ਡੀ.ਡੀ. ਪੰਜਾਬੀ ਦੇ ਡਾਇਰੈਕਟਰਾਂ ਨਾਲ ਵਿਸ਼ਾ-ਸਮੱਗਰੀ ਸਬੰਧੀ ਅਕਸਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਕੁਝ ਵਿਸ਼ਾ-ਸਮੱਗਰੀ ਨੂੰ ਤਰਜੀਹ ਦਿੰਦੇ ਹਨ ਅਤੇ ਕਈ ਟੀ.ਆਰ.ਪੀ. ਨੂੰ। ਟੀ.ਆਰ.ਪੀ. ਇਸ਼ਤਿਹਾਰ ਬਟੋਰਨ ਅਤੇ ਉੱਚ-ਅਫ਼ਸਰਾਂ, ਅਧਿਕਾਰੀਆਂ ਦੀ ਵਾਹ ਵਾਹ ਪ੍ਰਾਪਤ ਕਰਨ ਵਿਚ ਤਾਂ ਸਹਾਈ ਹੋ ਸਕਦੀ ਹੈ। ਇਸ ਨਾਲ ਦਰਸ਼ਕਾਂ ਦੀ ਪ੍ਰਸੰਸਾਂ ਹਾਸਲ ਨਹੀਂ ਕੀਤੀ ਜਾ ਸਕਦੀ ਹੈ। ਦਰਸ਼ਕਾਂ ਦੀ ਪ੍ਰਸੰਸਾਂ ਮਿਆਰੀ ਪ੍ਰੋਗਰਾਮਾਂ ਨਾਲ ਮਿਲਣੀ ਹੈ ਅਤੇ ਟੀ.ਆਰ.ਪੀ. ˈਪਘੂਲਰˈ ਪ੍ਰੋਗਰਾਮਾਂ ਨਾਲ। ˈਪਘੂਲੈਰਿਟੀˈ ਮਿਆਰ ਦੀ ਨਿਸ਼ਾਨੀ ਹਰਗਿਜ਼ ਨਹੀਂ ਹੈ।
ਸਾਹਿਤ ਵਿਚ ਇਸਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਗੈਰ-ਮਿਆਰੀ ਤੇ ਅਸ਼ਲੀਲ ਕਿਸਮ ਦੀਆਂ ਕਿਤਾਬਾਂ ਵੱਡੀ ਗਿਣਤੀ ਵਿਚ ਵਿਕਦੀਆਂ ਹਨ। ਇਹੀ ਹਾਲ ਟੈਲੀਵਿਜ਼ਨ ਪ੍ਰੋਗਰਾਮਾਂ ਦਾ ਹੈ। ਇਸ ਨੁਕਤੇ ʼਤੇ ਮੇਰੀ ਸਾਬਕਾ ਡਾਇਰੈਕਟਰ ਜਨਰਲ ਡਾ. ਦਲਜੀਤ ਸਿੰਘ ਨਾਲ ਕਈ ਵਾਰ ਵਿਚਾਰ-ਚਰਚਾ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਨਾ ਮੈਨੂੰ ਟੀ.ਆਰ.ਪੀ. ਦੀ ਪਰਵਾਹ ਹੈ ਅਤੇ ਨਾ ਆਮਦਨੀ ਦੀ। ਮੈਨੂੰ ਕੇਵਲ ਮਿਆਰ ਦੀ ਚਿੰਤਾ ਹੈ ਅਤੇ ਉਨ੍ਹਾਂ ਨੇ ਸਿੱਧ ਕਰ ਦਿੱਤਾ ਕਿ ਮਿਆਰੀ ਪ੍ਰੋਗਰਾਮਾਂ ਨੂੰ ਦਰਸ਼ਕ ਬੇਹੱਦ ਪਿਆਰ ਦਿੰਦੇ ਹਨ ਅਤੇ ਇਉਂ ਕਰਕੇ ਹੀ ਕਿਸੇ ਚੈਨਲ ਦਾ ਅਕਸ਼ ਸੁਧਰ ਸਕਦਾ ਹੈ।
