ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਜ਼ਾ ਪੂਰੀ ਹੋਣ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਪੰਥਦਰਦੀਆਂ ਵੱਲੋਂ ਅਰਦਾਸ ਕੀਤੀ ਗਈ। ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਸਿੱਖਾਂ ਨੇ ਬੰਦੀ ਛੋੜ ਦਿਵਸ ਮੌਕੇ ਤਿਹਾੜ ਜੇਲ੍ਹ ਦੇ ਗੇਟ ਨੰਬਰ 3 ਦੇ ਬਾਹਰ ਇਕੱਠੇ ਹੋ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਬੰਦੀ ਸਿੱਖਾਂ ਦੀ ਜਲਦੀ ਰਿਹਾਈ ਲਈ ਅਰਦਾਸ ਕੀਤੀ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਨਾਲ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਤੋਂ 52 ਰਾਜਿਆਂ ਨੂੰ ਛੁਡਾਉਣ ਤੋਂ ਬਾਅਦ ਦੀਵਾਲੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਪਹੁੰਚੇ ਸਨ। ਇਸੇ ਕਰਕੇ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਮਨਾਉਣ ਦਾ ਰਿਵਾਜ ਸ਼ੁਰੂ ਹੋ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਚਮਨ ਸਿੰਘ ਸ਼ਾਹਪੁਰਾ ਨੇ ਅਫਸੋਸ ਪ੍ਰਗਟ ਕੀਤਾ ਕਿ ਸਾਡੀ ਲੀਡਰਸ਼ਿਪ ਦੀ ਅਣਗਹਿਲੀ ਕਾਰਨ ਅੱਜ ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਸਿੱਖ ਕੈਦੀਆਂ ਦੇ ਬੇਲੋੜੇ ਜੇਲ੍ਹਾਂ ਵਿੱਚ ਬੰਦ ਰਹਿਣ ਪਿੱਛੇ ਸਿਆਸੀ ਆਗੂਆਂ ਦੀ ਆਪਣੇ ਨਿੱਜੀ ਹਿੱਤਾਂ ਲਈ ਰਖੀ ਚੁੱਪੀ ਵੀ ਵੱਡਾ ਕਾਰਨ ਹੈ।
ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਚੰਗੇ ਆਚਰਣ ਕਾਰਨ ਸਜ਼ਾਵਾਂ ਅਤੇ ਪੈਰੋਲ ਆਦਿ ਵਿੱਚ ਕਟੌਤੀ ਮਿਲਦੀ ਹੈ। ਪਰ ਸਿੱਖ ਕੈਦੀਆਂ ਨੂੰ ਇਹ ਅਧਿਕਾਰ ਦੇਣ ਵਿੱਚ ਵੀ ਜੇਲ੍ਹ ਪ੍ਰਸ਼ਾਸਨ ਢਿੱਲਮੱਠ ਕਰ ਰਿਹਾ ਹੈ। ਸੀ.ਬੀ.ਆਈ ਜਾਂਚ ਵਾਲੇ ਕੇਸਾਂ ਆਦਿ ਦੇ ਬਹਾਨੇ ਸਿੱਖ ਕੈਦੀਆਂ ਨੂੰ ਜੇਲ੍ਹ ਮੈਨੂਅਲ ਵਿਚ ਦੱਸੇ ਨਿਯਮਾਂ ਦੀ ਪਾਲਣਾ ਕਰਨ ਤੋਂ ਰੋਕਿਆ ਜਾਂਦਾ ਹੈ। ਇਸ ਮੌਕੇ ਅਰਦਾਸ ਵਿੱਚ ਸ਼ਾਮਲ ਸਮੂਹ ਸਮਾਜਿਕ ਕਾਰਕੁੰਨਾ ਨੇ ਕੇਂਦਰ ਸਰਕਾਰ ਤੋਂ ਸਿੱਖ ਬੰਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਬੰਦੀ ਸਿੱਖਾਂ ਦੀ ਰਿਹਾਈ ਲਈ ਬੰਦੀ ਛੋੜ ਦਿਵਸ ਮੌਕੇ ਤਿਹਾੜ ਜੇਲ੍ਹ ਅੱਗੇ ਕੀਤੀ ਅਰਦਾਸ
This entry was posted in ਭਾਰਤ.