ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) : ਕਾਂਗਰਸ ਨੇ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਦਿੱਲੀ ਕਾਂਗਰਸ ਦਾ ਪਰਮਾਨੈਂਟ ਇਨਵਾਇਟੀ ਬਣਾਇਆ ਹੈ ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ 37 ਪਰਮਾਨੈਂਟ ਇਨਵਾਇਟੀ ਦੇ ਨਾਵਾਂ ’ਤੇ ਮੋਹਰ ਲਗਾਈ ਗਈ ਹੈ, ਜਿਨ੍ਹਾਂ ਵਿਚ 1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਦਾ ਨਾਮ ਵੀ ਸ਼ਾਮਲ ਹੈ । ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਦਿੱਲੀ ਕਾਂਗਰਸ ਕਾਰਜਕਾਰੀ ਕਮੇਟੀ ਦੇ 87 ਨਾਮ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ 37 ਪਰਮਾਨੈਂਟ ਇਨਵਾਇਟੀ ਸ਼ਾਮਲ ਹਨ । ਜਗਦੀਸ਼ ਟਾਇਟਲਰ ਦੇ ਨਾਲ-ਨਾਲ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ, ਅਜੈ ਮਾਕਨ ਅਤੇ ਜਨਾਰਦਨ ਦਿਵੇਦੀ ਦਾ ਨਾਮ ਵੀ ਇਸ ਸੂਚੀ ਵਿਚ ਸ਼ਾਮਲ ਹੈ ।
ਕਾਂਗਰਸ ਦੇ ਇਸ ਸਿੱਖ ਵਿਰੋਧੀ ਫ਼ੈਸਲੇ ’ਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਕਾਂਗਰਸ ਨੇ ਟਾਇਟਲਰ ਨੂੰ ਇਹ ਮਾਣ ਸਨਮਾਨ ਦੇ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਪਰ ਕਾਂਗਰਸ ਪੱਖੀ ਸਿੱਖ ਨੇਤਾਵਾਂ ਨੇ ਇਸ ਮਾਮਲੇ ’ਤੇ ਚੁੱਪੀ ਸਾਧੀ ਹੋਈ ਹੈ । ਸਿਰਸਾ ਨੇ ਆਖਿਆ ਕਿ ਕਾਂਗਰਸ ਵਿਚ ਸਿੱਖਾਂ ਦੇ ਕਾਤਲ ਨੂੰ ਪੂਰਾ ਸਨਮਾਨ ਦਿੱਤਾ ਜਾ ਰਿਹਾ ਹੈ ਜਦਕਿ ਉਸ ਦੇ ਖ਼ਿਲਾਫ਼ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੰਦਰ ਕੇਸ ਚਲ ਰਿਹਾ ਹੈ ।
ਸੱਜਣ ਕੁਮਾਰ ਤੋਂ ਬਾਅਦ ਜਗਦੀਸ਼ ਟਾਇਟਲਰ ਕਾਂਗਰਸ ਦੇ ਅਜਿਹੇ ਵੱਡੇ ਨੇਤਾ ਨੇ, ਜਿਨ੍ਹਾਂ ਦਾ ਨਾਮ 1984 ਦੇ ਮੁੱਖ ਦੋਸ਼ੀਆਂ ਵਿਚ ਲਿਆ ਜਾਂਦਾ ਹੈ । ਸੱਜਣ ਕੁਮਾਰ ਨੂੰ ਤਾਂ ਦਿੱਲੀ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ, ਉਹ ਇਸ ਸਮੇਂ ਤਿਹਾੜ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ ਪਰ ਟਾਈਟਲਰ ਬਾਹਰ ਘੁੰਮ ਰਿਹਾ ਹੈ ।
ਉਧਰ ਦਿੱਲੀ ਕਾਂਗਰਸ ਦੇ ਇੰਚਾਰਜ ਸ਼ਕਤੀ ਸਿੰਘ ਗੋਇਲ ਨੇ ਇਸ ਮਾਮਲੇ ਵਿਚ ਸਫ਼ਾਈ ਪੇਸ਼ ਕਰਦਿਆਂ ਆਖਿਆ ਕਿ ਸਾਬਕਾ ਸਾਂਸਦ ਪਾਰਟੀ ਵਿਚ ਸਥਾਈ ਮੈਂਬਰ ਰਹਿੰਦੇ ਹਨ । ਟਾਇਟਲਰ ਨੂੰ ਕੋਈ ਨਵਾਂ ਅਹੁਦਾ ਨਹੀਂ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਜਦੋਂ ਤੋਂ ਸਾਡੀ ਕਮੇਟੀ ਚੱਲ ਰਹੀ ਹੈ, ਟਾਇਟਲਰ ਕਰੀਬ 30 ਸਾਲਾਂ ਤੋਂ ਹੀ ਇਸ ਵਿਚ ਸ਼ਾਮਲ ਹੈ ।