ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੁੰ ਦਿੱਲੀ ਕਾਂਗਰਸ ਕਮੇਟੀ ਦਾ ਪਰਮਾਨੈਂਟ ਇਨਵਾਇਟੀ ਬਣਾਉਣ ਨੁੰ ਸਿੱਖ ਕੌਮ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਬਰਾਬਰ ਕਰਾਰ ਦਿੰਦਿਆਂ ਕੁੱਲ ਹਿੰਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੁੰ ਸਵਾਲ ਕੀਤਾ ਹੈ ਕਿ ਉਹ ਲੋਕਾਂ ਨੁੰ ਦੱਸਣ ਕਿ ਗਾਂਧੀ ਪਰਿਵਾਰ ਵਾਰ ਵਾਰ ਸਿੱਖਾਂ ਦੇ ਕਾਤਲਾਂ ਨੁੰ ਅਹੁਦੇ ਕੇ ਕਿਉਂਕਿ ਨਿਵਾਜਦਾ ਹੈ ਤੇ ਉਹਨਾਂ ਨੇ ਪੰਜਾਬ ਸਮੇਤ ਕਾਂਗਰਸ ਦੇ ਲੀਡਰਾਂ ਨੁੰ ਸਵਾਲ ਕੀਤਾ ਕਿ ਕੀ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਫੈਸਲੇ ‘ਤੇ ਪ੍ਰਤੀਕਰਮ ਦੇਣਗੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਪਾਸੇ ਤਾਂ ਕਾਂਗਰਸ ਲੀਡਰਸ਼ਿਪ ਸਿਆਸੀ ਪਾਰਟੀਆਂ ਵੱਲੋਂ ਅਪਰਾਧੀਆਂ ਦੀ ਪੁਸ਼ਤ ਪਨਾਹੀ ‘ਤੇ ਸਵਾਲ ਚੁੱਕ ਰਹੀ ਹੈ ਜਦਕਿ ਦੂਜੇ ਪਾਸੇ ਉਸਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਨੁੰ ਪਾਰਟੀ ਦੇ ਅਹਿਮ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਉਹਨਾਂ ਪੁੱਛਿਆ ਕਿ ਕਿੰਨਾ ਚਿਰ ਗਾਂਧੀ ਪਰਿਵਾਰ ਇਸ ਅਹਿਮ ਮਾਮਲੇ ‘ਤੇ ਰਾਜਨੀਤੀ ਕਰਦਾ ਰਹੇਗਾ ਜਿਸਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੁੰ ਸੱਟ ਮਾਰੀ ਹੈ।
ਸਰਦਾਰ ਸਿਰਸਾ ਨੇ ਕਿਹਾ ਕਿ ਟਾਈਟਲਰ ਦੀ ਨਿਯੁਕਤ ਸਾਬਤ ਕਰਦੀ ਹੈ ਕਿ ਕਿਵੇਂ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆਂ। ਉਹਨਾ ਕਿਹਾ ਕਿ ਸੋਨੀਆ ਗਾਂਧੀ ਸਮੇਤ ਕਾਂਗਰਸ ਹਾਈ ਕਮਾਂਡ ਦੀ ਇਸ ਕਾਰਵਾਈ ਨੇ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਇਸ ਫੈਸਲੇ ਨਾਲ ਪੰਜਾਬ ਕਾਂਗਰਸ ਵਿਚ ਕਿਸੇ ਦੇ ਹਿਰਦੇ ਨੁੰ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਸਿੱਖਾਂ ਦੇ ਕਾਤਲਾਂ ਦਾ ਸਨਮਾਨ ਕਰ ਰਹੀ ਹੈ ਤੇ ਜਿਸਦਾ ਕੇਸ ਸੀ ਬੀ ਆਈ ਕੋਲ ਪੈਂਡਿੰਗ ਹੈ, ਉਸ ਮਾਮਲੇ ‘ਤੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਚੁੱਪ ਵੱਟ ਲਈ ਹੈ।
ਸਰਦਾਰ ਸਿਰਸਾ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਤੇ ਵੀ ਹੱਲਾ ਬੋਲਿਆ ਤੇ ਕਿਹਾ ਕਿ ਉਹ ਦੱਸਣ ਕਿ ਕਦੋਂ ਉਹਨਾਂ ਦਾ ਚਰਿੱਤਰ ਢਹਿ ਢੇਰੀ ਹੋ ਗਿਆ ਤੇ ਹੇਠਾਂ ਲੱਗ ਗਿਆ। ਉਹਨਾਂ ਕਿਹਾ ਕਿ ਸ਼ਾਇਦ ਉਹਨਾਂ ਵਿਚ ਟਾਈਟਲਰ ਨੁੰ ਦਿੱਲੀ ਕਾਂਗਰਸ ਦਾ ਪਰਮਾਨੈਂਟ ਇਨਵਾਇਟੀ ਬਣਾਉਣ ਦੇ ਫੈਸਲੇ ਖਿਲਾਫ ਬੋਲਣ ਦੀ ਦਲੇਰੀ ਮੁੱਕ ਗਈ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਫੈਸਲਾ ਉਦੋਂ ਆਇਆ ਹੈ ਜਦੋਂ 17 ਨਵੰਬਰ 2021 ਨੁੰ ਟਾਈਟਲਰ ਦੇ ਕੇਸ ਦੀ ਸੁਣਵਾਈ ਹੈ। ਉਹਨਾਂ ਕਿਹਾ ਕਿ ਟਾਈਟਲਰ ਦੇ ਨਾਲ ਨਾਲ ਗਾਂਧੀ ਪਰਿਵਾਰ ਨੁੰ ਵੀ ਮਾਮਲੇ ਦੀ ਸੁਣਵਾਈ ਦਾ ਖੌਫ ਖਾ ਰਿਹਾ ਹੈ।
ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੁੰ ਚੇਤਾਵਨੀ ਦਿੱਤੀ ਕਿ ਉਹ ਟਾਈਟਲਰ ਦੀ ਨਿਯੁਕਤੀ ਦੇ ਹੁਕਮ ਰੱਦ ਕਰੇ ਜਾਂ ਫਿਰ ਮਾਮਲੇ ਵਿਚ ਸਿੱਖ ਕੌਮ ਦੇ ਸੰਘਰਸ਼ ਦਾ ਸਾਹਮਣਾ ਕਰਨਾ ਲਈ ਤਿਆਰ ਰਹੇ।