ਵਿਸ਼ਾ-ਸਮੱਗਰੀ ਨੂੰ ਸਿੱਧੇ ਤੌਰ ʼਤੇ ਟੀ.ਆਰ.ਪੀ. ਨਾਲ ਜੋੜ ਕੇ ਕਈ ਚੈਨਲ ਅਧਿਕਾਰੀ ਤੇ ਪ੍ਰੋਡਿਊਸਰ ਘਟੀਆ ਪ੍ਰੋਗਰਾਮ ਪਰੋਸਦੇ ਹਨ। ਪੁਰਾਣੇ ਚਰਚਿਤ ਪ੍ਰੋਗਰਾਮ ਦੁਹਰਾਉਂਦੇ ਹਨ। ਫ਼ਿਲਮੀ ਗੀਤ ਸੰਗੀਤ ਪ੍ਰਸਾਰਿਤ ਕਰਦੇ ਹਨ। ਚੀਜ਼ਾਂ ਵੇਚਣ ਅਤੇ ਮਿਆਰੀ ਪ੍ਰੋਗਰਾਮ ਪੇਸ਼ ਕਰਨ ਵਿਚ ਵੱਡਾ ਅੰਤਰ ਹੈ। ਉਸ ਅੰਤਰ ਨੂੰ ਸਮਝਣ ਦੀ ਲੋੜ ਹੈ। ਦੂਰਦਰਸ਼ਨ ਦਾ ਮਕਸਦ ਇਸ਼ਤਿਹਾਰਾਂ ਰਾਹੀਂ ਚੀਜ਼ਾਂ ਵੇਚਣਾ ਕਦਾਚਿਤ ਨਹੀਂ ਹੈ। ਉਸਦਾ ਮਕਸਦ ਟੀ.ਆਰ.ਪੀ. ਵੀ ਨਹੀਂ ਹੈ। ਉਸਦਾ ਮਕਸਦ ਦਰਸ਼ਕਾਂ, ਦੇਸ਼ ਵਾਸੀਆਂ ਨੂੰ ਸੇਧ ਦੇਣਾ ਹੈ। ਮਿਆਰੀ ਮਨੋਰੰਜਨ ਕਰਨਾ ਹੈ। ਸਹੀ ਜਾਣਕਾਰੀ ਤੇ ਗਿਆਨ ਦੇਣਾ ਹੈ। ਭਾਰਤੀ ਮੀਡੀਆ ਦਾ ਵੱਡਾ ਹਿੱਸਾ ਆਪਣੇ ਮਕਸਦ ਤੋਂ ਹੀ ਭਟਕ ਗਿਆ ਹੈ।
ਦੇਸ਼ ਦੀਆਂ, ਸੂਬੇ ਦੀਆਂ ਸਮੱਸਿਆਵਾਂ ਵੱਲੋਂ ਮੂੰਹ ਫੇਰ ਕੇ ਜੇਕਰ ਕੋਈ ਚੈਨਲ ਫ਼ਿਲਮੀ ਤੇ ਹਲਕੇ ਗੀਤ-ਸੰਗੀਤ ਅਤੇ ਗੈਰ-ਮਿਆਰੀ ਮਨੋਰੰਜਨ ਨੂੰ ਤਰਜੀਹ ਦੇਵੇਗਾ ਤਾਂ ਉਸਦੀ ਟੀ.ਆਰ.ਪੀ. ਜ਼ਰੂਰ ਵਧੇਗੀ ਕਿਉਂਕਿ ਭਾਰਤ ਕੋਲ ਆਬਾਦੀ ਦੀ ਕਮੀ ਨਹੀਂ। ਹਲਕਾ-ਫੁਲਕਾ ਤੇ ਗੈਰ-ਮਿਆਰੀ ਵੇਖਣ ਵਾਲੇ ਦਰਸ਼ਕਾਂ ਦੀ ਘਾਟ ਨਹੀਂ। ਕੇਵਲ ਸੰਜੀਦਾ, ਸੋਚਸ਼ੀਲ ਤੇ ਸਿਆਣੇ ਦਰਸ਼ਕਾਂ ਨੂੰ ਵੇਖਣ ਲਈ ਕੁਝ ਨਹੀਂ ਲੱਭਦਾ। ਟੀ.ਆਰ.ਪੀ. ਵਧਾਉਣੀ ਕੋਈ ਮਸਲਾ ਨਹੀਂ ਹੈ, ਕੋਈ ਮੁੱਦਾ ਨਹੀਂ ਹੈ, ਪਰ ਕਈ ਅਧਿਕਾਰੀ ਸਾਰਾ ਜ਼ੋਰ ਇਸੇ ਗੱਲ, ਇਸੇ ਕੰਮ ʼਤੇ ਲਾ ਦਿੰਦੇ ਹਨ। ਟੀ.ਆਰ.