ਵਿਸ਼ਵ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਦਰਜਾਬੰਦੀ ਜਾਰੀ ਕਰਨ ਵਾਲੀ ਸੰਸਥਾ ਕਿਊ.ਐਸ ਵੱਲੋਂ ਸਾਲ 2022 ਲਈ ਜਾਰੀ ਕੀਤੀ ਕਿਊ.ਐਸ ਏਸ਼ੀਆ ਯੂਨੀਵਰਸਿਟੀਜ਼ ਰੈਕਿੰਗ ’ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਏਸ਼ੀਆ ਦੀਆਂ 15812 ਯੂਨੀਵਰਸਿਟੀਆਂ ਵਿਚੋਂ 280 ਚੋਟੀ ਦੀਆਂ ਯੂਨੀਵਰਸਿਟੀਆਂ ’ਚ ਸ਼ੁਮਾਰ ਹੋ ਗਈ ਹੈ। ਲਗਭਗ ਇੱਕ ਦਹਾਕੇ ਦੇ ਅੰਤਰਾਲ ’ਚ ਹੀ ਏਸ਼ੀਆ ਪੱਧਰ ਦੀ ਵਕਾਰੀ ਦਰਜਾਬੰਦੀ ’ਚ ਜਗ੍ਹਾ ਬਣਾਉਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਹੀ ਨਹੀਂ ਬਲਕਿ ਏਸ਼ੀਆ ਦੀ ਪਹਿਲੀ ਸੱਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਬਣ ਗਈ ਹੈ। ਕਿਊ.ਐਸ ਏਸ਼ੀਆ ਯੂਨੀਵਰਸਿਟੀ ਰੈਕਿੰਗ ’ਚ 271-280ਵਾਂ ਰੈਂਕ ਮਿਲਣ ਸਦਕਾ ਚੰਡੀਗੜ੍ਹ ਯੂਨੀਵਰਸਿਟੀ ਏਸ਼ੀਆ ਦੀਆਂ ਚੋਟੀ ਦੀਆਂ 1.7 ਫ਼ੀਸਦੀ ਯੂਨੀਵਰਸਿਟੀਆਂ ’ਚ ਸ਼ੁਮਾਰ ਹੋ ਗਈ ਹੈ।ਅਕਾਦਮਿਕ ਵਕਾਰ ਸਬੰਧੀ ਜਾਰੀ ਕੀਤੀ ਰੈਕਿੰਗ ’ਚ ’ਵਰਸਿਟੀ ਨੂੰ 214ਵਾਂ ਰੈਂਕ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਅਕਾਦਮਿਕ ਵਕਾਰ, ਖੋਜ ਕਾਰਜ, ਵਿਦਿਆਰਥੀ-ਅਧਿਆਪਕ ਅਨੁਪਾਤ, ਰੋਜ਼ਗਾਰ, ਪੀ.ਐਚ.ਡੀ ਸਟਾਫ਼, ਅੰਤਰਰਾਸ਼ਟਰੀ ਫੈਕਲਟੀ ਅਤੇ ਵਿਦਿਆਰਥੀ ਆਦਿ ਖੇਤਰਾਂ ਸਬੰਧੀ ਮਾਪਦੰਡਾਂ ਦੇ ਵਿਆਪਕ ਮੁਲਾਂਕਣ ਦੇ ਆਧਾਰ ’ਤੇ ਇਹ ਵਕਾਰੀ ਦਰਜਾਬੰਦੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੌਮੀ ਦਰਜਾਬੰਦੀ ‘ਨਿਰਫ਼-2021’ ’ਚ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਏਸ਼ੀਆ ਯੂਨੀਵਰਸਿਟੀ ਰੈਕਿੰਗ ’ਚ ਸ਼ੁਮਾਰ ਹੋਣਾ ’ਵਰਸਿਟੀ ਦੀ ਵੱਡੀ ਸਫ਼ਲਤਾ ਸਮਝੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਰੈਕਿੰਗ ਐਕਸਪਰਟ ਗਰੁੱਪ ਵੱਲੋਂ ਪ੍ਰਮਾਣਿਤ ਕਿਊ.ਐਸ ਬਰਤਾਨੀਆ ਦੀ ਪ੍ਰਸਿੱਧ ਰੇਟਿੰਗ ਅਤੇ ਰੈਕਿੰਗ ਸੰਸਥਾ ਹੈ, ਜੋ ਵਿਸ਼ਵ ਭਰ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਵਿਸ਼ਲੇਸ਼ਣ ਲਈ ਮਾਹਿਰ ਹੈ। ਕਿਊ.ਐਸ ਵਿਸ਼ਵ ਭਰ ਦੇ ਵਿਦਿਅਕ ਅਦਾਰਿਆਂ ਲਈ ਵੱਖ-ਵੱਖ ਦਰਜਾਬੰਦੀਆਂ ਜਾਰੀ ਕਰਦਾ ਹੈ, ਜਿਸ ਵਿੱਚ ਕਿਊ.