਼ਵਵਿਆਪੀ ਸਥਿਰਤਾ ਸਬੰਧੀ ਚਣੌਤੀਆਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ‘ਗਲੋਬਲ ਐਜੂਕੇਸ਼ਨ ਸਿਖਰ ਸੰਮੇਲਨ’ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵਿਸ਼ਵੀਕਰਨ ਦੇ ਦੌਰ ’ਚ ਕੋਵਿਡ ਹਾਲਾਤਾਂ ਕਾਰਨ ਉਪਜੀਆਂ ਚਣੌਤੀਆਂ ਦੇ ਹੱਲਾਂ ਲਈ ਵਿਸ਼ਵਪੱਧਰ ਤੋਂ ਮਾਹਿਰਾਂ ਦੇ ਮਸ਼ਵਰੇ ਜਾਨਣ ਲਈ ਗਲੋਬਲ ਐਜੂਕੇਸ਼ਨ ਸੰਮੇਲਨ ਵਿਲੱਖਣ ਮੰਚ ਸਿੱਧ ਹੋਵੇਗਾ ਤਾਂ ਜੋ ਵਿਦਿਆਰਥੀਆਂ ਤੱਕ ਸਿੱਖਿਆ ਦਾ ਪ੍ਰਵਾਹ ਹੋਰ ਗੁਣਵੱਤਾਪੂਰਨ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮਹਾਂਮਾਰੀ ਦੌਰਾਨ ਸਿੱਖਿਆ ਜਗਤ ’ਚ ਆਈਆਂ ਤਬਦੀਲੀਆਂ ਅਤੇ ਚਣੌਤੀਆਂ ਲਈ ਸਮਾਜਿਕ ਨਵੀਨਤਾਕਾਰੀ ਅਭਿਆਸਾਂ ਦੀ ਪਛਾਣ ਕਰਕੇ ਰਣਨੀਤਿਕ ਯੋਜਨਾ ਤਿਆਰ ਕਰਨ ਲਈ ਵਿਚਾਰ ਵਟਾਂਦਰੇ ਲਾਜ਼ਮੀ ਹਨ।