ਪੀ. ਵਧਾਉਣ ਦੇ ਲਾਲਚ ਵਿਚ ਉਹ ਸਭ ਭੁੱਲ ਜਾਂਦੇ ਹਨ। ਮਾਣ-ਮਰਯਾਦਾ ਅਤੇ ਚੈਨਲ ਦੇ ਅਕਸ ਨੂੰ ਵੀ ਦਾਅ ʼਤੇ ਲਗਾ ਦਿੰਦੇ ਹਨ। ਹੁਣ ਤਾਂ ਇਸ ਨੁਕਤੇ ਨੂੰ ਲੈ ਕੇ ਸਕੈਂਡਲ ਹੋਣ ਲੱਗ ਗਏ ਹਨ। ਕੇਸ ਅਦਾਲਤਾਂ ਵਿਚ ਚੱਲ ਰਹੇ ਹਨ।
ਟੀ.ਆਰ.ਪੀ. ਸਿਸਟਮ ਵਿਚ ਅਨੇਕਾਂ ਖ਼ਾਮੀਆਂ ਹਨ। ਉਨ੍ਹਾਂ ਖ਼ਾਮੀਆਂ ਦੇ ਚੱਲਦਿਆਂ ਏਜੰਸੀ ਕਿਸੇ ਵੀ ਚੈਨਲ, ਕਿਸੇ ਵੀ ਪ੍ਰੋਗਰਾਮ ਨੂੰ ਅੱਗੇ ਲਿਆ ਸਕਦੀ ਹੈ, ਕਿਸੇ ਨੂੰ ਵੀ ਪਿੱਛੇ ਸੁੱਟ ਸਕਦੀ ਹੈ। ਵੈਸੇ ਵੀ ਟੀ.ਆਰ.ਪੀ. ਨਾਲ ਦਰਸ਼ਕਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਇਸ਼ਤਿਹਾਰਬਾਜ਼ੀ ਨਾਲ ਜੁੜਿਆ ਮਾਮਲਾ ਹੈ। ਕਾਰੋਬਾਰ ਨਾਲ ਜੁੜਿਆ ਪਹਿਲੂ ਹੈ। ਮੀਡੀਆ ਕੇਵਲ ਕਾਰੋਬਾਰ ਨਹੀਂ ਹੈ। ਪੱਤਰਕਾਰੀ ਕੇਵਲ ਇਸ਼ਤਿਹਾਰਬਾਜ਼ੀ ਲਈ ਨਹੀਂ ਹੈ। ਮੀਡੀਆ ਰਾਹੀਂ ਕਾਰੋਬਾਰ ਕਰਨ ਵਾਲੇ ਅਦਾਰਿਆਂ ਅਤੇ ਪੱਤਰਕਾਰੀ ਰਾਹੀਂ ਵੱਧ ਤੋਂ ਵੱਧ ਇਸ਼ਤਿਹਾਰ ਬਟੋਰਨ ਦੀ ਦੌੜ ਵਿਚ ਪਏ ਚੈਨਲ ਲੋਕ-ਮਨਾਂ ਦਾ ਹਿੱਸਾ ਨਹੀਂ ਬਣ ਸਕਦੇ। ਇਤਿਹਾਸ ਵਿਚ ਵੱਧ ਪੈਸੇ ਕਮਾਉਣ ਵਾਲਿਆਂ ਦਾ ਜ਼ਿਕਰ ਨਹੀਂ ਹੁੰਦਾ। ਮਹਾਨ ਤੇ ਮਿਆਰੀ ਕਾਰਜ ਕਰਨ ਵਾਲਿਆਂ ਦਾ ਹੁੰਦਾ ਹੈ।
ਟੈਲੀਵਿਜ਼ਨ ਚੈਨਲ ਆਪਣੀ ਸਮਾਜਕ, ਮਾਨਵੀ ਤੇ ਭੁਗੋਲਿਕ ਜ਼ਿੰਮੇਵਾਰੀ ਭੁੱਲ ਕੇ ਟੀ.ਆਰ.ਪੀ. ਦੀ ਅੰਨ੍ਹੀ ਦੌੜ ਵਿਚ ਪਏ ਹੋਏ ਹਨ। ਹਮਲਾਵਰ ਪੱਤਰਕਾਰੀ ਭਾਰੂ ਹੁੰਦੀ ਜਾ ਰਹੀ ਹੈ। ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਨਵੇਂ-ਨਵੇਂ ਗੈਰ-ਮਿਆਰੀ ਤੇ ਫ਼ਿਲਮੀ ਢੰਗ-ਤਰੀਕੇ ਲੱਭੇ ਜਾ ਰਹੇ ਹਨ। ਬੀਤੇ ਸਮੇਂ ਦੌਰਾਨ ਭਾਰਤ ਵਿਚ ਹੋਏ ਕੌਮੀ ਸੈਮੀਨਾਰਾਂ ਤੇ ਕਾਨਫ਼ਰੰਸਾਂ ਦੌਰਾਨ ਬਹੁਤ ਸਾਰੇ ਬਲਾਰਿਆਂ ਨੇ ਲੋਕ ਪ੍ਰਸਾਰਨ ਸੇਵਾ ਦੀ ਟੀ.ਆਰ.ਪੀ. ਦੌੜ ਅਤੇ ਪ੍ਰੋਗਰਾਮਾਂ ਦੇ ਮਿਆਰ ਸਬੰਧੀ ਸਵਾਲ ਉਠਾਏ ਹਨ।
ਕਮਰਸ਼ੀਅਲ ਅਤੇ ਲੋਕਾਂ ਦੇ ਪਸੰਦੀਦਾ ਪ੍ਰੋਗਰਾਮਾਂ ਵਿਚਾਲੇ ਇਕ ਸੰਤੁਲਿਨ ਰੱਖਣ ਦੀ ਲੋੜ ਹੈ ਪਰੰਤੂ ਟੀ.ਆਰ.ਪੀ. ਖਲਨਾਇਕ ਦੀ ਭੂਮਿਕਾ ਨਿਭਾ ਰਹੀ ਹੈ। ਸਮਾਜ ਪ੍ਰਤੀ, ਲੋਕਾਂ ਪ੍ਰਤੀ, ਖਿੱਤੇ ਪ੍ਰਤੀ ਟੈਲੀਵਿਜ਼ਨ ਚੈਨਲਾਂ ਦੀ ਕੀ ਜ਼ਿੰਮੇਵਾਰੀ ਹੈ, ਇਸਨੂੰ ਸਮਝਣ ਅਪਨਾਉਣ ਦੀ ਲੋੜ ਹੈ। ਲੋਕ-ਹਿੱਤਾਂ ਦੀ ਥਾਂ ਪੈਸਾ ਕਮਾਉਣ ਮੁਖ ਤਰਜੀਹ ਬਣ ਗਈ ਹੈ। ਇਸੇ ਲਈ ਬਹੁਤੇ ਟੀ.ਵੀ. ਪ੍ਰੋਗਰਾਮ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ।
ਟੀ.ਆਰ.ਪੀ. ਨੇ ਮਿਆਰ ਨੂੰ ਪਿੱਛੇ ਧਕੇਲ ਦਿੱਤਾ ਹੈ। ਉਹ ਸਮਾਂ ਵੀ ਸੀ ਜਦ ਟੀ.ਆਰ.ਪੀ. ਦੀ ਦੌੜ ਨਹੀਂ ਸੀ ਤਦ ਮਿਆਰੀ ਪ੍ਰੋਗਰਾਮ ਬਣਦੇ ਸਨ। ਸੇਧ ਤੇ ਸੰਦੇਸ਼ ਦੇਣ ਵਾਲੇ। ਹੁਣ ਇਸ ਦੌੜ ਨੇ ਰੋਜ਼ਾਨਾ ਸੀਰੀਅਲਾਂ ਦਾ ਮੂੰਹ- ਮੁਹਾਂਦਰਾ ਤੇ ਮਿਆਰ ਬਦਲ ਦਿੱਤਾ ਹੈ। ਕੇਵਲ ਉਹੀ ਅਤੇ ਉਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਸਨੂੰ ਵੱਧ ਤੋਂ ਵੱਧ ਦਰਸ਼ਕ ਵੇਖਣ। ਮਿਆਰ, ਸੁਹਜ-ਸੁਆਦ ਤੇ ਸੇਧ-ਸੰਦੇਸ਼ ਤੇ ਗੁਣਵਤਾ ਗੌਣ ਰੂਪ ਅਖ਼ਤਿਆਰ ਕਰ ਗਏ ਹਨ।