‘ਏਕ ਹਾਥ ਆਸ਼ਾ ਕਾ’ ਦੇ ਬੈਨਰ ਹੇਠ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋਂ ਰੋਟਰੀ ਕਲੱਬ ਪੂਨੇ ਡਾਊਨਟਾਊਨ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਮੁਫ਼ਤ ਪ੍ਰੋਸਥੈਟਿਕ ਅੰਗ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 1340 ਦੇ ਕਰੀਬ ਲੋੜਵੰਦਾਂ ਨੂੰ ਮੁਫ਼ਤ ਐਲ.ਐਨ-4 ਕਿਸਮ ਦੇ ਪ੍ਰੋਸਥੈਟਿਕ ਹੱਥ ਲਗਾਏ ਗਏ। ਕੈਂਪ ਦੇ ਸੰਚਾਲਨ ਲਈ ਪੁਣੇ ਤੋਂ 20 ਦੇ ਕਰੀਬ ਤਜ਼ਰਬੇਕਾਰ ਡਾਕਟਰਾਂ ਦੀ ਟੀਮ ਨੇ ਕੈਂਪ ’ਚ ਸ਼ਮੂਲੀਅਤ ਕੀਤੀ, ਜਿਨ੍ਹਾਂ ਦੀ ਨਿਗਰਾਨੀ ਹੇਠ ਲਾਭਪਾਤਰੀਆਂ ਦੇ ਹੱਥ ਫਿੱਟ ਕੀਤੇ ਗਏ। ਇਸ ਦੌਰਾਨ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਸ਼੍ਰੀ ਆਸ਼ੀਸ਼ ਮਿੱਢਾ ਅਤੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਚੀਮਾ ਉਚੇਚੇ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਟੈਂਜ਼ੀਏਂਸ ਫਾਊਂਡੇਸ਼ਨ, ਯੂ.ਐਸ.ਏ ਦੇ ਗਲੋਬਲ ਐਲ.ਐਨ-4 ਬ੍ਰੈਂਡ ਅੰਬੈਸਡਰ ਵੀ. ਮੋਹਨ ਕੁਮਾਰ ਨੇ ਕੈਂਪ ਦਾ ਦੌਰਾ ਕਰਦਿਆਂ ਲਾਭਪਾਤਰੀਆਂ ਦਾ ਹੌਸਲਾ ਵਧਾਇਆ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸ਼੍ਰੀ ਆਸ਼ੀਸ਼ ਮਿੱਢਾ ਨੇ ਦੱਸਿਆ ਕਿ ਹੱਥ ਲਗਾਉਣ ਤੋਂ ਇਲਾਵਾ 20 ਟ੍ਰੇਨਰਾਂ ਅਤੇ 32 ਕਾਊਂਸਲਰਾਂ ਦੀ ਟੀਮ ਵੱਲੋਂ ਲਾਭਪਾਤਰੀਆਂ ਨੂੰ ਐਲ.ਐਨ-4 ਹੱਥਾਂ ਦੀ ਵਰਤੋਂ ਸਬੰਧੀ ਢੁੱਕਵੀਂ ਸਿਖਲਾਈ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਨੂੰ ਨੇਪਰੇ ਚੜ੍ਹਾਉਣ ’ਚ 500 ਦੇ ਕਰੀਬ ਵਲੰਟੀਅਰਾਂ ਦਾ ਵੱਡਾ ਸਹਿਯੋਗ ਰਿਹਾ ਹੈ, ਜਿਸ ’ਚ ਚੰਡੀਗੜ੍ਹ ਯੂਨੀਵਰਸਿਟੀ ਦੇ ਐਨ.ਐਸ.ਐਸ ਅਤੇ ਫ਼ਿਜ਼ੀਓਥਰੈਥੀ ਵਿਭਾਗ ਦੇ 120 ਤੋਂ ਵੱਧ ਵਿਦਿਆਰਥੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਉੱਤਰ ਭਾਰਤ ਦਾ ਪਹਿਲਾ ਅਤੇ ਸੱਭ ਤੋਂ ਵਿਸ਼ਾਲ ਕੈਂਪ ਹੈ, ਜਿੱਥੇ ਅਮਰੀਕਾ ਦੀ ਤਕਨਾਲੋਜੀ ਅਧਾਰਿਤ ਐਲ.