ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸਾਡੇ ਗੁਰੂ ਸਾਹਿਬਾਨ, ਭਗਤਾਂ ਅਤੇ ਗੁਰਸਿੱਖਾਂ ਨੇ ਅਨੇਕਾ ਕੁਰਬਾਨੀਆਂ ਕਰਕੇ ਗੁਰਸਿੱਖੀ ਦੇ ਬੂਟੇ ਨੂੰ ਜਿਥੇ ਪ੍ਰਫੁੱਲਿਤ ਕੀਤਾ, ਉਥੇ ਸਿੱਖ ਕੌਮ ਦੇ ਲਈ ਇਕ ਸਮਾਜ ਪੱਖੀ ਜਾਬਤਾ ਵੀ ਕਾਇਮ ਕੀਤਾ ਜਿਸ ਨੂੰ ਸਿੱਖੀ ਸ਼ਬਦਾਂ ਵਿਚ ‘ਸਿੱਖੀ ਮਰਿਯਾਦਾਵਾਂ’ ਦਾ ਨਾਮ ਦਿੱਤਾ ਜਾਂਦਾ ਹੈ । ਜਿਸਦੀ ਕੋਈ ਵੀ ਸਿੱਖ ਉਲੰਘਣਾ ਨਹੀਂ ਕਰ ਸਕਦਾ । ਜੇਕਰ ਕੋਈ ਅਜਿਹੀ ਗੁਸਤਾਖੀ ਕਰਦਾ ਹੈ ਤਾਂ ਉਸਨੂੰ ਗੁਰੂ ਮਰਿਯਾਦਾਵਾਂ ਅਨੁਸਾਰ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਵੱਲੋ ਕੌਮੀ ਅਸੂਲਾਂ, ਨਿਯਮਾਂ, ਮਰਿਯਾਦਾਵਾਂ ਨੂੰ ਧਿਆਨ ਵਿਚ ਰੱਖਕੇ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ । ਦੁੱਖ ਅਤੇ ਅਫ਼ਸੋਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਥੇਬੰਦੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਕਾਂਗਰਸ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਐਮ.ਪੀ. ਵੱਲੋ ਸਿੱਖੀ ਮਰਿਯਾਦਾਵਾ ਦਾ ਘੋਰ ਉਲੰਘਣ ਕਰਕੇ ਸਿੱਖ ਕੌਮ ਦੇ ਮਨਾਂ-ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਦੇ ਹੋਏ ਜੋ ਮੰਦਰਾਂ ਵਿਚ ਜਾ ਕੇ, ਹਵਨ ਕਰਕੇ, ਸਿਵਲਿੰਗ ਪੂਜਾ ਕਰਕੇ, ਮੱਥੇ ਤਿਲਕ ਲਗਾਕੇ ਆਦਿ ਸਿੱਖੀ ਮਰਿਯਾਦਾਵਾਂ ਦੀ ਨਿਰੰਤਰ ਤੋਹੀਨ ਕੀਤੀ ਜਾਂਦੀ ਆ ਰਹੀ ਹੈ, ਉਸ ਵਿਰੁੱਧ ਸਿੱਖੀ ਮਰਿਯਾਦਾ ਅਨੁਸਾਰ ਕਾਰਵਾਈ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਆਉਣ ਵਾਲੇ ਕੱਲ੍ਹ ਯਾਦ-ਪੱਤਰ ਦਿੱਤੇ ਜਾਣਗੇ ਤਾਂ ਕਿ ਇਨ੍ਹਾਂ ਤਿੰਨੇ ਸਿੱਖ ਸਿਆਸਤਦਾਨਾਂ ਵਿਰੁੱਧ ਗੁਰੂ ਮਰਿਯਾਦਾਵਾ ਨੂੰ ਤੋੜਨ ਵਿਰੁੱਧ ਫੌਰੀ ਧਾਰਮਿਕ ਕਾਰਵਾਈ ਹੋ ਸਕੇ ਅਤੇ ਕੋਈ ਵੀ ਸਿਆਸਤਦਾਨ ਆਪਣੇ ਸਿਆਸੀ, ਮਾਲੀ ਸਵਾਰਥਾਂ ਨੂੰ ਮੁੱਖ ਰੱਖਕੇ ਸਿੱਖੀ ਮਰਿਯਾਦਾਵਾ ਦਾ ਉਲੰਘਣ ਨਾ ਕਰ ਸਕੇ ।”
