ਗੁੱਸਾ ਆਉਣਾ ਸੁਭਾਵਿਕ ਗੱਲ ਹੈ ਪਰੰਤੂ ਗੁੱਸੇ ਤੇ ਕਾਬੂ ਕਰਨਾ ਇੱਕ ਕਲਾ ਹੈ। ਗੁੱਸਾ ਕੁਝ ਸਮੇਂ ਲਈ ਆਉਂਦਾ ਹੈ ਤੇ ਪਿੱਛੇ ਡਾਢਾ ਨੁਕਸਾਨ ਛੱਡ ਜਾਂਦਾ ਹੈ। ਗੁੱਸਾ ਮਨੁੱਖੀ ਮਨ ਦਾ ਇੱਕ ਭਾਵ ਹੈ ਅਤੇ ਗੁੱਸੇ ਦੌਰਾਨ ਕਈ ਸਰੀਰਕ ਲੱਛਣ ਪੈਦਾ ਹੁੰਦੇ ਹਨ ਜਿਵੇਂ ਕਿ ਦਿਲ ਦੀ ਗਤੀ ਦਾ ਵੱਧਣਾ, ਰਕਤ ਚਾਪ ਵਿੱਚ ਵਾਧਾ ਆਦਿ। ਗੁੱਸਾ ਉਹ ਹਨੇਰੀ ਹੈ ਜੋ ਅਕਲ ਦਾ ਦੀਵਾ ਬੁਝਾ ਦਿੰਦਾ ਹੈ ਅਤੇ ਇੱਕ ਕ੍ਰੋਧਿਤ ਵਿਅਕਤੀ ਦੇ ਸੋਚਣ ਅਤੇ ਵਿਚਾਰਨ ਦੀ ਸ਼ਕਤੀ ਜ਼ੀਰੋ ਹੋ ਜਾਂਦੀ ਹੈ।
ਗੁੱਸੇ ਦਾ ਕੋਈ ਵੀ ਚਰਨ ਸਹਿਜ ਨਹੀਂ ਹੈ। ਗੁੱਸਾ ਮਨੁੱਖੀ ਭਾਵ ਦੀ ਚਰਮ ਸੀਮਾ ਹੈ। ਜਦ ਕਦੇ ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਵਿਸ਼ਵਾਸ ਟੁੱਟਦਾ ਹੈ, ਸਵੈ ਮਾਣ ਜਾਂ ਅਹੰਕਾਰ ਨੂੰ ਧੱਕਾ ਵੱਜਦਾ ਹੈ ਜਾਂ ਉਮੀਦਾਂ ਤੇ ਖਰਾ ਨਾ ਉਤਰਨ ਆਦਿ ਕਾਰਨ ਗੁੱਸਾ ਜਨਮ ਲੈਂਦਾ ਹੈ। ਗੁੱਸਾ ਜੁਆਲਾਮੁੱਖੀ ਵਾਂਗ ਫੁੱਟਦਾ ਹੈ ਤੇ ਨੁਕਸਾਨ ਕਰਦਾ ਹੈ।
ਗੁੱਸਾ ਆਉਣ ਪਿੱਛੇ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ। ਡਰ ਨੂੰ ਗੁੱਸੇ ਦਾ ਜਨਕ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਹੈ ਕਿਉਂਕਿ ਜਦ ਵਿਅਕਤੀ ਡਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਗੁੱਸੇ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਗੁੱਸੇ ਨੂੰ ਕਾਇਰਤਾ ਦੀ ਨਿਸ਼ਾਨੀ ਵੀ ਕਿਹਾ ਜਾਂਦਾ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਜਿਹਨਾਂ ਵਿੱਚ ਸਬਰ ਤੇ ਸਾਹਸ ਦੀ ਘਾਟ ਹੁੰਦੀ ਹੈ, ਉਹ ਕ੍ਰੋਧਿਤ ਹੁੰਦੇ ਹਨ।
ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਸੋ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾ ਜ਼ਰੂਰ ਸੋਚਣਾ ਚਾਹੀਦਾ ਹੈ। ਕਿਸੇ ਕਾਰਨ ਵੱਸ ਹਾਲਾਤ ਵਿਗੜਦੇ ਵੇਖ ਉੱਥੋਂ ਪਾਸਾ ਵੱਟਣਾ ਵਧੇਰੇ ਸਾਰਥਕ ਹੈ। ਗੁੱਸੇ ਅਤੇ ਲੜਾਈ ਨਾਲ ਤੁਸੀਂ ਜਿੱਤ ਤਾਂ ਸਕਦੇ ਹੋ ਪਰੰਤੂ ਕਿਸੇ ਨੂੰ ਅਪਣਾ ਨਹੀਂ ਬਣਾ ਸਕਦੇ। ਗੁਸੈਲੇ ਵਿਅਕਤੀ ਦਾ ਕੋਈ ਮਿੱਤਰ ਨਹੀਂ ਬਣਨਾ ਪਸੰਦ ਕਰਦਾ ਅਤੇ ਬੇਕਾਬੂ ਗੁੱਸਾ ਤੁਹਾਡੀ ਨੇਕ ਨਾਮੀ ਨੂੰ ਵੀ ਖ਼ਰਾਬ ਕਰਦਾ ਹੈ।
ਖੁਸ਼ੀਂ ਵਿੱਚ ਕੋਈ ਵਾਅਦਾ ਨਹੀਂ ਕਰਨਾ ਚਾਹੀਦਾ ਅਤੇ ਗੁੱਸੇ ਵਿੱਚ ਕੋਈ ਫੈਸਲਾ। ਪਾਣੀ ਅਕਸਰ ਨਿਵਾਣ ਵੱਲ ਨੂੰ ਜਾਂਦਾ ਹੈ ਸੋ ਗੁੱਸੇ ਦੀ ਇੱਕ ਫਿਤਰਤ ਵੀ ਹੈ ਕਿ ਇਹ ਆਪ ਤੋਂ ਮਾੜੇ ਤੇ ਹੀ ਨਿਕਲਦਾ ਹੈ, ਤਕੜੇ ਅੱਗੇ ਤਾਂ ਚੁਰਕਦਾ ਨਹੀਂ। ਘਰ, ਦਫ਼ਤਰੀ ਜਾਂ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਤਣਾਅ ਨੂੰ ਕੰਟਰੋਲ ਕਰਕੇ ਆਪਣੇ ਸਬਰ ਤੇ ਸਹਿਜਤਾ ਨੂੰ ਵਧਾਉਣਾ ਚਾਹੀਦਾ ਹੈ, ਜੇਕਰ ਕੋਈ ਸਮੱਸਿਆ ਹੈ ਉਸਦੇ ਸਾਰਥਕ ਹੱਲ ਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਗੁੱਸਾ ਕੀਤਾ ਜਾਵੇ।
ਜ਼ਿੰਦਗੀ ਵਿੱਚ ਉਤਾਰ ਚੜਾਅ ਅਹਿਮ ਅੰਗ ਹਨ, ਇਹ ਤੁਹਾਡੇ ਹੱਥ ਵਿੱਚ ਨਹੀਂ ਹੁੰਦਾ ਕਿ ਤੁਸੀਂ ਕਿਸੇ ਹਾਲਾਤ ਵਿੱਚ ਕਿਵੇਂ ਮਹਿਸੂਸ ਕਰੋਗੇ ਪਰੰਤੂ ਇਹ ਜ਼ਰੂਰ ਤੁਹਾਡੇ ਹੱਥ ਵਿੱਚ ਹੁੰਦਾ ਹੈ ਕਿ ਤੁਸੀਂ ਉਸ ਸਮੇਂ ਆਪਣੇ ਜ਼ਜਬਾਤਾਂ ਨੂੰ ਕਿਵੇਂ ਜ਼ਾਹਰ ਕਰਦੇ ਹੋ, ਤੁਹਾਨੂੰ ਗੁੱਸੇ ਵਿੱਚ ਭੜਕਣ ਦੀ ਲੋੜ ਨਹੀਂ। ਧਾਰਮਿਕ ਗ੍ਰੰਥਾਂ ਵਿੱਚ ਵੀ ਜ਼ਿਕਰ ਹੈ ਕਿ ਜਿਹੜਾ ਗੁੱਸੇ ਵਿੱਚ ਧੀਮਾ ਹੈ, ਉਹ ਸੂਰਬੀਰ ਨਾਲੋ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।
ਗੁੱਸੇ ‘ਤੇ ਕਾਬੂ ਰੱਖ ਕੇ ਜ਼ਿੰਦਗੀ ਨੂੰ ਹੋਰ ਬੇਹਤਰੀ ਨਾਲ ਮਾਣਿਆ ਜਾ ਸਕਦਾ ਹੈ। ਪ੍ਰਸਿੱਧ ਕਵੀ ਸ਼ੇਖ ਸਾਅਦੀ ਅਨੁਸਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਭਸਮ ਕਰੇ, ਗੁੱਸੇ ਦੀ ਲਾਰ ਸਭ ਤੋਂ ਪਹਿਲਾਂ ਖੁਦ ਨੂੰ ਸਾੜ ਕੇ ਸੁਆਹ ਕਰਦੀ ਹੈ। ਗੁੱਸੇ ਸਮੇਂ ਆਪਣੇ ਆਪ ਤੇ ਰੱਖੇ ਨਿਯੰਤ੍ਰਣ ਕਰਕੇ ਤੁਸੀਂ ਭਵਿੱਖ ਦੀਆਂ ਕਈਆਂ ਸਮੱਸਿਆਵਾਂ ਤੋਂ ਆਪਣਾ ਬਚਾ ਕਰ ਸਕਦੇ ਹੋ।