ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਵੀ ਕੋਰੋਨਾ ਵਾਇਰਸ ਦਾ ਨਵਾਂ ਰੂਪ ‘ਓਮੀਕਰੋਨ’ ਆਪਣੇ ਪੈਰ ਪਸਾਰ ਰਿਹਾ ਹੈ। ਇਸ ਨਵੇਂ ਕੋਵਿਡ ਵੇਰੀਐਂਟ ਦੇ ਪਹਿਲੇ ਕੇਸ ਸਕਾਟਲੈਂਡ ਵਿੱਚ ਪਾਏ ਗਏ ਹਨ। ਛੇ ਲੋਕਾਂ ਨੇ ਇਸ ਵੇਰੀਐਂਟ ਤੋਂ ਪਾਜੇਟਿਵ ਹੋਣ ਬਾਰੇ ਕਿਹਾ ਜਾ ਰਿਹਾ ਹੈ। ਸਕਾਟਿਸ਼ ਸਰਕਾਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਗਲਾਸਗੋ ਅਤੇ ਲੈਨਾਰਕਸ਼ਾਇਰ ਵਿੱਚ ਇਹਨਾਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਮਾਹਿਰਾਂ ਅਨੁਸਾਰ ਬਹੁਤ ਜ਼ਿਆਦਾ ਫੈਲਣ ਵਾਲਾ ਇਹ ਵਾਇਰਸ ਹੁਣ ਸਰਹੱਦ ਦੇ ਉੱਤਰ ਵਿੱਚ ਫੈਲ ਰਿਹਾ ਹੈ। ਸਕਾਟਲੈਂਡ ਵਿੱਚ ਪਬਲਿਕ ਹੈਲਥ ਟੀਮਾਂ ਉਨ੍ਹਾਂ ਲੋਕਾਂ ਦੇ ਕਿਸੇ ਵੀ ਨਜ਼ਦੀਕੀ ਸੰਪਰਕ ਨੂੰ ਟਰੈਕ ਕਰਨ ਲਈ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੇ ਓਮੀਕਰੋਨ ਲਈ ਪਾਜੇਟਿਵ ਟੈਸਟ ਕੀਤਾ ਹੈ। ਸਕਾਟਲੈਂਡ ਦੇ ਸਿਹਤ ਸਕੱਤਰ ਹੁਮਜ਼ਾ ਯੂਸਫ਼ ਨੇ ਇਸ ਨੂੰ ਚਿੰਤਾਜਨਕ ਕਿਹਾ ਹੈ। ਇਸਦੇ ਇਲਾਵਾ ਸਿਹਤ ਸਕੱਤਰ ਅਨੁਸਾਰ ਇਸ ਵਾਇਰਸ ਨਾਲ ਪੀੜਤ ਸਾਰਿਆਂ ਨੂੰ ਮਾਹਰ ਸਹਾਇਤਾ ਮਿਲੇਗੀ ਅਤੇ ਪਬਲਿਕ ਹੈਲਥ ਸਕਾਟਲੈਂਡ ਸਾਰੇ ਮਾਮਲਿਆਂ ਵਿੱਚ ਸੰਪਰਕ ਟਰੇਸਿੰਗ ਨੂੰ ਵੀ ਵਧਾਏਗਾ। ਸਿਹਤ ਮਾਹਿਰਾਂ ਅਨੁਸਾਰ ਓਮੀਕਰੋਨ ਵੇਰੀਐਂਟ ਬਾਰੇ ਅਜੇ ਵੀ ਬਹੁਤ ਕੁੱਝ ਸਿੱਖਣਾ ਬਾਕੀ ਹੈ। ਇਸਦੀ ਗੰਭੀਰਤਾ, ਫੈਲਾਅ ਅਤੇ ਇਲਾਜ ਜਾਂ ਟੀਕਿਆਂ ਪ੍ਰਤੀ ਜਵਾਬ ਬਾਰੇ ਸਵਾਲ ਬਾਕੀ ਹਨ ਅਤੇ ਵਿਗਿਆਨੀ ਵਾਧੂ ਜਾਣਕਾਰੀ ਪ੍ਰਾਪਤ ਕਰਨ ਲਈ ਨਾਲ ਕੰਮ ਕਰ ਰਹੇ ਹਨ। ਸਕਾਟਲੈਂਡ ਸਰਕਾਰ ਦੁਆਰਾ ਇਸ ਵੇਰੀਐਂਟ ਦੇ ਨਾਲ ਨਜਿੱਠਣ ਲਈ ਨਵੇਂ ਨਿਯਮਾਂ ਦੇ ਨਾਲ ਨਾਲ ਲੋਕਾਂ ਨੂੰ ਵੀ ਸਾਵਧਾਨੀਆਂ ਵਰਤਣ ਦੀ ਤਾਕੀਦ ਕੀਤੀ ਜਾ ਰਹੀ ਹੈ।