ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇਕਰ ਕਿਸਾਨਾਂ ਨੂੰ ਜਬਰੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਸਰਕਾਰੀ ਦਫ਼ਤਰਾਂ ਨੂੰ ਦਾਣਾ ਮੰਡੀ ਵਿੱਚ ਤਬਦੀਲ ਕਰ ਦੇਵਾਂਗੇ। ਰਾਕੇਸ਼ ਟਿਕੈਤ ਨੇ ਇਹ ਚਿਤਾਵਨੀ ਦਿੱਲੀ ਦੇ ਗਾਜ਼ੀਪੁਰ ਅਤੇ ਟਿੱਕਰੀ ਬਾਰਡਰ ਤੋਂ ਬੈਰੀਕੇਡ ਹਟਾਉਣ ਅਤੇ ਰਸਤਾ ਪੂਰੀ ਤਰ੍ਹਾਂ ਖੋਲ੍ਹਣ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਦਿੱਤੀ ਹੈ। ਟਿਕੈਤ ਨੇ ਆਪਣੇ ਰਵਾਇਤੀ ਅੰਦਾਜ਼ ‘ਚ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਨੂੰ ਜ਼ਬਰਦਸਤੀ ਹਟਾਇਆ ਗਿਆ ਤਾਂ ਅਸੀਂ ਸਰਕਾਰੀ ਦਫਤਰਾਂ ਨੂੰ ਦਾਣਾ ਮੰਡੀ ਬਣਾ ਦੇਵਾਂਗੇ।
ਟਿਕੈਤ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਪ੍ਰਸ਼ਾਸਨ ਵੱਲੋਂ ਜੇ.ਸੀ.ਬੀ ਰਾਹੀਂ ਧਰਨਾਕਾਰੀ ਕਿਸਾਨਾਂ ਦੇ ਟੈਂਟ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਕਿਸਾਨ ਥਾਣੇ ਵਿੱਚ ਹੀ ਟੈਂਟ ਲਾ ਦੇਣਗੇ।
ਦਿੱਲੀ ਪੁਲਿਸ ਨੇ ਵੀਰਵਾਰ ਰਾਤ ਤੋਂ ਗਾਜ਼ੀਪੁਰ ਅਤੇ ਟਿੱਕਰੀ ਸਰਹੱਦਾਂ ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ, ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਧਿਆਨ ਯੋਗ ਹੈ ਕਿ ਇਹ ਸੜਕਾਂ ਕਰੀਬ 11 ਮਹੀਨਿਆਂ ਤੋਂ ਬੰਦ ਹਨ ਅਤੇ ਦਿੱਲੀ ਵਿੱਚ ਨਵੰਬਰ ਦੇ ਅੰਤ ਵਿਚ ਦਿੱਲੀ ਦੇ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਵੇਗਾ।
ਉਧਰ ਪ੍ਰਸ਼ਾਸਨ ਦਾ ਤਰਕ ਹੈ ਕਿ ਕਿਸਾਨਾਂ ਵੱਲੋਂ ਰਸਤਾ ਰੋਕੇ ਜਾਣ ਕਾਰਨ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਵਾਰ-ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਰਸਤਾ ਨਹੀਂ ਰੋਕਿਆ ਗਿਆ, ਸਗੋਂ ਪੁਲਿਸ ਪ੍ਰਸ਼ਾਸਨ ਨੇ ਬੈਰੀਕੇਡ ਲਗਾ ਕੇ ਅਜਿਹਾ ਕੀਤਾ ਹੋਇਆ ਹੈ।