ਐਨ-4 ਕਿਸਮ ਦੇ ਪ੍ਰੋਸਥੈਟਿਕ ਹੱਥ ਲੋੜਵੰਦਾਂ ਨੂੰ ਬਿਲਕੁਲ ਮੁਫ਼ਤ ਲਗਾਏ ਗਏ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਸੂਬਿਆਂ ਤੋਂ ਵੱਡੀ ਗਿਣਤੀ ਲੋੜਵੰਦਾਂ ਨੇ ਕੈਂਪ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ। ਹਾਦਸਿਆਂ ਜਾਂ ਹੋਰ ਕਿਸੇ ਵਜ੍ਹਾ ਕਾਰਨ ਹੱਥ ਗੁਆ ਚੁੱਕੇ 10 ਤੋਂ ਵੱਧ ਉਮਰ ਦੇ ਬੱਚਿਆਂ ਅਤੇ ਵਿਅਕਤੀਆਂ ਨੂੰ ਇਸ ਕੈਂਪ ਦਾ ਵੱਡੇ ਪੱਧਰ ’ਤੇ ਲਾਭ ਪਹੁੰਚਿਆ ਹੈ।
ਉਨ੍ਹਾਂ ਦੱਸਿਆ ਕਿ ਲੋੜਵੰਦਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਪ੍ਰੋਸਥੈਟਿਕ ਹੱਥ ਅਮਰੀਕਾ ਦੀ ਐਲਨ ਮੀਡੋਜ਼ ਪ੍ਰੋਸਥੈਟਿਕ ਹੈਂਡ ਫਾਊਂਡੇਸ਼ਨ ਦੁਆਰਾ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦਾ ਭਾਰ ਮਹਿਜ਼ 400 ਗ੍ਰਾਮ ਹੈ। ਇਹ ਹੱਥ ਹਲਕੇ, ਟਿਕਾਊ ਹੋਣਗੇ ਅਤੇ ਛੋਟੀ ਖੇਤੀਬਾੜੀ ਸਮੇਤ ਭੋਜਨ ਕਰਨ, ਸਾਢੇ ਚਾਰ ਕਿਲੋ ਤੱਕ ਹਲਕਾ ਭਾਰ ਚੁੱਕਣ, ਖੁਦਾਈ ਕਰਨ ਅਤੇ ਲਿਖਣ ਆਦਿ ਵਰਗੇ ਰੋਜ਼ਮਰਾਂ ਦਾ ਕੰਮਾਂ ਨੂੰ ਕਰਨ ਲਈ ਸਮੱਰਥ ਹੋਣਗੇ, ਜਿਸ ਸਬੰਧੀ ਲਾਭਪਾਤਰੀਆਂ ਨੂੰ ਸੰਸਥਾ ਦੀ ਟੀਮ ਵੱਲੋਂ ਬਕਾਇਦਾ ਸਿਖਲਾਈ ਵੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 80 ਦੇਸ਼ਾਂ ਵਿੱਚ 60 ਹਜ਼ਾਰ ਦੇ ਕਰੀਬ ਲੋੜਵੰਦਾਂ ਨੂੰ ਐਲ.ਐਨ-4 ਕਿਸਮ ਦੇ ਪ੍ਰੋਸਥੈਟਿਕ ਹੱਥ ਲਗਾਏ ਜਾ ਚੁੱਕੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਸੰਸਥਾ ਹੋਣ ਦੇ ਨਾਤੇ ਚੰਡੀਗੜ੍ਹ ਯੂਨੀਵਰਸਿਟੀ ਭਵਿੱਖ ’ਚ ਵੀ ਅਜਿਹੇ ਨੇਕ ਕਾਰਜਾਂ ਲਈ ਸਹਿਯੋਗ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਅਕਾਦਮਿਕ ਗੁਣਵੱਤਾ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਨੂੰ ਸਮਾਜਿਕ ਤੌਰ ’ਤੇ ਸਰਗਰਮ ਅਤੇ ਜ਼ੁੰਮੇਵਾਰ ਨਾਗਰਿਕ ਬਣਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਰੋਟਰੀ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹੱਥ ਲਾਭਪਾਤਰੀਆਂ ਨੂੰ ਜਿਥੇ ਰੋਜ਼ਾਨਾ ਦੀ ਗਤੀਵਿਧੀਆਂ ਕਰਨ ਦੇ ਯੋਗ ਬਣਾਉਣਗੇ ਉਥੇ ਉਨ੍ਹਾਂ ’ਚ ਨਵਾਂ ਸਵੈ-ਵਿਸ਼ਵਾਸ ਪੈਦਾ ਕਰਨਗੇ।