ਇਹ ਵਿਚਾਰਾਂ ਦੀ ਜਾਣਕਾਰੀ ਅੱਜ ਇਥੇ ਪਾਰਟੀ ਮੁੱਖ ਦਫ਼ਤਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਸਰਪ੍ਰਸਤ ਸ. ਇਮਾਨ ਸਿੰਘ ਮਾਨ ਵੱਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਵਿਚ ਦਿੱਤੀ ਗਈ । ਉਨ੍ਹਾਂ ਕਿਹਾ ਕਿ ਇਹ ਯਾਦ-ਪੱਤਰ ਦੇਣ ਦੀਆਂ ਜ਼ਿੰਮੇਵਾਰੀਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰੋਪੜ੍ਹ ਜ਼ਿਲ੍ਹੇ ਜਿਸਦੀ ਅਗਵਾਈ ਕੁਸਲਪਾਲ ਸਿੰਘ ਮਾਨ ਅਤੇ ਕੁਲਦੀਪ ਸਿੰਘ ਭਾਗੋਵਾਲ ਦੋਵੇ ਜਰਨਲ ਸਕੱਤਰ ਕਰਨਗੇ, ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹਰਪਾਲ ਸਿੰਘ ਬਲੇਰ ਜਰਨਲ ਸਕੱਤਰ ਅਤੇ ਸ. ਹਰਬੀਰ ਸਿੰਘ ਸੰਧੂ ਦਫ਼ਤਰ ਸਕੱਤਰ ਕਰਨਗੇ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇ ਦੀ ਅਗਵਾਈ ਗੁਰਸੇਵਕ ਸਿੰਘ ਜਵਾਹਰਕੇ ਜਰਨਲ ਸਕੱਤਰ ਅਤੇ ਸ. ਪਰਮਿੰਦਰ ਸਿੰਘ ਬਾਲਿਆਵਾਲੀ ਪੀ.ਏ.ਸੀ. ਮੈਂਬਰ ਕਰਨਗੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਰੋਪੜ੍ਹ, ਮੋਹਾਲੀ, ਅੰਮ੍ਰਿਤਸਰ, ਤਰਨਤਾਰਨ ਅਤੇ ਬਠਿੰਡਾ, ਮਾਨਸਾ ਜ਼ਿਲਿ੍ਹਆਂ ਦੇ ਅਹੁਦੇਦਾਰ ਇਸ ਪਾਰਟੀ ਪ੍ਰੋਗਰਾਮ ਨੂੰ ਪੂਰਨ ਕਰਨ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣਗੇ ।
ਸ. ਇਮਾਨ ਸਿੰਘ ਮਾਨ ਨੇ ਸਮੁੱਚੀ ਸਿੱਖ ਕੌਮ, ਪੰਜਾਬੀਆਂ ਤੇ ਸਮੁੱਚੇ ਇਨਸਾਫ਼ ਪਸ਼ੰਦ ਵਰਗਾਂ ਨੂੰ ਇਹ ਜੋਰਦਾਰ ਅਪੀਲ ਕੀਤੀ ਕਿ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਹੋਈਆ ਹਨ, ਸਿੱਖ ਕੌਮ ਦਾ ਕਤਲੇਆਮ ਹੋਇਆ ਹੈ, 328 ਪਾਵਨ ਸਰੂਪ ਲਾਪਤਾ ਕੀਤੇ ਗਏ ਹਨ ਅਤੇ ਜੋ ਲਖੀਮਪੁਰ ਖੀਰੀ ਹਕੂਮਤੀ ਸਿੱਖ ਕਤਲੇਆਮ ਹੋਇਆ ਹੈ, ਇਨ੍ਹਾਂ ਸਭਨਾਂ ਦੇ ਸੰਬੰਧ ਵਿਚ 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਜੋ ਕੌਮੀ ਅਰਦਾਸ ਕੀਤੀ ਜਾ ਰਹੀ ਹੈ, ਉਸ ਵਿਚ ਹੁੰਮ-ਹੁੰਮਾਕੇ ਪਹੁੰਚਦੇ ਹੋਏ ਇਨਸਾਫ਼ ਪ੍ਰਾਪਤੀ ਲਈ ਚੱਲ ਰਹੇ ਮੋਰਚੇ ਦੇ ਮਕਸਦ ਦੀ ਪੂਰਤੀ ਕਰਨ ਵਿਚ ਯੋਗਦਾਨ ਪਾਇਆ ਜਾਵੇ ਅਤੇ ਆਉਣ ਵਾਲੇ ਸਭ ਕੌਮੀ, ਸਮਾਜਿਕ ਅਤੇ ਸਿਆਸੀ ਪ੍ਰੋਗਰਾਮਾਂ ਨੂੰ ਸਫ਼ਲ ਕਰਨ ਦੀ ਜ਼ਿੰਮੇਵਾਰੀ ਨਿਭਾਈ ਜਾਵੇ ।