ਫ਼ਤਹਿਗੜ੍ਹ ਸਾਹਿਬ – “ਜਿਵੇਂ ਮਰਹੂਮ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਰਾਜੀਵ ਗਾਂਧੀ ਅਤੇ ਕਾਂਗਰਸ ਜਮਾਤ ਨੇ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਫਿਰਕੂ ਤਾਕਤਾਂ ਨਾਲ ਮਿਲਕੇ ਇਕ ਡੂੰਘੀ ਸਾਜ਼ਿਸ ਤਹਿਤ ਪੰਜਾਬੀਆਂ ਅਤੇ ਸਿੱਖਾਂ ਦਾ ਸਮੁੱਚੇ ਮੁਲਕ ਵਿਚ ਵੱਡੇ ਪੱਧਰ ਤੇ ਕਤਲੇਆਮ ਕਰਵਾਇਆ ਸੀ, ਮੌਜੂਦਾ ਫਿਰਕੂ ਮੋਦੀ ਹਕੂਮਤ, ਫਿਰਕੂ ਆਗੂ ਮੋਦੀ, ਜੋਗੀ ਅਤੇ ਸ਼ਾਹ ਉਪਰੋਕਤ ਤਾਕਤਾਂ ਨਾਲ ਸਾਜ਼ਿਸਾਂ ਰਚਕੇ ਫਿਰ ਤੋਂ ਪੰਜਾਬੀਆਂ ਤੇ ਸਿੱਖ ਕੌਮ ਦੀ ਨਸ਼ਲਕੁਸੀ ਅਤੇ ਕਤਲੇਆਮ ਕਰਵਾਉਣ ਦੀ ਡੂੰਘੀ ਸਾਜ਼ਿਸ ਉਤੇ ਕੰਮ ਕਰ ਰਹੇ ਹਨ, ਜੋ ਜ਼ਮਹੂਰੀਅਤ ਕਦਰਾਂ-ਕੀਮਤਾਂ ਅਤੇ ਇਥੋਂ ਦੇ ਅਮਨ-ਚੈਨ ਨੂੰ ਫਿਰ ਤੋਂ ਲਾਬੂ ਲਗਾਉਣ ਦੇ ਮਨੁੱਖਤਾ ਵਿਰੋਧੀ ਅਮਲ ਹੋਣਗੇ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਹੁਕਮਰਾਨਾਂ ਨੂੰ ਗੰਭੀਰਤਾ ਨਾਲ ਅਜਿਹੀਆ ਘਿਣੋਨੀਆ ਸਾਜ਼ਿਸਾਂ ਤੋਂ ਖਬਰਦਾਰ ਕਰਦਾ ਹੈ, ਉਥੇ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਜੋ ਬਾਹਰਲੇ ਸੂਬਿਆਂ ਵਿਚ ਵੱਸਦੇ ਆ ਰਹੇ ਹਨ, ਉਨ੍ਹਾਂ ਨੂੰ ਹੁਣੇ ਤੋਂ ਹੀ ਆਪਣੀ ਸਰਜ਼ਮੀਨ ਪੰਜਾਬ ਵਿਚ ਆਪੋ-ਆਪਣੇ ਭਵਿੱਖਤ ਕਾਰੋਬਾਰ ਅਤੇ ਘਰਾਂ ਲਈ ਜ਼ਮੀਨਾਂ ਖ੍ਰੀਦਣ ਦੀ ਅਪੀਲ ਕਰਦਾ ਹੈ । 1984 ਵਿਚ ਵੀ ਪੰਜਾਬੀਆਂ ਅਤੇ ਸਿੱਖਾਂ ਨੇ ਬਣੇ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਆਪਣੀ ਮਾਂ-ਭੂਮੀ ਪੰਜਾਬ ਵੱਲ ਚਾਲੇ ਪਾ ਦਿੱਤੇ ਸਨ । ਜੋ ਯੂ.