ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਅਖੰਡ ਕੀਰਤਨੀ ਜੱਥਾ (ਦਿੱਲੀ) ਦੀ ਸੇਵਾਵਾਂ ਲਈ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੀ 31 ਮੈਂਬਰੀ ਕਮੇਟੀ ਵਲੋਂ ਭਾਈ ਅਰਵਿੰਦਰ ਸਿੰਘ ਰਾਜਾ, ਮਲਕੀਤ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਦੀ ਨਵੀਂ ਪੰਜ ਮੈਂਬਰੀ ਪ੍ਰਬੰਧਕੀ ਕਮੇਟੀ ਬਣਾਈ ਗਈ ਹੈ । ਜਿਕਰਯੋਗ ਹੈ ਕਿ ਭਾਈ ਗੁਰਮੀਤ ਸਿੰਘ ਕੰਪਯੂਟਰ ਨੂੰ ਵੀ ਜਿੰਮੇਵਾਰੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਇਸ ਦੀ ਅਸਮਰਥਾ ਜਾਹਿਰ ਕਰਦਿਆਂ ਜਿੰਮੇਵਾਰੀ ਲੈਣ ਤੋਂ ਮਨਾ ਕਰ ਦਿਤਾ ਸੀ ਜਿਸ ਉਪਰੰਤ ਭਾਈ ਕੁਲਦੀਪ ਸਿੰਘ ਨੂੰ ਜਿੰਮੇਵਾਰੀ ਦਿੱਤੀ ਗਈ ਸੀ । ਭਾਈ ਅਰਵਿੰਦਰ ਸਿੰਘ ਰਾਜਾ ਵਲੋਂ ਕੀਤੀਆਂ ਗਈਆਂ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਅਖੰਡ ਕੀਰਤਨੀ ਜੱਥਾ ਦਿੱਲੀ ਸਰਕਲ ਦਾ ਕਨਵੀਨਰ ਬਣਾਇਆ ਗਿਆ ਹੈ । ਦੱਸੀ ਗਈ ਜਾਣਕਾਰੀ ਮੁਤਾਬਿਕ ਅਖੰਡ ਕੀਰਤਨੀ ਜੱਥੇ ਦੀ 31 ਮੈਂਬਰੀ ਕਮੇਟੀ ਜਿਨ੍ਹਾਂ ਨੇ ਪਿਛਲੀ ਕਮੇਟੀ ਭੰਗ ਕਰਕੇ ਆਰਜੀ ਤੌਰ ਤੇ ਭਾਈ ਹਰਜਿੰਦਰ ਸਿੰਘ ਅਤੇ ਅਰੁਣਪਾਲ ਸਿੰਘ ਨੂੰ ਸੇਵਾਦਾਰੀ ਦਿੱਤੀ ਸੀ ਹੁਣ ਉਨ੍ਹਾਂ ਵਿਚੋਂ ਅਰੁਣਪਾਲ ਸਿੰਘ ਨੂੰ ਉਸ ਦੀ ਜਿੰਮੇਵਾਰੀ ਤੋਂ ਮੁਕਤ ਕਰ ਦਿਤਾ ਗਿਆ ਹੈ ਤੇ ਹਰਜਿੰਦਰ ਸਿੰਘ ਨੂੰ ਬਹਾਲ ਰਖਿਆ ਗਿਆ ਹੈ । ਅਖੰਡ ਕੀਰਤਨੀ ਜੱਥੇ ਦੇ ਦਿੱਲੀ ਵਿਖੇ ਹੁੰਦੇ ਸਾਲਾਨਾ ਸਮਾਗਮ ਵਿਚ 31 ਮੈਂਬਰੀ ਕਮੇਟੀ ਵਲੋਂ ਭਾਈ ਕਰਮ ਸਿੰਘ ਟਾਂਡਾ, ਭਾਈ ਅਵਤਾਰ ਸਿੰਘ ਮਲੀਆਂਵਾਲੇ, ਭਾਈ ਬਲਦੇਵ ਸਿੰਘ ਅੰਬਾਲਾ, ਭਾਈ ਸਤਨਾਮ ਸਿੰਘ ਫਗਵਾੜਾ, ਭਾਈ ਇੰਦਰਜੀਤ ਸਿੰਘ ਦਿਆਲਪੁਰ, ਭਾਈ ਸੋਹਣ ਸਿੰਘ ਗੁਰਦਾਸਪੁਰ, ਭਾਈ ਰਾਜਿੰਦਰਪਾਲ ਸਿੰਘ ਮੋਹਾਲੀ, ਭਾਈ ਅਰਵਿੰਦਰ ਸਿੰਘ ਦਿੱਲੀ ਅਤੇ ਭਾਈ ਦਵਿੰਦਰ ਸਿੰਘ ਜੰੰਮੂ ਨੇ ਹਾਜਿਰੀ ਭਰ ਕੇ, ਨਵੀਂ ਪੰਜ ਮੈਂਬਰੀ ਕਮੇਟੀ ਦੇ ਨਾਮਾਂ ਦੀ ਵਿਚਾਰ ਕਰਕੇ ਕੇ, ਸੇਵਾ ਦੀ ਜਿੰਮੇਵਾਰੀ ਸੌਪੀ ਗਈ । ਨਵੀਂ ਬਣਾਈ ਗਈ ਕਮੇਟੀ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ ਅਤੇ ਜੇਕਰ ਕਮੇਟੀ ਅੰਦਰ ਕਿਸੇ ਕਿਸਮ ਦੀ ਵਾਧ ਘਾਟ ਪੈਣ ਦੀ ਜਰੂਰਤ ਸਮੇਂ ਅਰਵਿੰਦਰ ਸਿੰਘ ਰਾਜਾ ਨੂੰ ਸਮੇਂ ਮੁਤਾਬਿਕ ਫੈਸਲਾ ਲੈਣ ਦੇ ਅਧਿਕਾਰ ਦਿੱਤੇ ਗਏ ਹਨ । ਬੀਤੇ ਕਲ ਹੋਏ ਜੱਥੇ ਦੇ ਹਫਤਾਵਾਰੀ ਸਮਾਗਮ ਵਿਚ ਨਵੇਂ ਬਣੇ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ । ਜੱਥੇ ਦੀ ਬਣਾਈ ਗਈ ਨਵੀਂ ਕਮੇਟੀ ਦੇ ਸਮੂਹ ਮੈਂਬਰਾਂ ਨੇ ਉਨ੍ਹਾਂ ਨੂੰ ਜਿੰਮੇਵਾਰੀ ਸੌਪਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਅਪਣਾ ਬਣਦਾ ਫਰਜ਼ ਪੂਰੀ ਤਨਦੇਹੀ ਨਾਲ ਨਿਭਾਓਣਗੇ ਅਤੇ ਵੱਧ ਤੋਂ ਵੱਧ ਸੰਗਤਾਂ ਦੀ ਲੋੜ ਮੁਤਾਬਿਕ ਸੇਵਾਵਾਂ ਵਲ ਧਿਆਨ ਦਿੱਤਾ ਜਾਏਗਾ । ਮੀਡੀਆ ਨਾਲ ਗਲਬਾਤ ਕਰਦਿਆਂ ਭਾਈ ਰਾਜਾ ਨੇ ਜੱਥੇ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਦਸਿਆ ਅਤੇ ਕਿਹਾ ਜਦੋਂ ਵੀ ਪੰਥ ਨੂੰ ਕਿਸੇ ਕਿਸਮ ਦੀ ਜਰੂਰਤ ਪਈ ਹੈ ਅਖੰਡ ਕੀਰਤਨੀ ਜੱਥਾ ਮੋਹਰੀ ਹੋ ਕੇ ਪਹਿਲਾਂ ਵੀ ਅਪਣਾ ਰੋਲ ਅਦਾ ਕਰਦਾ ਸੀ ਤੇ ਹੁਣ ਵੀ ਕਰਦਾ ਰਹੇਗਾ ।