ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਕਿਸਾਨਾਂ ਦੇ ਨਾਲ-ਨਾਲ ਵਪਾਰੀਆਂ ਨੇ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ‘ਤੇ ਖੁਸ਼ੀ ਮਨਾਈ ਹੈ । ਬਾਰਾ ਟੂਟੀ ਚੌਕ ਸਦਰ ਬਾਜ਼ਾਰ ਵਿਖੇ ਫੈਡਰੇਸ਼ਨ ਆਫ ਸਦਰ ਬਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਫੈਡਰੇਸ਼ਨ ਦੇ ਪ੍ਰਧਾਨ ਰਾਕੇਸ਼ ਯਾਦਵ, ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਮੰਗਾ, ਪਵਨ ਖੰਡੇਲਵਾਲ, ਰੋਸ਼ਨ ਲਾਲ ਆਨੰਦ, ਨੌਜਵਾਨ ਆਗੂ ਹਾਜੀ ਸਮੀਰ ਸਮੇਤ ਕਈ ਵਪਾਰੀ ਆਗੂ। ਬਜ਼ਾਰ ਨੇ ਮਠਿਆਈਆਂ ਵੰਡ ਕੇ ਆਪਣੀ ਖੁਸ਼ੀਆ ਜ਼ਾਹਿਰ ਕੀਤੀਆਂ ਹਨ ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਸਤਪਾਲ ਸਿੰਘ ਮੰਗਾ ਨੇ ਕਿਹਾ ਕਿ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਗੁਰਪੁਰਬ ਵਾਲੇ ਦਿਨ ਦਿੱਤੇ ਇਸ ਤੋਹਫੇ ਲਈ ਤਹਿ ਦਿਲੋਂ ਧੰਨਵਾਦੀ ਹਾਂ। ਕਿਉਂਕਿ ਕਰੀਬ 1 ਸਾਲ ਤੋਂ ਕਿਸਾਨ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੰਦੋਲਨ ‘ਤੇ ਬੈਠੇ ਸਨ, ਜਿਸ ਕਾਰਨ ਦੇਸ਼ ਦੀ ਆਰਥਿਕਤਾ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ ਅਤੇ ਉਨ੍ਹਾਂ ਵਲੋਂ ਲਿਆ ਗਿਆ ਇਹ ਫੈਸਲਾ ਦੇਸ਼ ਦੇ ਹਿਤ ਵਿਚ ਹੈ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਹੁੰਦਿਆਂ ਹੀ ਬਜ਼ਾਰ ਦੇ ਵਪਾਰੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡ ਕੇ ਜਸ਼ਨ ਮਨਾਇਆ ਅਤੇ ਦੁਕਾਨਦਾਰ ਇੱਕ ਦੂਜੇ ਨੂੰ ਜੱਫੀ ਪਾ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।