ਪੀ. ਦੇ ਲਖੀਮਪੁਰ ਖੀਰੀ, ਮੇਘਾਲਿਆ ਦੇ ਸਿਲਾਂਗ, ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਖੇ ਦੁਖਾਂਤ ਵਾਪਰੇ ਹਨ ਅਤੇ ਜਿਨ੍ਹਾਂ ਪਿੱਛੇ ਹੁਕਮਰਾਨਾਂ ਦੀਆਂ ਸਾਂਝੀਆ ਸਾਜ਼ਿਸਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਵੱਲੋ ਕੀਤੀ ਅਪੀਲ ਉਤੇ ਅਮਲ ਕਰਨ ਤਾਂ ਕਿ ਹਿੰਦੂਤਵ ਤਾਕਤਾਂ ਦੀਆਂ ਪੰਜਾਬੀ ਅਤੇ ਸਿੱਖ ਮਾਰੂ ਸਾਜ਼ਿਸਾਂ ਦਾ ਕੋਈ ਵੀ ਪੰਜਾਬੀ ਅਤੇ ਸਿੱਖ ਸ਼ਿਕਾਰ ਨਾ ਹੋ ਸਕੇ ਅਤੇ ਉਨ੍ਹਾਂ ਦੇ ਪਰਿਵਾਰ ਆਪਣੀ ਮਾਂ ਪੰਜਾਬ ਦੀ ਗੋਦ ਵਿਚ ਸੁਰੱਖਿਅਤ ਰਹਿ ਸਕੇ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵੱਖ-ਵੱਖ ਸੂਬਿਆਂ ਵਿਚ ਵੱਸ ਰਹੇ ਮਿਹਨਤੀ ਤੇ ਇਮਾਨਦਾਰ ਪੰਜਾਬੀਆਂ, ਸਿੱਖਾਂ ਨੂੰ ਹੁਕਮਰਾਨਾਂ ਵੱਲੋ 1984 ਦੇ ਸਿੱਖ ਪੰਜਾਬੀ ਕਤਲੇਆਮ ਦੀ ਤਰ੍ਹਾਂ ਰਚੀਆ ਜਾ ਰਹੀਆ ਸਾਜ਼ਿਸਾਂ ਵਿਸ਼ੇਸ਼ ਤੌਰ ਤੇ ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ ਹਕੂਮਤੀ ਸਰਪ੍ਰਸਤੀ ਹੇਠ ਵਾਪਰੇ ਦੁਖਾਂਤ ਤੋਂ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਮਾਂ ਸੂਬੇ ਪੰਜਾਬ ਵਿਚ ਕਾਰੋਬਾਰਾਂ ਅਤੇ ਘਰਾਂ ਲਈ ਤੁਰੰਤ ਜ਼ਮੀਨਾਂ ਖ੍ਰੀਦ ਲੈਣ ਦੀ ਜਿਥੇ ਸੰਜ਼ੀਦਾ ਅਪੀਲ ਕੀਤੀ, ਉਥੇ ਪੰਜਾਬ ਦੀ ਮੌਜੂਦਾ ਸ. ਚਰਨਜੀਤ ਸਿੰਘ ਚੰਨੀ ਹਕੂਮਤ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ, ਉਨ੍ਹਾਂ ਵੱਲੋ ਖਰੀਦੀਆ ਜਾਣ ਵਾਲੀਆ ਜ਼ਮੀਨਾਂ ਜਾਂ ਪਲਾਟਾਂ ਦੀ ”ਰਜਿਸਟਰੀ ਫ਼ੀਸ” ਪੂਰਨ ਰੂਪ ਵਿਚ ਮੁਆਫ਼ ਕਰਨ ਦਾ ਐਲਾਨ ਕਰਕੇ ਉਨ੍ਹਾਂ ਦੀ ਚਿੰਤਾ ਤੇ ਮਾਲੀ ਬੋਝ ਨੂੰ ਦੂਰ ਕਰਨ ਵਿਚ ਯੋਗਦਾਨ ਪਾਉਣ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਦੂਸਰੇ ਸੂਬਿਆਂ ਵਿਚ ਵੱਸਣ ਵਾਲੇ ਪੰਜਾਬੀ ਅਤੇ ਸਿੱਖ ਜਿਥੇ ਸਾਡੇ ਵੱਲੋ ਕੀਤੀ ਗਈ ਦੂਰਅੰਦੇਸ਼ੀ ਵਾਲੀ ਗੰਭੀਰ ਅਪੀਲ ਉਤੇ ਅਮਲ ਕਰਨਗੇ, ਉਥੇ ਪੰਜਾਬ ਸਰਕਾਰ ਵੀ ਇਸ ਮੁੱਦੇ ਉਤੇ ਰਜਿਸਟਰੀ ਫ਼ੀਸ ਮੁਆਫ਼ ਕਰਕੇ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਵਿਚ ਸਹਿਯੋਗ ਕਰਨਗੇ ।