ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕਿਸਾਨ ਅੰਦੋਲਨ ਦਾ ਹੱਲ ਨਾ ਨਿਕਲਣ ਤੋਂ ਦੁਖੀ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਬੀਤੇ ਕਲ ਜੈਪੁਰ ਵਿਖੇ ਜਾਟ ਮਹਾਂਸਭਾ ਵਿਚ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਹੈ ਕਿ ਦੇਸ਼ ਅੰਦਰ ਅੱਜ ਤੱਕ ਇੰਨਾ ਵੱਡਾ ਅੰਦੋਲਨ ਨਹੀਂ ਹੋਇਆ ਹੈ ਜਿਨ੍ਹਾਂ ਵੱਡਾ ਕਿਸਾਨ ਅੰਦੋਲਨ ਚਲ ਰਿਹਾ ਹੈ । ਕਿਸਾਨ ਅੰਦੋਲਨ ਵਿੱਚ ਹੁਣ ਤੱਕ 600 ਤੋਂ ਵੱਧ ਲੋਕ ਸ਼ਹੀਦ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਜੇ ਕੋਈ ਜਾਨਵਰ ਮਰ ਵੀ ਜਾਵੇ ਤਾਂ ਦਿੱਲੀ ਦੇ ਲੀਡਰਾਂ ਦਾ ਸ਼ੋਕ ਸੰਦੇਸ਼ ਆਉਂਦਾ ਹੈ। ਸਾਡੇ 600 ਕਿਸਾਨ ਸ਼ਹੀਦ ਹੋਏ। ਉਨ੍ਹਾਂ ‘ਤੇ ਕੋਈ ਆਗੂ ਨਹੀਂ ਬੋਲਿਆ। ਇੱਥੋਂ ਤੱਕ ਕਿ ਸੰਸਦ ਵਿੱਚ ਕੋਈ ਸ਼ੋਕ ਮਤਾ ਵੀ ਨਹੀਂ ਆਇਆ। ਸਾਡੀ ਜਮਾਤ ਦੇ ਆਗੂ ਵੀ ਚੁੱਪ ਹਨ।
ਮਲਿਕ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਦੇਖ ਕੇ ਮੈਨੂੰ ਦੁੱਖ ਹੋਇਆ ਹੈ। ਮੈਂ ਇਸ ਨੂੰ ਵੱਖ-ਵੱਖ ਫੋਰਮਾਂ ‘ਤੇ ਉਠਾਇਆ ਪਰ ਸਥਿਤੀ ਉਹੀ ਰਹੀ। ਹੁਣ ਹਾਲਾਤ ਇਹ ਹਨ ਕਿ ਭਾਜਪਾ ਵਾਲੇ ਪਿੰਡਾਂ ਵਿੱਚ ਨਹੀਂ ਵੜ ਸਕਦੇ, ਅੱਜ ਮੁੱਖ ਮੰਤਰੀ ਹਰ ਪਿੰਡ ਵਿੱਚ ਹੈਲੀਕਾਪਟਰ ਨਹੀਂ ਉਤਾਰ ਸਕਦੇ, ਪੱਛਮੀ ਯੂਪੀ ਵਿੱਚ ਤਾਂ ਕੋਈ ਮੰਤਰੀ ਗਮੀ ਦੇ ਮੌਕੇ ਉਤੇ ਵੀ ਨਹੀਂ ਜਾ ਸਕਦਾ ਤਾਂ ਫਿਰ ਦਿੱਲੀ ਵਿਚ ਰਾਜ ਕਰਨ ਦਾ ਕੀ ਫਾਇਦਾ..? ਇਸ ਸਮੇਂ ਕਿਸਾਨ ਪ੍ਰੇਸ਼ਾਨੀ ਵਿੱਚ ਖੇਤੀ ਕਰਦੇ ਹਨ ਤੇ ਜੇਕਰ ਤੁਸੀਂ ਉਨ੍ਹਾਂ ਦੀ ਛੋਟੀ ਜਿਹੀ ਗੱਲ ਨੂੰ ਸਵੀਕਾਰ ਕਰਦੇ ਹੋ, ਤਾਂ ਕੀ ਹੋ ਜਾਵੇਗਾ..? ਸਰਕਾਰ ਨੂੰ ਉਨ੍ਹਾਂ ਦੀ ਮੰਗ ਨੂੰ ਵੱਡੇ ਦਿਲ ਨਾਲ ਮੰਨਣਾ ਚਾਹੀਦਾ ਹੈ। ਮਲਿਕ ਦੇ ਬੋਲਦਿਆਂ ਦੀ ਇਹ ਵੀਡੀਓ ਵੀ ਸੋਸਿਲ ਮੀਡੀਆ ਵਿਚ ਬਹੁਤ ਵਾਇਰਲ ਹੋਈ ਹੈ ।
ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਅਸਰ ਭਾਰਤੀ ਫ਼ੌਜਾਂ ‘ਤੇ ਵੀ ਪਿਆ ਹੈ। ਉਥੇ ਇਨ੍ਹਾਂ ਕਿਸਾਨਾਂ ਦੇ ਪੁੱਤਰ ਵੀ ਹਨ। ਕੁਝ ਵੀ ਹੋ ਸਕਦਾ ਹੈ। ਤੁਸੀਂ ਅੱਜ ਤਾਕਤ ਵਿੱਚ ਹੋ। ਜੰਗ ਹੁੰਦੀ ਹੈ ਤਾਂ ਇਨ੍ਹਾਂ ਕਿਸਾਨਾਂ ਦੇ ਮੁੰਡਿਆਂ ਨੂੰ ਅੱਗੇ ਕੀਤਾ ਜਾਂਦਾ ਹੈ। ਕਾਰਗਿਲ ਵਿੱਚ ਸਰਕਾਰ ਦਾ ਕਸੂਰ ਸੀ। ਇਸ ਦੀ ਕੀਮਤ ਕਿਸਾਨ ਦੇ ਬੱਚਿਆਂ ਨੇ ਅਦਾ ਕੀਤੀ। ਅੱਜ ਤੱਕ ਕਿਸਾਨਾਂ ਨੇ ਇੱਕ ਕੰਕਰ ਵੀ ਨਹੀਂ ਮਾਰਿਆ। ਸਰਕਾਰ ਨੂੰ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ।
ਮਲਿਕ ਨੇ ਕਿਹਾ ਕਿ ਲਾਲ ਕਿਲੇ ‘ਤੇ ਝੰਡਾ ਲਹਿਰਾਉਣ ਦਾ ਮੁੱਦਾ ਬਹੁਤ ਉਛਾਲਿਆ ਗਿਆ। ਲਾਲ ਕਿਲੇ ‘ਤੇ ਝੰਡਾ ਲਹਿਰਾਉਣ ਦਾ ਅਧਿਕਾਰ ਪ੍ਰਧਾਨ ਮੰਤਰੀ ਕੋਲ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਲਾਲ ਕਿਲੇ ‘ਤੇ ਝੰਡਾ ਲਹਿਰਾਉਣ ਦਾ ਅਧਿਕਾਰ ਕਿਸਾਨਾਂ ਨੂੰ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਜਾਟਾਂ ਦੇ ਲੋਕ ਗੀਤਾਂ ਵਿੱਚ ਵੀ ਲਾਲ ਕਿਲ੍ਹੇ ’ਤੇ ਜਾਣ ਦਾ ਜ਼ਿਕਰ ਆਉਂਦਾ ਹੈ। ਲਾਲ ਕਿਲਾ ਸਾਡੇ ਜਜ਼ਬਾਤ ਦਾ ਹਿੱਸਾ ਰਿਹਾ ਹੈ।
ਸੱਤਿਆ ਪਾਲ ਮਲਿਕ ਨੇ ਕਿਹਾ ਕਿ ਸਰਕਾਰ ਵਿੱਚ ਅਜਿਹੇ ਲੋਕ ਹਨ ਜੋ ਕਿਸਾਨਾਂ ਦੇ ਹੱਕ ਵਿੱਚ ਹਨ। ਇੱਕ ਜਾਂ ਡੇਢ ਹੀ ਲੋਕ ਹਨ ਜਿਨ੍ਹਾਂ ਦੇ ਮਨ ਵਿੱਚ ਹੰਕਾਰ ਹੈ। ਹੰਕਾਰ ਕਿਸੇ ਦੇ ਕੰਮ ਨਹੀਂ ਆਇਆ। ਦਿੱਲੀ ਤੋਂ ਹਾਰ ਕੇ ਕਿਸਾਨ ਨਹੀਂ ਆਉਣਗੇ, ਉਸ ਨੇ ਫੈਸਲਾ ਕੀਤਾ ਹੈ ਹੋਇਆ ਕਿ ਉਹ ਇਸ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਹੀ ਜਾਣਗੇ। ਉਹ ਜਿੱਤ ਕੇ ਸਾਹਮਣੇ ਆਉਣਗੇ। ਸਮਾਂ ਉਨ੍ਹਾਂ ਦੀ ਪਰਖ ਕਰ ਰਿਹਾ ਹੈ ਪਰ ਕਿਸਾਨ ਵਰਗ ਪਿੱਛੇ ਹਟਣ ਵਾਲਾ ਨਹੀਂ ਹੈ।