ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਦੇ ਦੌਰਾਨ ‘ਰੈੱਡ ਅਲਰਟ’ ਖੇਤਰਾਂ ਵਿੱਚ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਅਪੀਲ ਤੂਫਾਨ ਅਰਵੇਨ ਦੇ ਸਕਾਟਲੈਂਡ ਭਰ ਵਿੱਚ ਦਸਤਕ ਦੇਣ ਕਾਰਨ ਕੀਤੀ ਜਾ ਰਹੀ ਹੈ। ਖਰਾਬ ਮੌਸਮ ਕਾਰਨ ਦੇਸ਼ ਦੇ ਪੂਰਬੀ ਅਤੇ ਉੱਤਰੀ ਹਿੱਸਿਆਂ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਸਕਾਟਲੈਂਡ ਵਿੱਚ ਤੂਫਾਨੀ ਮੌਸਮ ਲਈ ਕੁੱਲ ਪੰਜ ਚੇਤਾਵਨੀਆਂ ਵੀ ਜਾਰੀ ਕੀਤੀਆਂ ਹਨ। ਇਸ ਸਬੰਧੀ ਰੈੱਡ ਅਲਰਟ ਅੱਜ ਦੁਪਹਿਰ 3 ਵਜੇ ਤੋਂ ਸ਼ਨੀਵਾਰ ਸਵੇਰੇ 2 ਵਜੇ ਤੱਕ ਲਾਗੂ ਹੈ ਅਤੇ ਭਵਿੱਖਬਾਣੀ ਕਰਨ ਵਾਲੇ ਸੜਕਾਂ, ਪੁਲਾਂ ਅਤੇ ਰੇਲਵੇ ਲਾਈਨਾਂ ਨੂੰ ਦੇਰੀ ਨਾਲ ਬੰਦ ਹੋਣ ਅਤੇ ਬੱਸਾਂ, ਰੇਲਗੱਡੀਆਂ, ਬੇੜੀਆਂ ਅਤੇ ਉਡਾਣਾਂ ਨੂੰ ਰੱਦ ਕਰਨ ਦੇ ਨਾਲ-ਨਾਲ ਬਿਜਲੀ ਕੱਟਾਂ ਦੀ ਚੇਤਾਵਨੀ ਵੀ ਦੇ ਰਹੇ ਹਨ।
ਰੈੱਡ ਅਲਰਟ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਐਂਗਸ, ਡੰਡੀ, ਫਾਈਫ, ਏਬਰਡੀਨ, ਐਬਰਡੀਨਸ਼ਾਇਰ, ਈਸਟ ਲੋਥੀਅਨ ਅਤੇ ਸਕਾਟਿਸ਼ ਬਾਰਡਰ ਆਦਿ ਸ਼ਾਮਲ ਹਨ। ਪੁਲਿਸ ਅਨੁਸਾਰ ਰੈੱਡ ਅਲਰਟ ਦੀ ਚੇਤਾਵਨੀ ਦੌਰਾਨ ਵਾਹਨ ਚਾਲਕਾਂ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ ਅਤੇ ਹੋਰਾਂ ਨੂੰ ਵੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਵਿਭਾਗ ਦੁਆਰਾ ਸ਼ਨੀਵਾਰ ਸਵੇਰੇ 9 ਵਜੇ ਤੱਕ ਸਕਾਟਲੈਂਡ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਲਈ ਇੱਕ ਅੰਬਰ ਹਵਾ ਦੀ ਚੇਤਾਵਨੀ ਵੀ ਲਾਗੂ ਹੈ, ਜਦੋਂ ਕਿ ਲੋਥੀਅਨਜ਼ ਅਤੇ ਬਾਰਡਰਜ਼, ਹਾਈਲੈਂਡਜ਼ ਅਤੇ ਐਬਰਡੀਨਸ਼ਾਇਰ ਦੇ ਹਿੱਸਿਆਂ ਲਈ ਬਰਫਬਾਰੀ ਲਈ ਪੀਲੀ ਚੇਤਾਵਨੀ ਜਾਰੀ ਰਹੇਗੀ।