ਐਸ ਵਿਸ਼ਵ ਯੂਨੀਵਰਸਿਟੀ ਰੈਕਿੰਗ ਅਤੇ ਏਸ਼ੀਆ ਯੂਨੀਵਰਸਿਟੀਜ਼ ਰੈਂਕਿੰਗ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ’ਵਰਸਿਟੀ ਨੇ ਅਕਾਦਮਿਕ ਵਕਾਰ ਦੇ ਆਧਾਰ ’ਤੇ ਜਾਰੀ ਕੀਤੀ ਰੈਕਿੰਗ ਵਿੱਚ ਏਸ਼ੀਆ ਦੀਆਂ 15812 ਯੂਨੀਵਰਸਿਟੀਆਂ ਵਿਚੋਂ 214ਵਾਂ ਰੈਂਕ ਪ੍ਰਾਪਤ ਕਰਕੇ ਏਸ਼ੀਆ ਦੀਆਂ ਚੋਟੀ ਦੀਆਂ 1.3 ਫ਼ੀਸਦੀ ਯੂਨੀਵਰਸਿਟੀਆਂ ਵਿੱਚ ਜਗ੍ਹਾ ਬਣਾਈ ਹੈ, ਜੋ ਸੰਸਥਾ ਲਈ ਮਾਣ ਵਾਲੀ ਗੱਲ ਹੈ।ਦੁਨੀਆ ਭਰ ਦੇ 1 ਲੱਖ 30 ਹਜ਼ਾਰ ਤੋਂ ਵੱਧ ਅਕਾਦਮਿਕਾਂ ਦੇ ਜਵਾਬਾਂ ਅਤੇ ਧਾਰਨਾਵਾਂ ਦੇ ਆਧਾਰ ’ਤੇ ਸੀਯੂ ਨੂੰ ਖੋਜ ਮਾਮਲੇ ’ਚ ਸੱਭ ਤੋਂ ਬਿਹਤਰੀਨ ਸੰਸਥਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਦੇ 75 ਹਜ਼ਾਰ ਤੋਂ ਵੱਧ ਰੋਜ਼ਗਾਰਦਾਤਾਵਾਂ ਤੋਂ ਪ੍ਰਾਪਤ ਕੀਤੇ ਹੁੰਗਾਰੇ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀਆਂ ਨੇ ਰੋਜ਼ਗਾਰ ਪ੍ਰਦਾਨ ਕਰਵਾਉਣ ਸਬੰਧੀ ਜਾਰੀ ਹੋਈ ਰੈਕਿੰਗ ਤਹਿਤ 86ਵਾਂ ਰੈਂਕ ਪ੍ਰਾਪਤ ਕਰਕੇ ਏਸ਼ੀਆ ਦੀਆਂ ਚੋਟੀ ਦੀਆਂ 1 ਫ਼ੀਸਦੀ ਯੂਨੀਵਰਸਿਟੀਆਂ ’ਚ ਥਾਂ ਬਣਾਈ ਹੈ, ਜੋ ’ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਡਿਗਰੀ ਦੀ ਇੰਡਸਟਰੀ ’ਚ ਗੁਣਵੱਤਾ ਅਤੇ ਮਿਆਰ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ ’ਵਰਸਿਟੀ ਨੂੰ ਇੰਟਰਨੈਸ਼ਨਲ ਫੈਕਲਟੀ ਦੇ ਆਧਾਰ ’ਤੇ 230ਵਾਂ ਰੈਂਕ ਦਿੱਤਾ ਗਿਆ ਹੈ, ਜਿਸ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਏਸ਼ੀਆ ਦੀਆਂ 1.5 ਫ਼ੀਸਦੀ ਯੂਨੀਵਰਸਿਟੀਆਂ ’ਚ ਸ਼ੁਮਾਰ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਭਾਰਤ ਦੀਆਂ ਸਮੁੱਚੀਆਂ ਯੂਨੀਵਰਸਿਟੀਆਂ ਵਿੱਚੋਂ 13ਵੇਂ ਸਥਾਨ ਅਤੇ ਉੱਤਰ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ’ਵਰਸਿਟੀਆਂ ਵਿਚੋਂ 5ਵੇਂ ਸਥਾਨ ’ਤੇ ਰਹੀ ਹੈ। ਰੈਕਿੰਗ ਅਨੁਸਾਰ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਅਤੇ ਚੰਡੀਗੜ੍ਹ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਦੂਜੇ ਸਥਾਨ ਜਦਕਿ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ ਹਾਸਲ ਕਰਨ ’ਚ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਭਿੰਨਤਾ ’ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ, ਜਿਸ ਤਹਿਤ 40 