ਫ਼ਤਹਿਗੜ੍ਹ ਸਾਹਿਬ – “ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਨੇ ਆਪਣੀਆ ਮਹਾਨ ਸ਼ਹਾਦਤਾਂ ਦੇ ਕੇ ਹੀ ਸਿੱਖ ਕੌਮ ਦੀ ਇੱਜ਼ਤ-ਮਾਣ ਦੀ ਪ੍ਰਤੀਕ ਪੱਗ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣ ਦੀ ਕੌਮੀ ਜ਼ਿੰਮੇਵਾਰੀ ਨਿਭਾਈ ਹੈ । ਜੋ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਤੇ ਪੰਜਾਬੀਆਂ ਦੇ ਮਨ-ਆਤਮਾ ਵਿਚ ਵੱਡੇ ਸਤਿਕਾਰ ਸਹਿਤ ਉਕਰੀ ਰਹੇਗੀ ਅਤੇ ਇਹ ਮਹਾਨ ਸ਼ਹਾਦਤਾਂ ਸਾਨੂੰ ਅਜਿਹੀਆ ਕੌਮੀ ਜ਼ਿੰਮੇਵਾਰੀਆਂ ਨਾਲ ਸੰਬੰਧਤ ਉਦਮਾਂ ਲਈ ਪ੍ਰੇਰਿਤ ਕਰਦੀਆ ਰਹਿਣਗੀਆ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸਾਲ 31 ਅਕਤੂਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਉਪਰੋਕਤ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸਮੂਹਿਕ ਰੂਪ ਵਿਚ ਅਰਦਾਸ ਕਰਦੇ ਹਾਂ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੂਹ ਅਹੁਦੇਦਾਰਾਂ, ਵਰਕਰਾਂ, ਸਮਰਥਕਾਂ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਹਾਰਦਿਕ ਅਰਜੋਈ ਹੈ ਕਿ ਮਿਤੀ 31 ਅਕਤੂਬਰ 2021 ਨੂੰ ਆਪੋ-ਆਪਣੇ ਸਾਧਨਾਂ ਅਤੇ ਸਮਰਥਕਾਂ ਨੂੰ ਨਾਲ ਲੈਕੇ ਅਰਦਾਸ ਵਿਚ ਸਾਮਿਲ ਹੋਣ ਲਈ ਗੁਰਦੁਆਰਾ ਰਕਾਬਗੰਜ ਵਿਖੇ ਪਹੁੰਚਣ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਨ ਸ਼ਹੀਦਾਂ ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀਆਂ ਮਹਾਨ ਸ਼ਹਾਦਤਾਂ ਲਈ ਹੋਣ ਵਾਲੀ ਦਿੱਲੀ ਵਿਖੇ ਅਰਦਾਸ ਵਿਚ ਸਮੁੱਚੀ ਸਿੱਖ ਕੌਮ ਨੂੰ ਖੁੱਲ੍ਹੀ ਅਪੀਲ ਕਰਦੇ ਹੋਏ ਕੀਤੀ । ਸ. ਮਾਨ ਨੇ ਬੀਤੇ ਦਿਨੀਂ ਦਿੱਲੀ ਦੇ ਸਿੰਘੂ ਬਾਰਡਰ ਉਤੇ ਨਿਹੰਗ ਸਿੰਘ ਫ਼ੌਜਾਂ ਵੱਲੋਂ ਕੀਤੇ ਭਰਮੇ ਇਕੱਠ ਵਿਚ ਸਰਬਸੰਮਤੀ ਨਾਲ ਕੀਤੇ ਗਏ ਉਸ ਫੈਸਲੇ ਜਿਸ ਵਿਚ ਨਿਹੰਗ ਸਿੰਘ ਫ਼ੌਜਾਂ ਨੇ ਕਿਸਾਨ-ਮਜ਼ਦੂਰ ਮੋਰਚੇ ਦੀ ਫ਼ਤਹਿ ਹੋਣ ਤੱਕ ਦਿੱਲੀ ਵਿਖੇ ਹੀ ਡੱਟੇ ਰਹਿਣ ਦਾ ਦ੍ਰਿੜਤਾ ਭਰਿਆ ਕੌਮੀ ਪ੍ਰੰਪਰਾਵਾਂ ਤੇ ਰਵਾਇਤਾ ਨੂੰ ਮੁੱਖ ਰੱਖਦੇ ਹੋਏ ਫੈਸਲਾ ਕੀਤਾ ਹੈ, ਉਸਦਾ ਵੀ ਜੋਰਦਾਰ ਸਵਾਗਤ ਕਰਦੇ ਹੋਏ ਕਿਹਾ ਕਿ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਜਿੰਨੇ ਵੀ ਮੋਰਚੇ ਮਾਲੀ, ਭੂਗੋਲਿਕ, ਇਖਲਾਕੀ, ਸਮਾਜਿਕ ਅਤੇ ਧਾਰਮਿਕ ਹੁਣ ਤੱਕ ਲੱਗੇ ਹਨ, ਉਨ੍ਹਾਂ ਵਿਚ ਨਿਹੰਗ ਸਿੰਘ ਫ਼ੌਜਾਂ ਅਤੇ ਸਿੱਖੀ ਪ੍ਰੰਪਰਾਵਾਂ ਅਤੇ ਰਵਾਇਤਾ ਨੂੰ ਜੇਕਰ ਮਨਫੀ ਕਰ ਦਿੱਤਾ ਜਾਵੇ, ਤਾਂ ਸਪੱਸਟ ਹੋ ਜਾਵੇਗਾ ਕਿ ਇਹ ਮੋਰਚੇ ਕਦੀ ਵੀ ਇਨ੍ਹਾਂ ਤੋ ਬਿਨ੍ਹਾਂ ਫ਼ਤਹਿ ਹੀ ਨਹੀਂ ਸਨ ਹੋ ਸਕਦੇ। ਇਸ ਲਈ ਕੋਈ ਵੀ ਕਿਸਾਨ ਆਗੂ ਜਾਂ ਜਥੇਬੰਦੀਆਂ ਇਸ ਭਰਮ ਵਿਚ ਬਿਲਕੁਲ ਨਾ ਰਹਿਣ ਕਿ ਦਿੱਲੀ ਵਿਖੇ ਚੱਲ ਰਿਹਾ ਕਿਸਾਨ-ਮਜਦੂਰ ਮੋਰਚਾ ਕੇਵਲ ਉਨ੍ਹਾਂ ਦੇ ਉਦਮਾਂ ਦੀ ਬਦੌਲਤ ਹੀ ਚੱਲ ਰਿਹਾ ਹੈ । ਇਸ ਵਿਚ ਗੁਰੂ ਸਾਹਿਬਾਨ ਖੁਦ ਅੰਗ-ਸੰਗ ਹੋ ਕੇ ਆਪਣੇ ਸਿੱਖਾਂ ਤੇ ਨਿਹੰਗ ਸਿੰਘ ਫ਼ੌਜਾਂ ਰਾਹੀ ਕਲਾ ਵਰਤਾ ਰਹੇ ਹਨ ਜਿਸ ਤੋ ਦੁਨੀਆਂ ਦੀ ਕੋਈ ਵੀ ਤਾਕਤ ਇਨਕਾਰ ਨਹੀਂ ਕਰ ਸਕਦੀ । ਇਨ੍ਹਾਂ ਦੀ ਮੌਜੂਦਗੀ ਅਤੇ ਦ੍ਰਿੜਤਾ ਸਦਕਾ ਹੀ ਕਿਸਾਨ-ਮਜ਼ਦੂਰ ਮੋਰਚਾ ਅੰਤ ਪੂਰੀ ਆਨ-ਸਾਨ ਨਾਲ ਫ਼ਤਹਿ ਹੋਵੇਗਾ । ਸ. ਮਾਨ ਨੇ ਕਿਸਾਨ-ਮਜਦੂਰ ਯੂਨੀਅਨਾਂ ਅਤੇ ਨਿਹੰਗ ਸਿੰਘ ਫ਼ੌਜਾਂ ਨੂੰ ਇਸੇ ਤਰ੍ਹਾਂ ਨਿਸਾਨੇ ਦੀ ਪ੍ਰਾਪਤੀ ਤੱਕ ਇਕੱਤਰ ਹੋ ਕੇ ਸਿੱਖੀ ਪ੍ਰੰਪਰਾਵਾਂ, ਮਰਿਯਾਦਾਵਾ, ਵਿਰਸੇ-ਵਿਰਾਸਤ ਉਤੇ ਪਹਿਰਾ ਦਿੰਦੇ ਹੋਏ ਇਹ ਜ਼ਿੰਮੇਵਾਰੀਆ ਸਮੂਹਿਕ ਰੂਪ ਵਿਚ ਨਿਭਾਉਣ ਦੀ ਵੀ ਅਪੀਲ ਕੀਤੀ । ਉਨ੍ਹਾਂ ਨਿਹੰਗ ਸਿੰਘ ਫ਼ੌਜਾਂ ਅਤੇ ਸਮੁੱਚੇ ਕਿਸਾਨਾਂ, ਮਜ਼ਦੂਰਾਂ ਨੂੰ ਵੀ 31 ਅਕਤੂਬਰ ਨੂੰ ਹੋਣ ਵਾਲੀ ਅਰਦਾਸ ਵਿਚ ਸਾਮਿਲ ਹੋਣ ਦੀ ਖੁੱਲ੍ਹੀ ਅਪੀਲ ਕੀਤੀ ।