ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਮੂਲੀਅਤ ਕਰਨਗੇ। ਇਸ ਸਬੰਧੀ ਭਾਰਤ ਦੇ ਕੇਂਦਰੀ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਨੇ ਵੀਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲਾਸਗੋ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਕੋਪ 26 ਵਿੱਚ ਸ਼ਾਮਲ ਹੋਣਗੇ। ਚੀਨ ਅਤੇ ਅਮਰੀਕਾ ਦੇ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਗ੍ਰੀਨਹਾਉਸ ਗੈਸਾਂ ਦਾ ਨਿਕਾਸ ਕਰਨ ਵਾਲਾ ਦੇਸ਼ ਹੈ ਅਤੇ 31 ਅਕਤੂਬਰ ਤੋਂ 12 ਨਵੰਬਰ ਤੱਕ ਚੱਲਣ ਵਾਲੇ ਕੋਪ 26 ਸੰਮੇਲਨ ਵਿੱਚ ਨਰਿੰਦਰ ਮੋਦੀ ਦੀ ਸ਼ਮੂਲੀਅਤ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬਾਰੇ ਵਿੱਚ ਅਨਿਸ਼ਚਿਤਤਾ ਦੌਰਾਨ ਨਾਜ਼ੁਕ ਮੰਨਿਆ ਗਿਆ ਸੀ। ਭਾਰਤ ਅਤੇ ਚੀਨ ਦੋਵਾਂ ਦੇਸ਼ਾਂ ਨੇ ਅਜੇ ਤੱਕ ਕਾਰਬਨ ਨਿਕਾਸ ਨੂੰ ਘਟਾਉਣ ਦਾ ਵਾਅਦਾ ਨਹੀਂ ਕੀਤਾ ਹੈ। ਇਸ ਲਈ ਦੋਵਾਂ ਦੇਸ਼ਾਂ ਨੂੰ ਕਾਨਫਰੰਸ ਵਿੱਚ ਅਜਿਹਾ ਕਰਨ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਪ 26 ਸਿਖਰ ਸੰਮੇਲਨ ਦੇ ਮੇਜ਼ਬਾਨ ਬ੍ਰਿਟੇਨ ਨੇ ਮੋਦੀ ਦੇ ਸੰਮੇਲਨ ਵਿੱਚ ਹਾਜ਼ਰ ਹੋਣ ਦੇ ਫੈਸਲੇ ਦਾ ਸਵਾਗਤ ਕੀਤਾ।
ਨੈੱਟ ਜ਼ੀਰੋ ਦਾ ਅਰਥ ਹੈ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਸੰਤੁਲਿਤ ਕਰਨਾ, ਜਿਸ ਲਈ ਰੁੱਖ ਲਗਾਉਣਾ, ਵਾਤਾਵਰਣ ਵਿੱਚ ਪਹੁੰਚਣ ਵਾਲੇ ਨਿਕਾਸ ਨੂੰ ਰੋਕਣ ਲਈ ਤਕਨਾਲੋਜੀ ਦੀ ਵਰਤੋਂ ਕਰਨਾ ਆਦਿ ਸ਼ਾਮਲ ਹੈ। ਪਰ ਭਾਰਤ ਅਜੇ ਵੀ ਤੇਲ, ਕੋਇਲੇ ਆਦਿ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਤੇ ਭਾਰਤ ਦਾ ਕਹਿਣਾ ਹੈ ਕਿ ਉਸ ਤੋਂ ਅਮੀਰ ਦੇਸ਼ਾਂ ਵਾਂਗ ਡੂੰਘੀ ਕਾਰਬਨ ਕਟੌਤੀ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਇੱਕ ਵਿਕਾਸਸ਼ੀਲ ਅਰਥਵਿਵਸਥਾ ਹੈ। ਇਸਦੇ ਇਲਾਵਾ ਇੱਕ ਲੀਕ ਹੋਈ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਦੁਨੀਆ ਦੇ ਕੁੱਝ ਸਭ ਤੋਂ ਵੱਧ ਪ੍ਰਦੂਸ਼ਣ ਕਰਨ ਵਾਲੇ ਦੇਸ਼ ਸੰਯੁਕਤ ਰਾਸ਼ਟਰ ਦੀ ਜਲਵਾਯੂ ਰਿਪੋਰਟ ਦੀ ਉਲੰਘਣਾ ਦੀ ਕੋਸ਼ਿਸ਼ ਕਰ ਰਹੇ ਹਨ। ਗ੍ਰੀਨਪੀਸ ਦੁਆਰਾ ਪ੍ਰਾਪਤ ਕੀਤੀਆਂ 30,000 ਤੋਂ ਵੱਧ ਫਾਈਲਾਂ, ਦਿਖਾਉਂਦੀਆਂ ਹਨ ਕਿ ਆਸਟ੍ਰੇਲੀਆ, ਚੀਨ, ਸਾਊਦੀ ਅਰਬ ਅਤੇ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਵਿਗਿਆਨੀਆਂ ਦੇ ਇੱਕ ਪੈਨਲ ਨੂੰ ਬੇਨਤੀਆਂ ਕੀਤੀਆਂ ਹਨ ਜੋ ਉਨ੍ਹਾਂ ਨੂੰ ਜੀਵਾਸ਼ਮ ਇੰਧਨ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਨਰਿੰਦਰ ਮੋਦੀ ਦੀ ਆਮਦ ‘ਤੇ ਬਰਤਾਨੀਆ ਭਰ ਵਿੱਚੋਂ ਉਹਨਾਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਪ੍ਰਦਰਸ਼ਨਕਾਰੀ ਗਲਾਸਗੋ ਪਹੁੰਚਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਇਹਨਾਂ ਪ੍ਰਦਰਸ਼ਨਾਂ ਦੌਰਾਨ ਭਾਰਤ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ, ਲਖੀਮਪੁਰ ਖੀਰੀ ਵਿੱਚ ਵਾਪਰਿਆ ਕਹਿਰ ਨਰਿੰਦਰ ਮੋਦੀ ਦੀ ਆਲੋਚਨਾ ਦਾ ਕੇਂਦਰ ਬਿੰਦੂ ਰਹਿਣਗੇ।