ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਇਸ ਸਾਲ ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਵਿੱਚ ਵਾਤਾਵਰਨ ਸੰਕਟ ਨਾਲ ਨਜਿੱਠਣ ਲਈ ਵਿਸ਼ਵ ਨੇਤਾਵਾਂ ਵੱਲੋਂ ਮਹੱਤਵਪੂਰਨ ਫੈਸਲੇ ਲਏ ਜਾਣਗੇ। ਇਸ ਲੜੀ ਤਹਿਤ ਵਿਸ਼ਵ ਦੇ 85% ਜੰਗਲਾਂ ਦੀ ਨੁਮਾਇੰਦਗੀ ਕਰਨ ਵਾਲੇ 100 ਤੋਂ ਵੱਧ ਵਿਸ਼ਵ ਨੇਤਾ ਜਲਵਾਯੂ ਸੰਕਟ ਨਾਲ ਨਜਿੱਠਣ ਦੇ ਰਾਹ ‘ਤੇ 2030 ਤੱਕ ਜੰਗਲਾਂ ਦੀ ਕਟਾਈ ਨੂੰ ਰੋਕਣ ਲਈ ਵਚਨਬੱਧ ਹੋਣਗੇ। ਬ੍ਰਾਜ਼ੀਲ, ਰੂਸ, ਕੈਨੇਡਾ, ਕੋਲੰਬੀਆ, ਇੰਡੋਨੇਸ਼ੀਆ ਅਤੇ ਕਾਂਗੋ ਲੋਕਤੰਤਰੀ ਗਣਰਾਜ ਸਮੇਤ ਹੋਰ ਦੇਸ਼ ਮੰਗਲਵਾਰ ਨੂੰ ਇਸ ਵਾਅਦੇ ‘ਤੇ ਦਸਤਖਤ ਕਰਨਗੇ, ਜਿਸ ਨੂੰ ਜਨਤਕ ਅਤੇ ਨਿੱਜੀ ਫੰਡਿੰਗ ਵਿੱਚ 14 ਬਿਲੀਅਨ ਪੌਂਡ (19.2 ਬਿਲੀਅਨ ਡਾਲਰ) ਦਾ ਸਮਰਥਨ ਪ੍ਰਾਪਤ ਹੈ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਇੱਕ ਸਮਾਗਮ ਵਿੱਚ ਰਸਮੀ ਤੌਰ ‘ਤੇ ਘੋਸ਼ਿਤ ਕੀਤੀ ਜਾਣ ਵਾਲੀ ਇਸ ਵਚਨਬੱਧਤਾ ਦਾ ਪ੍ਰਚਾਰਕਾਂ ਅਤੇ ਮਾਹਰਾਂ ਦੁਆਰਾ ਸਵਾਗਤ ਕੀਤਾ ਗਿਆ ਹੈ। ਜਿਹੜੇ ਲੋਕ ਜੰਗਲ ਅਤੇ ਜ਼ਮੀਨ ਦੀ ਵਰਤੋਂ ਬਾਰੇ ਐਲਾਨਨਾਮੇ ‘ਤੇ ਹਸਤਾਖਰ ਕਰਨਗੇ, ਉਹ ਆਪਣੇ ਦੇਸ਼ਾਂ ਵਿੱਚ ਜੰਗਲਾਂ ਦੀ ਸੁਰੱਖਿਆ ਲਈ ਵਚਨਬੱਧ ਹੋਣਗੇ। ਬੋਰਿਸ ਜੌਹਨਸਨ ਨੇ ਇਸ ਕਦਮ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਕਦਮ ਜੰਗਲਾਂ ਦੁਆਰਾ ਕਾਰਬਨ ਨਿਕਾਸ ਨੂੰ ਸੋਖਣ ਤੇ ਗਲੋਬਲ ਵਾਰਮਿੰਗ ਨੂੰ 1.5ਛ ਤੱਕ ਸੀਮਤ ਕਰਨ ਦੇ ਕੋਪ 26 ਟੀਚੇ ਦਾ ਸਮਰਥਨ ਕਰੇਗਾ। ਇਸ ਸਮਝੌਤੇ ਦੁਆਰਾ ਕਵਰ ਕੀਤੀ ਗਈ ਜ਼ਮੀਨ ਕੈਨੇਡਾ ਅਤੇ ਰੂਸ ਦੇ ਉੱਤਰੀ ਜੰਗਲਾਂ ਵਿੱਚ ਬ੍ਰਾਜ਼ੀਲ, ਕੋਲੰਬੀਆ, ਇੰਡੋਨੇਸ਼ੀਆ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਦੇ ਨਾਲ 13 ਮਿਲੀਅਨ ਵਰਗ ਮੀਲ ਤੋਂ ਵੱਧ ਖੇਤਰ ਦੇ ਗਰਮ ਖੰਡੀ ਜੰਗਲਾਂ ਤੱਕ ਫੈਲੀ ਹੋਈ ਹੈ। ਯੂਕੇ ਜੰਗਲਾਂ ਦੇ ਵਾਅਦੇ ਨੂੰ ਸਮਰਥਨ ਦੇਣ ਲਈ ਪੰਜ ਸਾਲਾਂ ਵਿੱਚ 1.5 ਬਿਲੀਅਨ ਪੌਂਡ ਸਹਾਇਤਾ ਦੀ ਵਚਨਬੱਧਤਾ ਕਰ ਰਿਹਾ ਹੈ, ਜਿਸ ਵਿੱਚ ਇੰਡੋਨੇਸ਼ੀਆ ਵਿੱਚ ਟਰਾਪੀਕਲ ਜੰਗਲਾਂ ਲਈ 350 ਮਿਲੀਅਨ ਪੌਂਡ ਅਤੇ ਲੀਫ ਕੋਲੀਸ਼ਨ ਲਈ 200 ਮਿਲੀਅਨ ਪੌਂਡ ਸ਼ਾਮਲ ਹਨ। ਇਸਦੇ ਇਲਾਵਾ ਬ੍ਰਿਟੇਨ ਕਾਂਗੋ ਬੇਸਿਨ ਦੀ ਸੁਰੱਖਿਆ ਲਈ ਇੱਕ ਨਵੇਂ 1.1 ਬਿਲੀਅਨ ਪੌਂਡ ਦੇ ਅੰਤਰਰਾਸ਼ਟਰੀ ਫੰਡ ਵਿੱਚ 200 ਮਿਲੀਅਨ ਪੌਂਡ ਦਾ ਯੋਗਦਾਨ ਵੀ ਦੇ ਰਿਹਾ ਹੈ।
100 ਤੋਂ ਵੱਧ ਦੇਸ਼ 2030 ਤੱਕ ਜੰਗਲਾਂ ਦੀ ਕਟਾਈ ਨੂੰ ਖਤਮ ਕਰਨ ਦੇ ਸਮਝੌਤੇ ‘ਤੇ ਕਰਨਗੇ ਦਸਤਖਤ
This entry was posted in ਅੰਤਰਰਾਸ਼ਟਰੀ.