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ’ਵਰਸਿਟੀ ਵਿਖੇ ਵੱਖ-ਵੱਖ 148 ਕੋਰਸਾਂ ਅਧੀਨ ਪੜ੍ਹਾਈ ਕਰ ਰਹੇ ਹਨ ਜਦਕਿ ’ਵਰਸਿਟੀ ਦੇ ਸਮੈਸਟਰ ਐਕਸਚੇਂਜ, ਸਮਰ ਐਕਸਚੇਂਜ, 1+2 2+2 ਪ੍ਰੋਗਰਾਮ ਵਰਗੇ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਤਹਿਤ ਬਹੁਗਿਣਤੀ ਵਿਦਿਆਰਥੀ ਦੁਨੀਆਂ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚ ਦਾਖ਼ਲੇ ਲੈਣ ’ਚ ਕਾਮਯਾਬ ਰਹੇ ਹਨ। ਏਸ਼ੀਆ ਰੈਕਿੰਗ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਮਾਪਦੰਡਾਂ ਦੇ ਆਧਾਰ ’ਤੇ ’ਵਰਸਿਟੀ ਨੂੰ 223ਵਾਂ ਰੈਂਕ ਪ੍ਰਾਪਤ ਹੋਇਆ ਹੈ। ਸ. ਸੰਧੂ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 7ਵੇਂ ਸਥਾਨ ’ਤੇ ਹੈ ਜਿਨ੍ਹਾਂ ਨੇ ਕਿਊ.ਐਸ ਏਸ਼ੀਆ ਯੂਨੀਵਰਸਿਟੀਜ਼ ਰੈਕਿੰਗ ਹਾਸਲ ਕੀਤੀ ਹੈ। ਸਰਬੋਤਮ ਰੋਜ਼ਗਾਰ ਪ੍ਰਦਾਨ ਸਬੰਧੀ ਜਾਰੀ ਕੀਤੀ ਰੈਕਿੰਗ ਤਹਿਤ ’ਵਰਸਿਟੀ ਨੇ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ।ਉਨ੍ਹਾਂ ਦੱਸਿਆ ਕਿ ਕਿਊ.ਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਹਾਸਲ ਕਰਨ ਵਾਲੀਆਂ ਭਾਰਤ ਦੀਆਂ 119 ਯੂਨੀਵਰਸਿਟੀਆਂ (ਸਰਕਾਰੀ ਅਤੇ ਗੈਰ ਸਰਕਾਰੀ) ਵਿਚੋਂ ਚੰਡੀਗੜ੍ਹ ਯੂਨੀਵਰਸਿਟੀ ਨੇ 35ਵਾਂ ਰੈਂਕ ਹਾਸਲ ਕੀਤਾ ਹੈ।
ਸ. ਸੰਧੂ ਨੇ ਕਿਹਾ ਕਿ ਵੱਖ-ਵੱਖ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਦਰਜਾਬੰਦੀਆਂ ਵਿਦਿਅਕ ਸੰਸਥਾਵਾਂ ਦੇ ਅਕਾਦਮਿਕ ਮਾਡਲ ਦੀ ਗੁਣਵੱਤਾ ਨੂੰ ਦਰਸਾਉਂਦੇ ਹੋਏ ਚੰਗੀਆਂ ਯੂਨੀਵਰਸਿਟੀਆਂ ਦੀ ਚੋਣ ਕਰਨ ਲਈ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਪ੍ਰਦਾਨ ਕਰਦੀਆਂ ਹਨ। ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੰਦਿਆਂ ਸ. ਸੰਧੂ ਨੇ ਕਿਹਾ ਕਿ ਉਸਾਰੂ ਨੀਤੀਆਂ ਅਤੇ ਪ੍ਰਤੀਭਾਸ਼ਾਲੀ ਟੀਮ ਹੀ ਅੱਵਲ ਨਤੀਜੇ ਸਾਹਮਣੇ ਲਿਆ ਸਕਦੀ ਹੈ।ਏਸ਼ੀਆ ਦੀਆਂ ਚੋਟੀ ਦੀਆਂ ਵਿਦਿਅਕ ਸੰਸਥਾਵਾਂ ’ਚ ਸ਼ੁਮਾਰ ਹੋਣ ਨਾਲ ਸਾਡੀ ਅਕਾਦਮਿਕ ਅਤੇ ਸਮਾਜਿਕ ਪੱਧਰ ’ਤੇ ਜ਼ਿੰਮੇਵਾਰੀ ਹੋਰ ਵੱਧ ਗਈ ਹੈ, ਜਿਸ ਲਈ ’ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਹੋਰ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਰਣਨੀਤਿਕ ਖਰੜਾ ਤਿਆਰ ਕੀਤਾ ਗਿਆ ਹੈ।