ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬ੍ਰਿਟਿਸ਼ ਫੌਜ ਦੇ ਇੰਜੀਨੀਅਰ ਪੋਲਿਸ਼ ਸਰਹੱਦ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਰਤਾਨੀਆ ਦੇ ਰੱਖਿਆ ਸਕੱਤਰ ਨੇ ਕਿਹਾ ਹੈ ਕਿ ਬੇਲਾਰੂਸ ਦੇ ਨਾਲ ਪੋਲੈਂਡ ਦੀ ਸਰਹੱਦ ਨੂੰ ਮਜ਼ਬੂਤ ਕਰਨ ਵਿੱਚ ਮਦਦ ਲਈ ਲਗਭਗ 150 ਬ੍ਰਿਟਿਸ਼ ਆਰਮੀ ਰਾਇਲ ਇੰਜੀਨੀਅਰ ਭੇਜੇ ਜਾਣਗੇ। ਇਸ ਸਰਹੱਦ ਨੂੰ ਯੂਰਪੀਅਨ ਯੂਨੀਅਨ ਦੇ ਪ੍ਰਵੇਸ਼ ਵਜੋਂ ਦੇਖਿਆ ਜਾਂਦਾ ਹੈ, ਅਤੇ ਹਾਲ ਹੀ ਦੇ ਹਫ਼ਤਿਆਂ ਵਿੱਚ ਬੇਲਾਰੂਸ ‘ਤੇ ਪ੍ਰਵਾਸੀਆਂ ਨੂੰ ਇਸ ਵੱਲ ਧੱਕਣ ਦੇ ਦੋਸ਼ ਦੇ ਨਾਲ ਤਣਾਅ ਪੈਦਾ ਹੋਇਆ ਹੈ। ਬੇਨ ਵੈਲੇਸ ਅਨੁਸਾਰ ਇੰਜੀਨੀਅਰਾਂ ਦੀ ਇੱਕ ਛੋਟੀ ਖੋਜ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਪਹਿਲਾਂ ਹੀ ਇਸ ਖੇਤਰ ਵਿੱਚ ਜਾ ਚੁੱਕੀ ਹੈ। ਇਹ ਸਰਹੱਦੀ ਸੰਕਟ ਮੰਗਲਵਾਰ ਨੂੰ ਹੋਰ ਡੂੰਘਾ ਹੋ ਗਿਆ ਜਦੋਂ ਪੋਲਿਸ਼ ਬਲਾਂ ਨੇ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਭਜਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਇਸ ਦੌਰਾਨ ਕੁੱਝ ਲੋਕਾਂ ਨੇ ਕਰਾਸਿੰਗ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕਈ ਫੌਜੀ ਜ਼ਖਮੀ ਹੋ ਗਏ। ਆਪਣੀ ਪੋਲੈਂਡ ਦੀ ਫੇਰੀ ਦੌਰਾਨ ਵੈਲੇਸ ਨੇ ਦੱਸਿਆ ਕਿ ਕੁੱਝ ਰਾਇਲ ਇੰਜੀਨੀਅਰ ਜੋ ਕਿ ਆਰਮੀ ਦਾ ਹਿੱਸਾ ਹਨ , ਨੂੰ ਵਾੜ ਜਾਂ ਸੜਕਾਂ ਬਣਾਉਣ ਆਦਿ ਦੇ ਕੰਮਾਂ ਲਈ ਤਿਆਰ ਕੀਤਾ ਗਿਆ ਹੈ।