ਫ਼ਤਹਿਗੜ੍ਹ ਸਾਹਿਬ – “ਜਿਸ ਗੁਰਮੁੱਖੀ ਪੰਜਾਬੀ ਨੂੰ ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ ਨੂੰ ਅਗਵਾਈ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਸੋਭਿਤ ਕੀਤਾ ਹੈ ਅਤੇ ਜੋ ਪੰਜਾਬੀਆਂ ਦੀ ਮਾਂ-ਬੋਲੀ, ਭਾਸ਼ਾ ਹੈ, ਜਿਸਨੂੰ ਅਮਰੀਕਾ, ਕੈਨੇਡਾ, ਜਰਮਨ, ਬਰਤਾਨੀਆ ਵਰਗੇ ਵੱਡੇ ਮੁਲਕਾਂ ਵਿਚ ਆਪਣੀ ਧਾਂਕ ਜਮਾਉਦੇ ਹੋਏ ਉਥੋ ਦੇ ਵੱਡੇ-ਵੱਡੇ ਵਿਦਿਅਕ ਅਦਾਰਿਆ, ਜਰਨੈਲੀ ਸੜਕਾਂ, ਵੱਡੇ-ਵੱਡੇ ਮਾਲ, ਹੋਟਲ, ਰੈਸਟੋਰੈਟ ਅਤੇ ਹੋਰ ਕਾਰੋਬਾਰਾਂ ਦੇ ਨਾਮ ਪੰਜਾਬੀ ਭਾਸ਼ਾ ਨਾਲ ਸਿੰਗਾਰੇ ਜਾ ਰਹੇ ਹਨ ਅਤੇ ਉਥੋ ਦੀਆਂ ਹਕੂਮਤਾਂ ਪੰਜਾਬੀਆਂ ਤੇ ਸਿੱਖਾਂ ਦੇ ਮਾਰਕੇ ਵਾਲੇ ਇਨਸਾਨੀਅਤ ਪੱਖੀ ਉਦਮਾਂ ਨੂੰ ਮੁੱਖ ਰੱਖਕੇ ਪੰਜਾਬੀ ਬੋਲੀ ਨੂੰ ਮਾਨਤਾ ਦੇ ਰਹੀਆ ਹਨ ਅਤੇ ਫਖ਼ਰ ਕਰ ਰਹੀਆ ਹਨ, ਪੰਜਾਬੀਆਂ ਦੀ ਉਸ ਮਾਂ-ਬੋਲੀ ਪੰਜਾਬੀ ਨੂੰ ਆਈ.ਸੀ.ਐਸ.ਈ. ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ ਅਤੇ ਸੀ.ਬੀ.ਐਸ.ਈ. ਸੈਂਟਰ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ ਵੱਡੇ ਵਿਦਿਅਕ ਅਦਾਰਿਆ ਵੱਲੋਂ ਆਪਣੀ 11ਵੀਂ ਅਤੇ 12ਵੀਂ ਜਮਾਤ ਦੇ ਸਿਲੇਬਸ ਵਿਚੋ ਪੰਜਾਬੀ ਵਿਸ਼ੇ ਨੂੰ ਜੋ ਪੂਰਨ ਤੌਰ ਤੇ ਖ਼ਤਮ ਕੀਤਾ ਗਿਆ ਹੈ, ਇਹ ਅਮਲ ਵੱਡੇ ਵਿਤਕਰੇ ਵਾਲੇ ਅਤੇ ਪੰਜਾਬੀ ਬੋਲੀ-ਭਾਸ਼ਾ ਨਾਲ ਈਰਖਾਵਾਦੀ ਸੋਚ ਅਧੀਨ ਬੇਇਨਸਾਫ਼ੀ ਕਰਨ ਵਾਲੇ ਦੁੱਖਦਾਇਕ ਅਮਲ ਹਨ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਸੈਂਟਰ ਦੇ ਦੋਵੇ ਵਿਦਿਆ ਨਾਲ ਸੰਬੰਧਤ ਵੱਡੇ ਅਦਾਰਿਆ ਵੱਲੋ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਨੂੰ ਆਪਣੇ ਸਿਲੇਬਸ ਵਿਚੋ ਮਨਫੀ ਕਰਨ ਦੇ ਹੋ ਰਹੇ ਸਾਜ਼ਸੀ ਅਮਲਾਂ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਸੈਂਟਰ ਦੇ ਇਨ੍ਹਾਂ ਅਦਾਰਿਆ ਦੇ ਮੁੱਖੀਆਂ ਅਤੇ ਸੰਬੰਧਤ ਵਿਭਾਗ ਦੇ ਵਜ਼ੀਰ ਨੂੰ ਫਿਰ ਤੋ ਇਸ ਕੀਤੇ ਗਏ ਪੰਜਾਬੀ ਮਾਰੂ ਫੈਸਲੇ ਉਤੇ ਗੌਰ ਕਰਨ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇੰਡੀਆਂ ਦੇ ਹੁਕਮਰਾਨਾਂ ਨੇ ਜਿਨ੍ਹਾਂ 14 ਭਾਸਾਵਾ ਤੇ ਬੋਲੀਆਂ, ਲਿਖਤੀ ਰੂਪ ਵਿਚ ਮਾਨਤਾ ਪ੍ਰਦਾਨ ਕੀਤੀ ਹੋਈ ਹੈ ਉਨ੍ਹਾਂ ਵਿਚੋ ਪੰਜਾਬੀ ਵੀ ਇਕ ਹੈ । ਫਿਰ ਉਪਰੋਕਤ ਦੋਵੇ ਅਦਾਰਿਆ ਵੱਲੋ ਸਾਡੀ ਮਾਂ ਬੋਲੀ ਪੰਜਾਬੀ ਭਾਸ਼ਾ ਨਾਲ ਅਜਿਹਾ ਮਤਰਈ ਮਾਂ ਵਾਲਾ ਸਲੂਕ ਕਿਉ ਕੀਤਾ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਅਦਾਰਿਆ ਦੇ ਪ੍ਰਬੰਧਕੀ ਅਹੁਦਿਆ ਉਤੇ ਬੈਠੇ ਲੋਕ ਬੀਜੇਪੀ-ਆਰ.ਐਸ.ਐਸ. ਦੀ ਮੁਤੱਸਵੀ ਸੋਚ ਦੇ ਪ੍ਰਭਾਵ ਹੇਠ ਹਨ । ਜਿਨ੍ਹਾਂ ਨੇ ਅਜਿਹਾ ਅਮਲ ਕਰਕੇ ਪੱਖਪਾਤੀ ਸੋਚ ਨੂੰ ਉਜਾਗਰ ਕੀਤਾ ਹੈ ਜਦੋਂਕਿ ਵਿਦਿਅਕ ਅਦਾਰੇ ਅਤੇ ਉਨ੍ਹਾਂ ਵਿਚ ਕੰਮ ਕਰ ਰਹੇ ਪ੍ਰਬੰਧਕ ਨਿਰਪੱਖਤਾ ਅਤੇ ਇਨਸਾਨੀਅਤ ਪੱਖੀ ਸੋਚ ਦੇ ਮਾਲਕ ਹੋਣੇ ਚਾਹੀਦੇ ਹਨ । ਕਿਉਂਕਿ ਇਨ੍ਹਾਂ ਵਿਦਿਅਕ ਅਦਾਰਿਆ ਵਿਚ ਸਭ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਅਤੇ ਵਰਗਾਂ ਦੇ ਵਿਦਿਆਰਥੀ ਵਿਦਿਆ ਹਾਸਿਲ ਕਰਦੇ ਹੋਏ ਇਕ ਬਗੀਚੇ ਦੇ ਵੱਖ-ਵੱਖ ਫੁੱਲਾਂ ਦੇ ਬੂਟਿਆਂ ਦੀ ਤਰ੍ਹਾਂ ਸਾਂਝੇ ਤੌਰ ਤੇ ਸਭਨਾਂ ਨੂੰ ਖੁਸਬੋ ਦੀ ਮਹਿਕ ਦਿੰਦੇ ਹਨ । ਇਨ੍ਹਾਂ ਵਿਦਿਅਕ ਅਦਾਰਿਆ ਵਿਚੋ ਕਿਸੇ ਤਰ੍ਹਾਂ ਦੀ ਨਫ਼ਰਤ, ਵਿਤਕਰੇ ਦੀ ਗੱਲ ਨਹੀਂ ਉੱਠਣੀ ਚਾਹੀਦੀ ਬਲਕਿ ਸਦਭਾਵਨਾ, ਪਿਆਰ-ਮੁਹੱਬਤ ਅਤੇ ਬਰਾਬਰਤਾ ਦਾ ਸੰਦੇਸ਼ ਹੋਣਾ ਚਾਹੀਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬੀਆਂ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਸਾਡੇ ਵੱਲੋ ਕੀਤੀ ਗਈ ਅਪੀਲ ਨੂੰ ਮੁੱਖ ਰੱਖਕੇ ਉਪਰੋਕਤ ਦੋਵੇ ਵਿਦਿਅਕ ਅਦਾਰਿਆ ਦੇ ਮੁੱਖੀ ਅਤੇ ਸੈਂਟਰ ਦੇ ਸਿੱਖਿਆ ਵਜ਼ੀਰ ਸ੍ਰੀ ਧਰਮਿੰਦਰਾ ਪ੍ਰਧਾਨ ਇਸ ਕੀਤੇ ਗਏ ਪੰਜਾਬੀ ਵਿਰੋਧੀ ਫੈਸਲੇ ਉਤੇ ਮੁੜ ਗੌਰ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਂ ਬੋਲੀ ਨਾਲ ਹੋਏ ਦੁਰਵਿਹਾਰ ਨੂੰ ਦੂਰ ਕਰਨਗੇ।