ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਦਿੱਲੀ ਦੇ ਟਿਕਰੀ ਬਾਰਡਰ ਮੋਰਚੇ ਤੇ ਇੱਕ ਟਿੱਪਰ ਵੱਲੋਂ ਕੁਚਲਣ ਕਾਰਨ ਤਿੰਨ ਕਿਸਾਨ ਔਰਤਾਂ ਦੀ ਦਰਦਨਾਕ ਮੌਤ ਅਤੇ ਦੋ ਕਿਸਾਨ ਔਰਤਾਂ ਗੰਭੀਰ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੰਨ੍ਹਾਂ ਨੂੰ ਪੀ ਜੀ ਆਈ ਰੋਹਤਕ ’ਚ ਇਲਾਜ ਲਈ ਭਿਜਵਾਇਆ ਗਿਆ ਹੈ। ਇਸ ਮੌਕੇ ਦੋ ਕਿਸਾਨ ਔਰਤਾਂ ਅਤੇ ਇੱਕ ਲੜਕਾ ਵਾਲ ਵਾਲ ਬਚ ਗਏ ਹਨ। ਔਰਤਾਂ ਦੀ ਪਛਾਣ ਅਮਰਜੀਤ ਕੌਰ ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ ਪਤਨੀ ਭੋਲਾ ਸਿੰਘ ਅਤੇ ਸ਼ਿੰਦਰ ਕੌਰ ਪਤਨੀ ਭਾਨ ਸਿੰਘ ਵਜੋਂ ਕੀਤੀ ਗਈ ਹੈ ਜਦੋਂਕਿ ਇਸ ਟਿੱਪਰ ਕਾਂਡ ’ਚ ਗੁਰਮੇਲ ਕੌਰ ਪਤਨੀ ਮਿਹਰ ਸਿੰਘ ਅਤੇ ਹਰਮੀਤ ਕੌਰ ਪਤਨੀ ਗੁਰਤੇਜ ਸਿੰਘ ਗੰਭੀਰ ਜਖਮੀ ਹੋਈਆਂ ਹਨ। ਇਸ ਸਬੰਧ ’ਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਨ੍ਹਾਂ ਬੀਬੀਆਂ ਨੇ ਪੰਜਾਬ ਪਰਤਣ ਲਈ ਸਟੇਸ਼ਨ ਤੋਂ ਚੱਲਣ ਵਾਲੀ ਪੌਣੇ ਅੱਠ ਵਜੇ ਵਾਲੀ ਗੱਡੀ ਫੜਨੀ ਸੀ ਜਿਸ ਲਈ ਪੁਲ ਦੇ ਹੇਠਾਂ ਆਟੋ ਦੀ ਉਡੀਕ ਕਰ ਰਹੀਆਂ ਸਨ ਕਿ ਇਸੇ ਦੌਰਾਨ ਇੱਕ ਟਿੱਪਰ ਆਇਆ ਜਿਸ ਨੇ ਔਰਤਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਭਿਆਨਕ ਸੀ ਕਿ ਤਿੰਨ ਔਰਤਾਂ ਤਾਂ ਮੌਕੇ ਤੇ ਹੀ ਮਾਰੀਆਂ ਗਈਆਂ ਜਦੋਂਕਿ ਦੋ ਔਰਤਾਂ ਦੇ ਜਖਮਾਂ ਦੀ ਗੰਭੀਰਤਾ ਨੂੰ ਦੇਖਦਿਆਂ ਪੀ ਜੀ ਆਈ ਰੋਹਤਕ ਭੇਜ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ। ਇਸ ਹੌਲਨਾਕ ਘਟਨਾ ਕਾਰਨ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਸੰਘਰਸ਼ਸ਼ੀਲ ਧਿਰਾਂ ’ਚ ਸੋਗ ਦਾ ਮਹੌਲ ਬਣ ਗਿਆ ਹੈ। ਚਲ ਰਹੇ ਕਿਸਾਨ ਮੋਰਚੇ ਵਿਚ ਲੇਖੇ ਲਗਣ ਵਾਲਿਆਂ ਦੀ ਗਿਣਤੀ 700 ਹੋ ਗਈ ਹੈ । ਪੰਜਾਬ ਸਰਕਾਰ ਵਲੋਂ ਮਾਰੀ ਗਈ ਬੀਬੀਆਂ ਦੇ ਪਰਿਵਾਰਾਂ ਨੂੰ ਪੰਜ ਪੰਜ ਲੱਖ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ ।