ਦਿੱਲੀ :- ਦਿੱਲੀ ਸਰਕਾਰ ਦੇ ਸੇਵਾਮੁੱਕਤ ਮੁਲਾਜਮਾਂ ਨੂੰ ਮੈਡੀਕਲ ਸੁਵਿਧਾਵਾਂ ਪ੍ਰਾਪਤ ਕਰਨ ‘ਚ ਭਾਰੀ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਪ੍ਰਸ਼ਾਸਨ ਪੈਂਨਸ਼ਨਰ ਵੇਲਫੇਅਰ ਐਸੋਸਿਏਸ਼ਨ ਦੇ ਕਾਰਜਕਾਰੀ ਮੈਂਬਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਦੇ ਮੈਕਸ ‘ਤੇ ਬੀ.ਐਲ.ਕਪੂਰ ਵਰਗੇ ਕੁੱਝ ਮਾਨਤਾ ਪ੍ਰਾਪਤ ਹਸਪਤਾਲਾਂ ਨੇ ਦਿੱਲੀ ਸਰਕਾਰ ਦੇ ਪੈਂਨਸ਼ਨਰਾਂ ਨੂੰ ਨਗਦੀ ਰਹਿਤ ਮੈਡੀਕਲ ਸੁਵਿਧਾਵਾਂ ਦੇਣਾ ਬੰਦ ਕਰ ਦਿੱਤਾ ਹੈ, ਜਿਸਦਾ ਕਾਰਨ ਦਿੱਲੀ ਸਰਕਾਰ ਵਲੋਂ ਇਹਨਾਂ ਹਸਪਤਾਲਾਂ ਦੀ ਕਰੋੜ੍ਹਾਂ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣਾ ਦਸਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸੀ ਪ੍ਰਕਾਰ ਦਿੱਲੀ ਸਰਕਾਰ ਦੇ ਮੈਡੀਕਲ ਵਿਭਾਗ ਵਲੋਂ ਟੈਂਡਰ ਪ੍ਰਕਿਰਿਆ ‘ਚ ਦੇਰੀ ਹੋਣ ਕਾਰਨ ਦਿੱਲੀ ਦੇ ਜਿਆਦਾਤਰ ਇਲਾਕਿਆਂ ‘ਚ ਇਹਨਾਂ ਸੇਵਾਮੁਕਤ ਮੁਲਾਜਮਾਂ ਨੂੰ ਦਵਾਈਆਂ ਉਪਲਬਧ ਨਹੀ ਕਰਵਾਈਆਂ ਜਾ ਰਹੀਆਂ ਹਨ, ਜਿਸ ਕਰਕੇ ਉਹਨਾਂ ਨੂੰ ਬਾਜਾਰ ਤੋਂ ਨਗਦ ਦਵਾਈਆਂ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ੳੇੁਨ੍ਹਾਂ ਕਿਹਾ ਕਿ ਦਿੱਲੀ ਦੇ ਉਤਰੀ ‘ਤੇ ਉਤਰ-ਪਛਮੀ ਹਲਕੇ ਤੋਂ ਕਿਸੇ ਵੀ ਕੈਮਿਸਟ ਨੇ ਟੈਂਡਰ ਪ੍ਰਕਿਰਿਆ ‘ਚ ਹਿੱਸਾ ਨਹੀ ਲਿਆ ਹੈ ਕਿਉਂਕਿ ਸਰਕਾਰ ਵਲੋਂ ਉਹਨਾਂ ਦੇ ਕਰੋੜ੍ਹਾਂ ਰੁਪਏ ਦੇ ਪਿਛਲੇ ਬਕਾਇਆ ਬਿਲਾਂ ਦਾ ਲੰਬੇ ਸਮੇਂ ਤੋਂ ਭੁਗਤਾਨ ਨਹੀ ਕੀਤਾ ਜਾ ਰਿਹਾ ਹੈ।
ਸ. ਇੰਦਰ ਮੋਹਨ ਸਿੰਘ ਨੇ ਕਿਹਾ ਪੈਂਨਸ਼ਨਧਾਰੀਆਂ ਦੀ ਸੀਮਤ ਆਮਦਨ ਹੋਣ ਦੇ ਕਾਰਨ ਉਹ ਆਪਣਾ ਇਲਾਜ ਕਰਵਾਉਣ ‘ਤੇ ਦਵਾਈਆਂ ਖਰੀਦਣ ਲਈ ਭਾਰੀ ਨਗਦ ਰਾਸ਼ੀ ਦਾ ਭੁਗਤਾਨ ਕਰਨ ‘ਚ ਅਸਮਰਥ ਹਨ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸੇਹਤ ਮੰਤਰੀ ਸਤਿੰਦਰ ਜੈਨ ਨੂੰ ਅਪੀਲ ਕੀਤੀ ਹੈ ਕਿ ਉਹ ਪੈਂਨਸ਼ਨਧਾਰੀਆਂ ਦੀ ਦਿੱਕਤਾਂ ਦਾ ਨਿਬਟਾਰਾ ਕਰਨ ਲਈ ਤੁਰੰਤ ਕਦਮ ਚੁੱਕਣ ‘ਤੇ ਇਹ ਯਕੀਨੀ ਬਣਾਉਨ ਕਿ ਜਿੰਦਗੀ ਦੇ ਆਖਰੀ ਪੜ੍ਹਾਵ ‘ਚ ਚੱਲ ਰਹੇ ਬਜੁਰਗਾਂ ਨੂੰ ਮੈਡੀਕਲ ਵਰਗੀਆਂ ਜਰੂਰੀ ਮੂਲ ਸੁਵਿਧਾਵਾਂ ਲਈ ਖੱਜਲ ਨਾ ਹੋਣਾ ਪਵੇ।